Connect with us

International

ਖ਼ਾਲਿਸਤਾਨ ਦੇ ਲੱਗੇ ਨਾਅਰੇ, ਹੋਈ ਭੰਨ-ਤੋੜ, ਪੁਲਿਸ ਨੇ ਸਾਂਭਿਆ ਮੋਰਚਾ

Published

on

khalistan

ਲੰਦਨ ’ਚ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ‘ਸਿੱਖਸ ਫ਼ਾਰ ਜਸਟਿਸ’ ਨਾਂ ਦੇ ਜਥੇਬੰਦੀ ਦੇ ਕਾਰਕੁਨਾਂ ਸਮੇਤ 800 ਸਿੱਖਾਂ ਦੇ ਸਮੂਹ ਵੱਲੋਂ ‘ਕਾਲਾ ਦਿਵਸ’ ਮਨਾਇਆ ਜਾ ਰਿਹਾ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਖ਼ਾਲਿਸਤਾਨ ਦੇ ਨਾਅਰੇ ਵੀ ਲਾਏ। ਦੱਸ ਦੇਈਏ ਭਾਰਤ ’ਚ ‘ਸਿੱਖਸ ਫ਼ਾਰ ਜਸਟਿਸ’ ਤੇ ਉਸ ਦੇ ਆਗੂ ਗੁਰਪਤਵੰਤ ਸਿੰਘ ਪਨੂੰ ਉੱਤੇ ਮੁਕੰਮਲ ਪਾਬੰਦੀ ਹੈ। ‘ਸਿੱਖਸ ਫ਼ਾਰ ਜਸਟਿਸ’ ਉਹੀ ਜਥੇਬੰਦੀ ਹੈ, ਜਿਸ ਨੇ ‘ਰਾਇਸ਼ੁਮਾਰੀ 2020’ ਕਰਵਾਉਣ ਦਾ ਦਾਅਵਾ ਹੋਇਆ ਹੈ ਤੇ ਜਿਸ ਦੀ ਸ਼ੁਰੂਆਤ 31 ਅਕਤੂਬਰ ਤੋਂ ਕਰਨ ਦਾ ਐਲਾਨ ਵੀ ਕੀਤਾ ਹੋਇਆ ਹੈ। ਕੱਲ੍ਹ ਲੰਦਨ ਸਥਿਤ ਹਾਈ ਕਮਿਸ਼ਨ ਸਾਹਮਣੇ ਇਸ ਰੋਸ ਪ੍ਰਦਰਸ਼ਨ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਵੀ ਮੌਜੂਦ ਸੀ। ਸਾਲ 2019 ’ਚ ਅਜਿਹੇ ਇੱਕ ਰੋਸ ਮੁਜ਼ਾਹਰੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਹਾਈ ਕਮਿਸ਼ਨ ਦੀ ਇਮਾਰਤ ਦੀ ਭੰਨ-ਤੋੜ ਵੀ ਕੀਤੀ ਸੀ। ਇਸੇ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਮੂਲ ਦੇ ਕੁਝ ਸਾਇਕਲਿਸਟਸ ਦਾ ਛੋਟਾ ਜਿਹਾ ਸਮੂਹ ਉੱਥੇ ਪੁੱਜਾ, ਜੋ ਭਾਰਤ ਦੀ ਆਜ਼ਾਦੀ ਪ੍ਰਾਪਤੀ ਦੇ 75ਵੇਂ ਵਰ੍ਹੇ ਦੇ ਜਸ਼ਨ ਮਨਾ ਰਿਹਾ ਸੀ। ਉਨ੍ਹਾਂ ਬੌਂਬੇ ਜਿਮਖਾਨਾ ਤੋਂ ਇੰਡੀਆ ਹਾਊਸ ਤੱਕ 15 ਕਿਲੋਮੀਟਰ ਲੰਮੀ ਸਾਇਕਲ ਦੌੜ ਰੱਖੀ ਹੋਈ ਸੀ। ਸਾਇਕਲ ਚਾਲਕਾਂ ਦੀ ਟੋਲੀ ਜਦੋਂ ਹਾਈ ਕਮਿਸ਼ਨ ਦਫ਼ਤਰ ਦੇ ਬਾਹਰ ਪੁੱਜੀ, ਤਾਂ ਪੁਲਿਸ ਨੂੰ ‘ਖ਼ਾਲਿਸਤਾਨੀ ਸਮਰਥਕਾਂ’ ਨੂੰ ਇਨ੍ਹਾਂ ਸਾਇਕਲਿਸਟਸ ਵੱਲ ਅੱਗੇ ਵਧਣ ਤੋਂ ਰੋਕਣ ਲਈ ਕੁਝ ਮੁਸ਼ੱਕਤ ਕਰਨੀ ਪਈ। ਸਾਇਕਲ ਚਾਲਕਾਂ ਨੇ ਤਦ ਉੱਥੇ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਸਾਇਕਲ ਚਾਲਕਾਂ ਨੇ ਦੋਸ਼ ਲਾਇਆ ਕਿ ਸਿੱਖ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਨੂੰ ਬੁਰਾ ਭਲਾ ਆਖਿਆ ਪਰ ਉੱਥੇ ਮੌਜੂਦ ਪੁਲਿਸ ਕਾਰਨ ਕਿਸੇ ਵੱਡੇ ਟਕਰਾਅ ਤੋਂ ਬਚਾਅ ਹੀ ਰਹਿ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਖ਼ਾਲਿਸਤਾਨ ਦੇ ਚਰਚਿਤ ਆਗੂ ਤੇ ‘ਸਿੱਖਸ ਫ਼ਾਰ ਜਸਟਿਸ’ ਦੇ ਮੈਂਬਰ ਪਰਮਜੀਤ ਸਿੰਘ ਪੰਮਾ ਨੇ ਵੀ ਉੱਥੇ ਇਕੱਠ ਨੂੰ ਸੰਬੋਧਨ ਕੀਤਾ। ਬਰਮਿੰਘਮ ’ਚ ਰਹਿ ਰਹੇ ਪੰਮਾ ਦੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਤੇ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਵੀ ਸਬੰਧ ਰਹੇ ਹਨ। ਸਿੱਖਾਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਲੇਬਰ ਪਾਰਟੀ ਦੇ ਸਾਬਕਾ ਆਗੂ ਜੈਰੇਮੀ ਕੌਰਬਿਨ ਦੇ ਭਰਾ ਪੀਅਰਸ ਕੌਰਬਿਨ ਨੇ ਵੀ ਸੰਬੋਧਨ ਕੀਤਾ। ਜੈਰੇਮੀ ਕੌਰਬਿਨ ਇੰਗਲੈਂਡ ਵਿੱਚ ਲੌਕਡਾਊਨ ਵਿਰੋਧੀ ਅਤੇ ਕੋਵਿਡ-19 ਵੈਕਸੀਨ ਵਿਰੋਧੀ ਮੁਹਿੰਮਾਂ ਦੀ ਅਗਵਾਈ ਵੀ ਕਰਦੇ ਰਹੇ ਹਨ।