Connect with us

General

ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ 2 ਅਕਤੂਬਰ ਤੋਂ ਸ਼ੁਰੂ

Published

on

Punjab Logo

ਚੰਡੀਗੜ੍ਹ, ਅਕਤੂਬਰ : ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੂਬੇ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਕਾਨੂੰਨੀ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਗਰੂਕਤਾ ਫੈਲਾਉਣ ਲਈ 2 ਅਕਤੂਬਰ ਤੋਂ 14 ਨਵੰਬਰ, 2021 ਤੱਕ ਜਾਗਰੂਕਤਾ ਅਤੇ ਆਊਟਰੀਚ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰਾਜ ਦੇ ਹਰ ਖੇਤਰ ਵਿੱਚ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੀ ਮੌਜੂਦਗੀ ਦਰਸਾਈ ਜਾ ਸਕੇ ਅਤੇ ਲੋੜ ਪੈਣ ’ਤੇ ਇਨ੍ਹਾਂ ਸੰਸਥਾਵਾਂ ਤੋਂ ਲਾਭ ਵੀ ਲਿਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਅਰੁਣ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ 6 ਹਫ਼ਤਿਆਂ ਦੀ ਇਸ ਮੁਹਿੰਮ ਦੌਰਾਨ, ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਦੇ ਹਰੇਕ ਪਿੰਡ ਤੱਕ ਪਹੁੰਚ ਕਰੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਸੂਬੇ ਦੇ ਹਰ ਕੋਨੇ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੀ ਮੌਜੂਦਗੀ ਅਤੇ ਆਸਾਨ ਪਹੁੰਚ ਉਪਲਬਧ ਹੋਵੇ। ਉਨ੍ਹਾਂ ਕਿਹਾ ਕਿ ਲੀਗਲ ਏਡ ਵਲੰਟੀਅਰਾਂ ਵੱਲੋਂ ਰਾਸ਼ਟਰਪਿਤਾ ਸ੍ਰੀ ਮਹਾਤਮਾ ਗਾਂਧੀ ਦੇ ਜਨਮ ਦਿਵਸ ਮੌਕੇ ‘ਪ੍ਰਭਾਤ ਫੇਰੀ’ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿੱਖਿਆ ਰਾਹੀਂ ਲੋਕਾਂ, ਖ਼ਾਸਕਰ ਪੇਂਡੂ, ਕਬਾਇਲੀ ਅਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਸੰਸਥਾਵਾਂ ਦੇ ਕੰਮਕਾਜ, ਮੁਫ਼ਤ ਕਾਨੂੰਨੀ ਸੇਵਾਵਾਂ ਦੀ ਉਪਲਬਧਤਾ, ਲੋਕਾਂ ਦੇ ਕਾਨੂੰਨੀ ਅਧਿਕਾਰਾਂ ਅਤੇ ਸੰਵਿਧਾਨ ਅਧੀਨ ਗਾਰੰਟੀਸ਼ੁਦਾ ਹੱਕਾਂ ਅਤੇ ਹੋਰ ਭਲਾਈ ਕਾਨੂੰਨਾਂ ਬਾਰੇ ਲੋਕਾਂ ਜਾਗਰੂਕਤਾ ਪ੍ਰਦਾਨ ਕਰੇਗੀ।

ਉਨ੍ਹਾਂ ਦੱਸਿਆ ਕਿ ਭਾਰਤ ਦੇ ਮਾਣਯੋਗ ਚੀਫ਼ ਜਸਟਿਸ ਅਤੇ ਮੁੱਖ ਸਰਪ੍ਰਸਤ ਨਾਲਸਾ ਮਾਣਯੋਗ ਜਸਟਿਸ ਸ੍ਰੀ ਐਨ.ਵੀ. ਰਮੰਨਾ ਅਤੇ ਮਾਣਯੋਗ ਕਾਰਜਕਾਰੀ ਚੇਅਰਮੈਨ ਜਸਟਿਸ ਸ੍ਰੀ ਯੂ.ਯੂ. ਲਲਿਤ ਦੀ ਦੂਰਦਰਸ਼ੀ ਅਗਵਾਈ ਹੇਠ ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ (ਨਾਲਸਾ) ਵੱਲੋਂ 2 ਅਕਤੂਬਰ, 2021 ਤੋਂ 14 ਨਵੰਬਰ, 2021 ਤੱਕ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਪੂਰੇ ਭਾਰਤ ਵਿੱਚ ਜਾਗਰੂਕਤਾ ਮੁਹਿੰਮ ਚਲਾਉਣ ਦਾ ਸੰਕਲਪ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਰਾਸ਼ਟਰੀ ਸਮਾਗਮ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਸਾਲ ਭਾਰਤ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਨੂੰ “ਅਜ਼ਾਦੀ ਕਾ ਅੰਮ੍ਰਿਤ ਮਹਾਂ ਉਤਸਵ” ਵਜੋਂ ਮਨਾ ਰਿਹਾ ਹੈ ਜਦਕਿ ਨਾਲਸਾ ਆਪਣੀ ਸਥਾਪਨਾ ਦਾ 25ਵਾਂ ਸਾਲ ਮਨਾ ਰਿਹਾ ਹੈ।

ਮੈਂਬਰ ਸਕੱਤਰ ਨੇ ਦੱਸਿਆ ਕਿ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ੁਭਕਾਮਨਾਵਾਂ ਦੇਣਗੇ ਅਤੇ 45 ਦਿਨਾਂ ਦੀ ਇਸ ਮੁਹਿੰਮ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਕੌਮੀ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਨਾਲਸਾ ਦੇ ਯੂਟਿਊਬ ਚੈਨਲ ਅਤੇ ਡੀ.ਡੀ. ਨੈਸ਼ਨਲ, ਡੀ.ਡੀ. ਨਿਊਜ਼ ਸਣੇ ਹੋਰ ਚੈਨਲਾਂ ‘ਤੇ ਵੀ ਵਿਖਾਇਆ ਜਾਵੇਗਾ।