Connect with us

International

ਤੁਰਕੀ ਦੀ ਸੰਸਦ ‘ਚ ਹੱਥੋਪਾਈ ਹੋਏ ਸੰਸਦ ਮੈਂਬਰ, ਵੀਡੀਓ ਵੀ ਹੋਈ ਵਾਇਰਲ

Published

on

ਸੰਸਦ ‘ਚ ਬਹਿਸ ਦੌਰਾਨ ਸੰਸਦ ਮੈਂਬਰਾਂ ਵਿੱਚ ਇੰਨਾ ਮਾਹੌਲ ਭੱਖ ਗਿਆ ਕਿ ਗੱਲ ਹੱਥੋਪਾਈ ਤੱਕ ਪਹੁੰਚ ਗਈ, ਇੰਨਾ ਹੀ ਨਹੀਂ ਭਿੜਦਿਆਂ ਹੋਇਆ 2 ਸੰਸਦ ਮੈਂਬਰ ਲਹੂ ਲੁਹਾਨ ਵੀ ਹੋ ਗਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਇਹ ਵੀਡੀਓ ਤੁਰਕੀ ਦੀ ਹੈ, ਜਿੱਥੇ ਜੇਲ੍ਹ ‘ਚ ਬੰਦ ਸੰਸਦ ਮੈਂਬਰ ਨੂੰ ਲੈ ਕੇ ਤੁਰਕੀ ਦੀ ਸੰਸਦ ਵਿੱਚ ਬਹਿਸ ਹੋਈ ਸੀ। ਇਸ ਦੌਰਾਨ ਸੰਸਦ ਮੈਂਬਰਾਂ ਵਿਚ ਤਕਰਾਰ ਹੋ ਗਈ ਅਤੇ ਇਹ ਝਗੜਾ ਜਲਦੀ ਹੀ ਹੱਥੋਪਾਈ ਵਿਚ ਬਦਲ ਗਿਆ।

ਇਸ ਵੀਡੀਓ ਵਿੱਚ ਇੱਕ ਸੰਸਦ ਮੈਂਬਰ ਸਦਨ ਨੂੰ ਸੰਬੋਧਨ ਕਰਦੇ ਹੋਏ ਭਾਵੁਕ ਹੋਏ ਦੇਖਿਆ ਜਾ ਸਕਦਾ ਹੈ, ਜਦੋਂ ਕੁਝ ਸੰਸਦ ਮੈਂਬਰ ਉਸਦੇ ਨੇੜੇ ਆਉਂਦੇ ਹਨ। ਇੱਕ ਸੰਸਦ ਮੈਂਬਰ ਸਪੀਕਰ ਦੇ ਸਿਰ ‘ਤੇ ਮਾਰਦਾ ਹੈ ਅਤੇ ਫਿਰ ਕਈ ਵਿਧਾਇਕ ਸੀਟਾਂ ਵੱਲ ਭੱਜਦੇ ਹਨ ਅਤੇ ਦੋ ਗੁੱਟਾਂ ਵਿਚਕਾਰ ਲੱਤਾਂ ਅਤੇ ਮੁੱਕੇਬਾਜ਼ੀ ਸ਼ੁਰੂ ਹੋ ਜਾਂਦੀ ਹੈ।

ਰਿਪੋਰਟ ਮੁਤਾਬਕ ਜਿਸ ਸੰਸਦ ਮੈਂਬਰ ‘ਤੇ ਪਹਿਲਾਂ ਹਮਲਾ ਕੀਤਾ ਗਿਆ ਸੀ, ਉਸ ਦੀ ਪਛਾਣ ਅਹਿਮਤ ਸਿੱਕ ਵਜੋਂ ਹੋਈ ਹੈ, ਜਦੋਂ ਕਿ ਉਸ ‘ਤੇ ਹਮਲਾ ਕਰਨ ਵਾਲਾ ਸੰਸਦ ਮੈਂਬਰ ਰਾਸ਼ਟਰਪਤੀ ਏਰਦੋਗਨ ਦੀ ਪਾਰਟੀ ਨਾਲ ਸਬੰਧਤ ਹੈ।

ਸਿੱਕ ਆਪਣੀ ਪਾਰਟੀ ਦੇ ਸੰਸਦ ਮੈਂਬਰ ਬਾਰੇ ਗੱਲ ਕਰ ਰਹੇ ਸਨ, ਜੋ ਉਨ੍ਹਾਂ ਦੇ ਅਨੁਸਾਰ ਸਿਆਸੀ ਤੌਰ ‘ਤੇ ਪ੍ਰੇਰਿਤ ਕਾਰਨਾਂ ਕਰਕੇ ਜੇਲ੍ਹ ਗਿਆ ਹੈ। ਨਿਊਜ਼ ਏਜੰਸੀ ਨੇ ਦੱਸਿਆ ਕਿ ਸਿਕ ‘ਤੇ ਹਮਲਾ ਉਸ ਸਮੇਂ ਹੋਇਆ ਜਦੋਂ ਉਸਨੇ ਏਰਦੋਗਨ ਦੀ ਸੱਤਾਧਾਰੀ ਪਾਰਟੀ ਨੂੰ “ਦਹਿਸ਼ਤਗਰਦ ਸੰਗਠਨ” ਕਿਹਾ। ਇਸ ਝਗੜੇ ਵਿੱਚ ਏਰਦੋਗਨ ਦੀ ਪਾਰਟੀ ਦੇ ਸੰਸਦ ਮੈਂਬਰ ਅਤੇ ਸਾਬਕਾ ਫੁਟਬਾਲਰ ਅਲਪੇ ਓਜ਼ਾਲਾਨ ਅਤੇ ਤੁਰਕਸੀਹ ਵਰਕਰਜ਼ ਪਾਰਟੀ ਦੇ ਅਹਿਮਤ ਸਿਕ ਵਿਚਕਾਰ ਸਿੱਧੀ ਟੱਕਰ ਦੇਖਣ ਨੂੰ ਮਿਲੀ। ਦੋਵਾਂ ਵਿਚਾਲੇ ਹੋਈ ਝੜਪ ‘ਚ ਇਕ ਮਹਿਲਾ ਸੰਸਦ ਮੈਂਬਰ ਡਿੱਗ ਗਈ, ਜਿਸ ਕਾਰਨ ਉਹ ਜ਼ਖਮੀ ਹੋ ਗਈ।

ਇਸ ਘਟਨਾ ਤੋਂ ਬਾਅਦ ਤੁਰਕੀ ਦੀ ਮੁੱਖ ਵਿਰੋਧੀ ਪਾਰਟੀ ਦੇ ਨੇਤਾ ਓਜ਼ਗੁਰ ਓਜ਼ਲ ਨੇ ਇਸ ਨੂੰ ਸ਼ਰਮਨਾਕ ਘਟਨਾ ਕਰਾਰ ਦਿੱਤਾ ਅਤੇ ਕਿਹਾ ਕਿ ਅੱਜ ਅਜਿਹੀ ਜਗ੍ਹਾ ‘ਤੇ ਲੱਤਾਂ ਅਤੇ ਮੁੱਕਿਆਂ ਦੀ ਵਰਤੋਂ ਕੀਤੀ ਗਈ, ਜਿੱਥੇ ਸਿਰਫ ਸ਼ਬਦਾਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੇ ਅੱਜ ਔਰਤਾਂ ਨੂੰ ਵੀ ਨਹੀਂ ਬਖਸ਼ਿਆ, ਸੰਸਦ ਦੀ ਪਵਿੱਤਰ ਧਰਤੀ ‘ਤੇ ਖੂਨ ਵਹਿ ਰਿਹਾ ਹੈ, ਇਹ ਬਹੁਤ ਸ਼ਰਮਨਾਕ ਹੈ।