Punjab
ਪੰਜਾਬ ‘ਚ ਛਾ ਜਾਵੇਗਾ ਹਨ੍ਹੇਰਾ, ਹੋਵੇਗਾ ਬਲੈਕਆਉਟ
24 ਅਪ੍ਰੈਲ ਨੂੰ ਯਾਨੀ ਅੱਜ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਉਟ ਹੋਣ ਜਾ ਰਿਹਾ ਹੈ। ਸੂਬੇ ਭਰ ਵਿੱਚ 15 ਮਿੰਟ ਲਈ ਹਨ੍ਹੇਰਾ ਛਾ ਜਾਵੇਗਾ । ਇਹ ਹਨ੍ਹੇਰਾ ਸਾਇਰਨ ਵੱਜਣ ਤੋਂ ਬਾਅਦ ਹੋਵੇਗਾ।
ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਲਰਟ ਮੁਤਾਬਕ, ਰਾਤ 8 ਵਜੇ ਤੋਂ ਲੈ ਕੇ 8 ਵੱਜ ਕੇ 15 ਮਿੰਟ ਤੱਕ ਸੂਬੇ ਦੇ ਹਰ ਇਲਾਕੇ ਵਿੱਚ ਬਿਜਲੀ ਬੰਦ ਰਹੇਗੀ।
ਇਹ ਬਲੈਕਆਉਟ ਇੱਕ ਖਾਸ ਤਿਆਰੀ ਜਾਂ ਮੌਕ ਡ੍ਰਿੱਲ ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸਦਾ ਮਕਸਦ ਐਮਰਜੈਂਸੀ ਹਾਲਾਤਾਂ ਵਿੱਚ ਤਿਆਰੀ ਦੀ ਜਾਂਚ ਕਰਨਾ ਹੈ।ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈਅਤੇ ਸਾਰੇ ਲੋਕ ਸਹਿਯੋਗ ਕਰਨ।
ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ, ‘ਇਸ ਮੌਕ ਡ੍ਰਿਲ ਦੀ ਸ਼ੁਰੂਆਤ ‘ਏਅਰ ਰੇਡ ਵਾਰਨਿੰਗ’ (ਹਵਾਈ ਹਮਲੇ ਦੀ ਚਿਤਾਵਨੀ) ਦੇ ਸਾਇਰਨ ਨਾਲ ਹੋਵੇਗੀ। ਇਹ ਸਾਇਰਨ 02 ਮਿੰਟਾਂ ਲਈ ਉੱਚੀ-ਨੀਵੀਂ ਅਵਾਜ਼ (High-Low pitch) ‘ਤੇ ਵਜਾਇਆ ਜਾਵੇਗਾ। ਸਾਇਰਨ ਵੱਜਦੇ ਹੀ ਸਬੰਧਤ ਡਿਪਟੀ ਕਮਿਸ਼ਨਰਾਂ ਵੱਲੋਂ ਚੁਣੇ ਗਏ ਖੇਤਰਾਂ ਵਿੱਚ ਮੁਕੰਮਲ ‘ਬਲੈਕਆਊਟ’ ਲਾਗੂ ਕੀਤਾ ਜਾਵੇਗਾ।’
