Connect with us

Punjab

ਅਕਾਲ ਤਖਤ ਸਾਹਿਬ ਤੋਂ ਪੰਜ ਤਖ਼ਤਾਂ ਤੱਕ: ਪੰਥਕ ਅਥਾਰਟੀ, ਜਥੇਦਾਰ, ਮਿਸਲਾਂ ਤੇ ਫੈਸਲਿਆਂ ਦੀ ਪਰੰਪਰਾ 

Published

on

PUNJAB : ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਰਵਉਚ ਧਾਰਮਿਕ–ਪੰਥਕ ਅਥਾਰਟੀ ਹੈ, ਜਿਸਦੀ ਸਥਾਪਨਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1606 ਈਸਵੀ ਵਿੱਚ ਮੀਰੀ–ਪੀਰੀ ਦੇ ਸਿਧਾਂਤ ਅਧੀਨ ਕੀਤੀ। ਇਥੋਂ ਹੀ ਸਿੱਖ ਪੰਥ ਨੂੰ ਇਹ ਸੂਝ ਮਿਲੀ ਕਿ ਧਰਮ ਸਿਰਫ਼ ਇਬਾਦਤ ਤੱਕ ਸੀਮਿਤ ਨਹੀਂ, ਸਗੋਂ ਨਿਆਂ, ਜ਼ੁਲਮ ਦੇ ਵਿਰੋਧ ਅਤੇ ਕੌਮੀ ਫੈਸਲਿਆਂ ਨਾਲ ਜੁੜਿਆ ਹੋਇਆ ਹੈ। ਅਕਾਲ ਤਖਤ ਸਾਹਿਬ ਗੁਰੂ ਘਰ ਦੀ ਉਹ ਅਸਲ ਗੱਦੀ ਬਣੀ, ਜਿਥੋਂ ਪੰਥ ਨੇ ਆਪਣੇ ਸਮੇਂ ਦੇ ਹਾਕਮਾਂ ਨੂੰ ਵੀ ਜਵਾਬ ਦਿੱਤਾ ਅਤੇ ਆਪਣੇ ਅੰਦਰਲੇ ਵਿਵਾਦਾਂ ਨੂੰ ਵੀ ਸਾਂਝੀ ਸੂਝ ਨਾਲ ਹੱਲ ਕੀਤਾ।

ਅਕਾਲ ਤਖਤ ਸਾਹਿਬ ਦੇ ਕੇਂਦਰ ‘ਚ ਰਹਿੰਦਿਆਂ ਸਿੱਖ ਇਤਿਹਾਸ ਦੇ ਵਿਕਾਸ ਕਰਮ ਦੌਰਾਨ ਪੰਜ ਤਖ਼ਤਾਂ ਦਾ ਸੰਕਲਪ ਉਭਰ ਕੇ ਸਾਹਮਣੇ ਆਇਆ। ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ—ਇਹ ਪੰਜੇ ਹੀ ਥਾਂਵਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਖਾਲਸਾ ਪੰਥ ਦੀ ਸਾਜਨਾ ਨਾਲ ਡੂੰਘੀ ਤਰ੍ਹਾਂ ਜੁੜੀਆਂ ਹਨ। ਇਨ੍ਹਾਂ ਨੂੰ ਤਖ਼ਤਾਂ ਵਜੋਂ ਮਾਨਤਾ ਕਿਸੇ ਇੱਕ ਗੁਰੂ, ਵਿਅਕਤੀ ਜਾਂ ਸਰਕਾਰੀ ਹੁਕਮ ਨਾਲ ਨਹੀਂ, ਸਗੋਂ ਸਿੱਖ ਪੰਥ ਦੀ ਸਾਂਝੀ ਸਹਿਮਤੀ, ਯਾਨੀ ਸਰਬੱਤ ਖਾਲਸਾ ਦੀ ਪੰਥਕ ਮਰਯਾਦਾ ਰਾਹੀਂ ਮਿਲੀ। ਅਕਾਲ ਤਖਤ ਸਾਹਿਬ ਇਨ੍ਹਾਂ ਪੰਜਾਂ ਵਿੱਚ ਕੇਂਦਰੀ ਅਤੇ ਸਰਵਉਚ ਸਥਾਨ ਰੱਖਦਾ ਰਿਹਾ ਹੈ।

ਮਿਸਲਾਂ ਦੇ ਦੌਰ ਵਿੱਚ, ਜਦੋਂ ਸਿੱਖ ਰਾਜਨੀਤਕ ਤੌਰ ‘ਤੇ ਵੱਖ–ਵੱਖ ਮਿਸਲਾਂ ਵਿੱਚ ਵੰਡੇ ਹੋਏ ਸਨ, ਉਸ ਸਮੇਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਪੰਥਕ ਏਕਤਾ ਦਾ ਕੇਂਦਰ ਬਣਿਆ ਰਿਹਾ। ਵੱਡੇ ਫੈਸਲੇ, ਜੰਗ ਅਤੇ ਅਮਨ ਨਾਲ ਜੁੜੇ ਮਸਲੇ, ਆਪਸੀ ਟਕਰਾਓ ਅਤੇ ਪੰਥਕ ਅਨੁਸ਼ਾਸਨ— ਇਥੇ ਸਰਬੱਤ ਖਾਲਸਾ ਦੇ ਰੂਪ ਵਿੱਚ ਚਰਚਾ ਹੇਠ ਆਉਂਦੇ ਸਨ। ਗੁਰਮਤੇ ਜਾਰੀ ਹੁੰਦੇ ਸਨ, ਜੋ ਕਿਸੇ ਇੱਕ ਮਿਸਲ ਦੀ ਨਹੀਂ, ਸਗੋਂ ਪੂਰੇ ਖਾਲਸਾ ਪੰਥ ਦੀ ਆਵਾਜ਼ ਮੰਨੇ ਜਾਂਦੇ ਸਨ। ਇਹ ਫੈਸਲੇ ਅਕਾਲ ਤਖਤ ਸਾਹਿਬ ਦੀ ਉਸ ਅਥਾਰਟੀ ਨੂੰ ਦਰਸਾਉਂਦੇ ਹਨ ਜੋ ਤਲਵਾਰਾਂ ਦੇ ਦੌਰ ਵਿੱਚ ਵੀ ਨੈਤਿਕ ਅਤੇ ਪੰਥਕ ਸੀਮਾ ਬਣ ਕੇ ਖੜ੍ਹੀ ਰਹੀ।

ਪੰਜ ਸਿੰਘ ਸਾਹਿਬਾਨ ਦਾ ਸੰਕਲਪ ਵੀ ਇੱਥੋਂ ਹੀ ਆਪਣੀ ਅਸਲ ਤਾਕਤ ਲੈਂਦਾ ਹੈ। 1699 ਵਿੱਚ ਖਾਲਸਾ ਪੰਥ ਦੀ ਸਾਜਨਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਦੀ ਸਾਂਝੀ ਰਾਇ ਨੂੰ ਗੁਰੂ ਦੀ ਹਾਜ਼ਰੀ ਵਿੱਚ ਪੰਥ ਦੀ ਆਵਾਜ਼ ਬਣਾਇਆ। ਮਿਸਲਾਂ ਦੇ ਸਮੇਂ ਤੋਂ ਲੈ ਕੇ ਬਾਅਦ ਦੇ ਦੌਰਾਂ ਤੱਕ, ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਫੈਸਲੇ ਨਿਰਪੱਖਤਾ ਅਤੇ ਸਾਂਝੀ ਜ਼ਿੰਮੇਵਾਰੀ ਦਾ ਪ੍ਰਤੀਕ ਰਹੇ। ਸਿਧਾਂਤਕ ਤੌਰ ‘ਤੇ ਇਹ ਪੰਜੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਦੇ ਅਧੀਨ, ਕਿਸੇ ਸਿਆਸੀ ਤਾਕਤ ਤੋਂ ਉੱਪਰ ਰਹਿ ਕੇ ਫੈਸਲਾ ਕਰਨ ਵਾਲੇ ਮੰਨੇ ਜਾਂਦੇ ਸਨ।

ਤਖ਼ਤਾਂ ਦੇ ਜਥੇਦਾਰਾਂ ਦੀ ਪਰੰਪਰਾ ਵੀ ਇਤਿਹਾਸਕ ਤੌਰ ‘ਤੇ ਪੰਥਕ ਸਹਿਮਤੀ ਨਾਲ ਜੁੜੀ ਰਹੀ ਹੈ। ਪੁਰਾਤਨ ਸਮੇਂ ਵਿੱਚ ਜਥੇਦਾਰ ਕੋਈ ਸਰਕਾਰੀ ਨਿਯੁਕਤੀ ਨਹੀਂ, ਸਗੋਂ ਪੰਥ ਦੀ ਸੇਵਾ ਅਤੇ ਭਰੋਸੇ ਦਾ ਪ੍ਰਤੀਕ ਹੁੰਦਾ ਸੀ। ਉਸਦੀ ਅਥਾਰਟੀ ਨੈਤਿਕਤਾ, ਤਿਆਗ ਅਤੇ ਗੁਰਮਤਿ ਨਾਲ ਨਿਭਾਅ ਤੋਂ ਆਉਂਦੀ ਸੀ। ਆਧੁਨਿਕ ਦੌਰ ਵਿੱਚ ਜਦੋਂ ਜਥੇਦਾਰਾਂ ਦੀ ਚੋਣ ਜਾਂ ਨਿਯੁਕਤੀ ਸੰਸਥਾਗਤ ਢਾਂਚਿਆਂ ਰਾਹੀਂ ਹੋਣ ਲੱਗੀ, ਤਾਂ ਇਥੇ ਵੀ ਇਹ ਸਵਾਲ ਖੜ੍ਹੇ ਹੋਏ ਕਿ ਕੀ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਪੰਥਕ ਆਤਮਾ ਅਨੁਸਾਰ ਹੈ ਜਾਂ ਸਿਆਸੀ ਅਤੇ ਪ੍ਰਸ਼ਾਸਕੀ ਦਖ਼ਲ ਨਾਲ ਪ੍ਰਭਾਵਿਤ ਹੋ ਰਹੀ ਹੈ।

ਹੁਕਮਨਾਮਿਆਂ ਅਤੇ ਤਨਖਾਹਾਂ ਦੀ ਪਰੰਪਰਾ ਅਕਾਲ ਤਖਤ ਸਾਹਿਬ ਦੀ ਇਸੇ ਪੰਥਕ ਅਥਾਰਟੀ ਦਾ ਅੱਗੇ ਵਧਿਆ ਰੂਪ ਹੈ। ਹੁਕਮਨਾਮੇ ਕਦੇ ਗੁਰੂ ਦੀ ਸਿੱਧੀ ਆਵਾਜ਼ ਸਨ ਅਤੇ ਬਾਅਦ ਵਿੱਚ ਪੰਥ ਦੀ ਸਾਂਝੀ ਰਾਹਦਾਰੀ। ਤਨਖਾਹ ਸਜ਼ਾ ਨਹੀਂ, ਸਗੋਂ ਗਲਤੀ ਦੀ ਸਵੀਕਾਰਤਾ ਅਤੇ ਸੁਧਾਰ ਦਾ ਸਾਧਨ ਸੀ। ਇਤਿਹਾਸ ਵਿੱਚ ਵੱਡੇ ਤੋਂ ਵੱਡੇ ਸਿੱਖ ਨੇ ਵੀ ਅਕਾਲ ਤਖਤ ਸਾਹਿਬ ਅੱਗੇ ਸਿਰ ਨਿਵਾਇਆ ਪਰ ਜਦੋਂ ਇਹ ਪ੍ਰਕਿਰਿਆ ਦੋਹਰੇ ਮਾਪਦੰਡਾਂ, ਚੁਣਿੰਦੇ ਲੋਕਾਂ ਲਈ ਨਰਮੀ ਜਾਂ ਸਿਆਸੀ ਹਿਸਾਬ–ਕਿਤਾਬ ਦਾ ਰੂਪ ਧਾਰ ਲੈਂਦੀ ਹੈ, ਤਾਂ ਅਕਾਲ ਤਖਤ ਦੀ ਸਰਵੋਚਤਾ ‘ਤੇ ਸਵਾਲ ਉੱਠਣਾ ਲਾਜ਼ਮੀ ਹੈ।

ਅਕਾਲ ਤਖਤ ਸਾਹਿਬ, ਪੰਜ ਤਖ਼ਤਾਂ, ਪੰਜ ਸਿੰਘ ਸਾਹਿਬਾਨ, ਜਥੇਦਾਰ, ਹੁਕਮਨਾਮੇ ਅਤੇ ਤਨਖਾਹਾਂ—ਇਹ ਸਾਰੇ ਸਿੱਖ ਪੰਥ ਦੀ ਰੂਹ ਨਾਲ ਜੁੜੇ ਅਟੂਟ ਤੱਤ ਹਨ। ਇਨ੍ਹਾਂ ਦੀ ਅਸਲ ਤਾਕਤ ਗੁਰਮਤਿ ,ਨਿਰਪੱਖਤਾ ਅਤੇ ਪੰਥਕ ਏਕਤਾ ਵਿੱਚ ਹੈ। ਮਿਸਲਾਂ ਦੇ ਤਲਵਾਰਾਂ ਵਾਲੇ ਦੌਰ ਤੋਂ ਲੈ ਕੇ ਅੱਜ ਦੇ ਸਿਆਸੀ ਸਮੇਂ ਤੱਕ, ਅਕਾਲ ਤਖਤ ਸਾਹਿਬ ਦੀ ਕਸੌਟੀ ਇਹੀ ਰਹੀ ਹੈ ਕਿ ਉਹ ਗੁਰੂ ਖਾਲਸਾ ਪੰਥ ਦੀ ਨਿਡਰ, ਨਿਰਲੇਪ ਅਤੇ ਸਾਂਝੀ ਆਵਾਜ਼ ਬਣ ਕੇ ਕਾਇਮ ਰਹੇ—ਨਾ ਕਿ ਕਿਸੇ ਇਕ ਧੜੇ ਜਾਂ ਤਾਕਤ ਦਾ ਹਥਿਆਰ।

ਕੁਲਵੰਤ ਸਿੰਘ ਗੱਗੜਪੁਰੀ