Connect with us

National

ਕਿਵੇਂ ਸਵਿਗੀ ਡਿਲੀਵਰੀ ਬੁਆਏ ਅਤੇ ਰੈਪਿਡੋ ਰਾਈਡਰ ਵਜੋਂ ਕੰਮ ਕਰਨ ਵਾਲਾ ਮੁੰਡਾ ਬਣਿਆ ਡਿਪਟੀ ਕੁਲੈਕਟਰ ?

Published

on

ਕਹਿੰਦੇ ਨੇ ਕਿ ਇਨਸਾਨ ਵਿੱਚ ਜੇਕਰ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਕੋਈ ਵੀ ਮੁਸ਼ਕਿਲ ਉਸ ਦਾ ਰਾਹ ਨਹੀਂ ਰੋਕ ਸਕਦੀ, ਅਜਿਹਾ ਹੀ ਕੁਝ ਕਰ ਵਿਖਾਇਆ ਹੈ ਝਾਰਖੰਡ ਦੇ ਰਹਿਣ ਵਾਲੇ ਸੂਰਜ ਯਾਦਵ ਨੇ, ਜਿਸ ਨੇ ਆਪਣਾ ਸੁਪਨਾ ਪੂਰਾ ਕਰਨ ਲਈ ਧੁੱਪਾਂ ‘ਚ ਸਖਤ ਮਿਹਨਤ ਕੀਤੀ, ਸਵਿਗੀ ਡਿਲੀਵਰੀ ਬੁਆਏ ਅਤੇ ਰੈਪਿਡੋ ਰਾਈਡਰ ਵਜੋਂ ਕੰਮ ਕੀਤਾ ਪਰ ਫਿਰ ਵੀ ਮੁਸ਼ਕਿਲਾਂ ਨੇ ਰਾਹ ਨਹੀਂ ਛੱਡਿਆ, ਇੰਨਾ ਹੀ ਨਹੀਂ ਘਰ ਦੀ ਵਿੱਤੀ ਹਾਲਤ ਇੰਨੀ ਮਾੜੀ ਸੀ ਕਿ ਕਈ ਵਾਰ ਦੋ ਵੇਲੇ ਦੀ ਰੋਟੀ ਵੀ ਖਾਣਾ ਮੁਸ਼ਕਲ ਹੋ ਜਾਂਦਾ ਸੀ। ਸੂਰਜ ਯਾਦਵ ਦੇ ਪਿਤਾ ਵੀ ਦਿਹਾੜੀ ਕਰਦੇ ਸੀ, ਪਤਨੀ ਤੇ ਭੈਣ ਨੇ ਵੀ ਸੂਰਜ ਦਾ ਸਾਥ ਦਿੱਤਾ ਤੇ ਅੱਜ ਸਖ਼ਤ ਮਿਹਨਤ ਤੇ ਮਾੜਿਆਂ ਸਮਿਆਂ ਨੂੰ ਪਾਰ ਕਰ ਸੂਰਜ ਯਾਦਵ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ (ਜੇਪੀਐਸਸੀ) ਦੀ ਪ੍ਰੀਖਿਆ ਪਾਸ ਕਰਕੇ ਡਿਪਟੀ ਕੁਲੈਕਟਰ ਬਣ ਗਿਆ ਹੈ। ਗਿਰੀਡੀਹ ਦੇ ਇੱਕ ਛੋਟੇ ਜਿਹੇ ਪਿੰਡ ਕਪਿਲੋ ਦਾ ਰਹਿਣ ਵਾਲੇ ਸੂਰਜ ਯਾਦਵ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ।

ਭਾਵੇਂ ਸੁਪਨਿਆਂ ਦਾ ਰਸਤਾ ਸੌਖਾ ਨਹੀਂ ਸੀ ਪਰ ਸੂਰਜ ਨੇ ਸਖ਼ਤ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਪੜ੍ਹਾਈ ਦੇ ਖਰਚੇ ਚੁੱਕਣ ਲਈ, ਸੂਰਜ ਨੇ ਸਵਿਗੀ ਡਿਲੀਵਰੀ ਬੁਆਏ ਅਤੇ ਰੈਪਿਡੋ ਰਾਈਡਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਸ਼ੁਰੂ ਵਿੱਚ, ਉਸ ਕੋਲ ਆਪਣੀ ਬਾਈਕ ਵੀ ਨਹੀਂ ਸੀ। ਅਜਿਹੇ ਸਮੇਂ, ਉਸਦੇ 2 ਦੋਸਤਾਂ ਨੇ ਆਪਣੇ ਸਕਾਲਰਸ਼ਿਪ ਦੇ ਪੈਸੇ ਦੇ ਕੇ ਸੂਰਜ ਦੀ ਮਦਦ ਕੀਤੀ। ਸੂਰਜ ਨੇ ਇੱਕ ਸੈਕਿੰਡ ਹੈਂਡ ਸਾਈਕਲ ਖਰੀਦੀ ਅਤੇ ਆਪਣੀ ਪੜ੍ਹਾਈ ਦਾ ਖਰਚਾ ਚੁੱਕਣ ਲਈ ਦਿਨ ਵਿੱਚ 5 ਘੰਟੇ ਕੰਮ ਕੀਤਾ। ਸੂਰਜ ਦਾ ਦਿਨ ਕੰਮ ਵਿੱਚ ਅਤੇ ਰਾਤ ਪੜ੍ਹਾਈ ਵਿੱਚ ਬੀਤਦੀ ਸੀ। ਥੱਕੇ ਹੋਣ ਦੇ ਬਾਵਜੂਦ ਉਸਦਾ ਉਤਸ਼ਾਹ ਕਦੇ ਘੱਟ ਨਹੀਂ ਹੋਇਆ।

ਜਦੋਂ ਸੂਰਜ ਨੇ JPSC ਇੰਟਰਵਿਊ ਦੌਰਾਨ ਦੱਸਿਆ ਕਿ ਉਹ ਡਿਲੀਵਰੀ ਬੁਆਏ ਵਜੋਂ ਕੰਮ ਕਰਦਾ ਹੈ, ਤਾਂ ਬੋਰਡ ਮੈਂਬਰ ਪਹਿਲਾਂ ਹੈਰਾਨ ਰਹਿ ਗਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਇਹ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਸੀ। ਪਰ ਜਦੋਂ ਉਨ੍ਹਾਂ ਨੇ ਡਿਲੀਵਰੀ ਨਾਲ ਸਬੰਧਤ ਤਕਨੀਕੀ ਗੱਲਾਂ ਪੁੱਛੀਆਂ, ਤਾਂ ਸੂਰਜ ਨੇ ਇੰਨੇ ਸਹੀ ਜਵਾਬ ਦਿੱਤੇ ਕਿ ਸਾਰਿਆਂ ਦਾ ਸ਼ੱਕ ਵਿਸ਼ਵਾਸ ਵਿੱਚ ਬਦਲ ਗਿਆ।ਸੂਰਜ ਨੇ ਵਿੱਤੀ ਰੁਕਾਵਟਾਂ, ਸਾਧਨਾਂ ਦੀ ਘਾਟ ਅਤੇ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਪਿੱਛੇ ਛੱਡ ਕੇ ਜੋ ਅਹੁਦਾ ਪ੍ਰਾਪਤ ਕੀਤਾ ਹੈ, ਉਹ ਅੱਜ ਹਜ਼ਾਰਾਂ ਨੌਜਵਾਨਾਂ ਨੂੰ ਉਮੀਦ ਅਤੇ ਹਿੰਮਤ ਦੀ ਇੱਕ ਨਵੀਂ ਦਿਸ਼ਾ ਦਿਖਾ ਰਿਹਾ ਹੈ।