Connect with us

Punjab

ਸਿਸਟਮ ਦੀ ਨਾਕਾਮੀ ਤੇ ਪੁਲਿਸ ਦਾ ਅੱਤਿਆਚਾਰ ਤੋਰਦਾ ਏ ਨੌਜਵਾਨਾਂ ਨੂੰ ਹਿੰਸਕ ਰਾਹਾਂ ‘ਤੇ!

Published

on

ਬੀਤੇ ਦਿਨੀਂ ਪਟਿਆਲਾ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਪੁਲਿਸ ਅਧਿਕਾਰੀ ਸੂਬਾ ਨੂੰ ਸਿੱਖ ਨੌਜਵਾਨਾਂ ਸਨੀ ਨੇ ਇੰਨਾਂ ਕੁੱਟਿਆ ਕਿ ਕੁੱਝ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ। ਅਸੀਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਹੱਕ ਵਿੱਚ ਨਹੀਂ ਹਾਂ ਪਰ ਸਨੀ ਵਰਗੇ ਨੌਜਵਾਨ ਹਿੰਸਾ ਦਾ ਰਾਹ ਅਖ਼ਤਿਆਰ ਕਿਉੰ ਕਰਦੇ ਹਨ? ਇਹ ਗੱਲ ਗਹਿਰਾ ਮੰਥਨ ਮੰਗਦੀ ਹੈ। ਇਕੱਲਾ ਸਨੀ ਹੀ ਨਹੀਂ ਜਿਸਨੂੰ ਹਿੰਸਾ ਦਾ ਰਾਹ ਚੁਣਨਾ ਪਿਆ ਸਗੋਂ ਸਰਕਾਰੀ ਸਿਸਟਮ ਦੀ ਨਾਕਾਮੀ ਅਤੇ ਪੁਲਸੀਆ ਅੱਤਿਆਚਾਰ ਨੇ ਬੀਤੇ ਸਮੇਂ ਦੌਰਾਨ ਅਨੇਕਾਂ ਸਿੱਖ ਨੌਜਵਾਨਾਂ ਨੂੰ ਅਜਿਹੇ ਹੀ ਰਾਹ ‘ਤੇ ਤੋਰਿਆ ਜਿਨ੍ਹਾਂ ਨੂੰ ਸਿੱਖ ਖਾੜਕੂ ਕਹਿੰਦੇ ਰਹੇ ਤੇ ਸਰਕਾਰ ਅੱਤਵਾਦੀ। ਇਹ ਅੱਤਵਾਦੀ ਪੈਦਾ ਕਿਉੰ ਹੁੰਦੇ ਨੇ। ਇੱਕ ਚੰਗੇ ਭਲੇ ਘਰ ਦਾ ਨੌਜਵਾਨ ਹੱਥਾਂ ਵਿੱਚ ਹਥਿਆਰ ਫੜ੍ਹ ਕੇ ਉਸ ਰਾਹ ਉੱਪਰ ਕਿਉੰ ਤੁਰ ਪੈਂਦਾ ਹੈ ਜਿਸ ਦੀ ਮੰਜਿਲ ਮੌਤ ਹੁੰਦੀ ਸੀ ਜਾਂ ਜੇਲ੍ਹ ਦੀ ਚਾਰ ਦੀਵਾਰੀ। ਜਦੋਂ ਇੱਕ ਫਿਰਕੇ ਉੱਤੇ ਜਾਂ ਸਮਾਜ ਦੇ ਇੱਕ ਹਿੱਸੇ ਉੱਪਰ ਜ਼ੁਲਮ ਵਧ ਜਾਂਦੇ ਹਨ ਤਾਂ ਉਸ ਕੌਮ ਦੇ ਨੌਜਵਾਨ ਜ਼ਿੰਦਗੀ ਨਾਲੋਂ ਮੌਤ ਨੂੰ ਵੱਧ ਤਰਜੀਹ ਦੇਣ ਲੱਗਦੇ ਹਨ ਅਤੇ ਹਿੰਸਾ ਦਾ ਰਾਹ ਅਖ਼ਤਿਆਰ ਕਰ ਲੈਂਦੇ ਹਨ। ਪਹਿਲਾਂ ਗੱਲ ਕਰਦੇ ਹਾਂ ਸਨੀ ਹੀ ਤੇ ਉਸ ਤੋਂ ਬਾਅਦ ਗੱਲ ਕਰਾਂਗੇ ਕਿ ਹੱਸਦੇ ਵੱਸਦੇ ਪੰਜਾਬ ਨੂੰ ਅੱਤਵਾਦ ਦੀ ਅੱਗ ਵਿੱਚ ਕਿਸ ਨੇ ਝੋਂਕਿਆ?

ਸਨੀ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ ਉਸਨੇ ਸ਼ਿਵ ਸੈਨਾ ਦੇ ਲੀਡਰ ਸੂਰੀ ਨੂੰ ਮਾਰਿਆ ਸੀ। ਸੂਰੀ ਸ਼ਰ੍ਹੇਆਮ ਸਿੱਖ ਕੌਮ ਦੇ ਖ਼ਿਲਾਫ਼ ਇੰਨਾਂ ਗੰਦਾ ਬੋਲਦਾ ਸੀ ਕਿ ਜੋ ਸਹਿਣ ਨਹੀਂ ਸੀ ਕੀਤਾ ਜਾ ਸਕਦਾ। ਉਸ ਉੱਪਰ ਸਰਕਾਰੀ ਸਿਸਟਮ ਨੇ ਕਦੇ ਕਾਰਵਾਈ ਨਹੀਂ ਕੀਤੀ ਸੀ ਉਲਟਾ ਉਸਨੂੰ ਭਾਰੀ ਸੁਰੱਖਿਆ ਦੇ ਕੇ VIP ਬਣਾ ਦਿੱਤਾ ਸੀ। ਸਨੀ ਨੇ ਗੁੱਸੇ ਨਾਲ ਐਸਾ ਕਦਮ ਚੁੱਕਿਆ ਜਿਸਨੂੰ ਕਾਨੂੰਨੀ ਤੌਰ ‘ਤੇ ਸਹੀ ਨਹੀਂ ਕਿਹਾ ਜਾ ਸਕਦਾ ਪਰ ਜਦੋਂ ਕਾਨੂੰਨ ਇੱਕ ਤਰਫਾ ਹੋ ਜਾਵੇ ਤਾਂ ਇਸ ਤਰ੍ਹਾਂ ਦੇ ਨੌਜਵਾਨ ਕਾਨੂੰਨ ਨੂੰ ਹੱਥ ਵਿੱਚ ਲੈਣ ਲਈ ਮਜ਼ਬੂਰ ਹੋ ਜਾਂਦੇ ਹਨ। ਸੂਬਾ ਸਿੰਘ ਨੂੰ ਬੀਤੇ ਦਿਨੀਂ ਜੇਲ੍ਹ ਸਨੀ ਨੇ ਇਸ ਲਈ ਮਾਰਿਆ ਕਿ ਆਪਣੀ ਪੁਲਿਸ ਦੀ ਨੌਕਰੀ ਸਮੇਂ ਉਸ ਨੇ ਸੈਂਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰ ਮੁਕਾਇਆ ਸੀ। ਝੂੱਠੇ ਪੁਲਿਸ ਮੁਕਾਬਲਿਆਂ ਦੇ ਦੋਸ਼ਾਂ ਤਹਿਤ ਹੀ ਸੂਬਾ ਸਿੰਘ ਨੂੰ ਉਮਰ ਕੈਦ ਹੋਈ ਸੀ। ਲੇਕਿਨ ਦੇਰੀ ਨਾਲ ਮਿਲਿਆ ਇਨਸਾਫ਼ ਸਨੀ ਵਰਗੇ ਨੌਜਵਾਨਾਂ ਦੇ ਗੁੱਸੇ ਨੂੰ ਸ਼ਾਂਤ ਨਹੀਂ ਕਰ ਸਕਿਆ। ਹੁਣ ਗੱਲ ਕਰਦੇ ਹਾਂ ਕਿ ਹੱਸਦੇ ਹੋਏ ਪੰਜਾਬ ਨੂੰ ਅੱਤਵਾਦ ਦੀ ਅੱਗ ਵਿੱਚ ਕਿਸ ਨੇ ਝੋਂਕਿਆ? ਕਾਂਗਰਸ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੌੜੇ ਸਿਆਸੀ ਹਿੱਤਾਂ ਨੇ ਨੌਜਵਾਨਾਂ ਦੇ ਹੱਥਾਂ ਵਿੱਚ ਹਥਿਆਰ ਫੜਾਏ।

ਇਹ ਕਿਸੇ ਹੋਰ ਲੇਖ ਵਿੱਚ ਜ਼ਿਕਰ ਕਰਾਂਗੇ ਕਿ ਕਾਂਗਰਸ ਨੇ ਕੀ ਰੋਲ ਅਦਾ ਕੀਤਾ ਅਤੇ ਅਕਾਲੀ ਦਲ ਨੇ ਕੀ ਰੋਲ ਨਿਭਾਇਆ? ਇਨ੍ਹਾਂ ਦੋਵਾਂ ਪਾਰਟੀਆਂ ਸਿਆਸੀ ਭੁੱਖ ਨੇ ਪੰਜਾਬ ਦੀ ਸ਼ਾਂਤੀ ਭੰਗ ਕਰਕੇ ਰੱਖ ਦਿੱਤੀ। ਇਸ ਸਿਆਸੀ ਖਿੱਚੋਤਾਣ ਵਿੱਚ ਅਕਾਲੀਆਂ ਨੇ ਪੰਥ ਨੂੰ ਖ਼ਤਰਾ ਦੱਸ ਕੇ ਨੌਜਵਾਨਾਂ ਅੱਤਵਾਦ ਦੇ ਰਾਹ ‘ਤੇ ਤੋਰਿਆ ਅਤੇ ਜਦੋਂ ਨੌਜਵਾਨ ਅਕਾਲੀ ਦਲ ਦੇ ਕੰਟਰੋਲ ਵਿੱਚੋ ਬਾਹਰ ਹੋ ਗਏ ਇੱਥੇ ਇਹ ਵੀ ਵਰਨਣਯੋਗ ਹੈ ਕਿ ਹਥਿਆਰਬੰਦ ਨੌਜਵਾਨ ਕੇਵਲ ਅਕਾਲੀ ਦਲ ਦੇ ਕੰਟਰੋਲ ਵਿੱਚ ਹੀ ਨਹੀਂ ਸਨ ਸਗੋਂ ਇੰਦਰਾ ਦੇ ਕੰਟਰੋਲ ਵੀ ਸਨ । ਜਦੋਂ ਨੌਜਵਾਨ ਸਿਆਸੀ ਗਲਬੇ ਵਿੱਚੋ ਬਾਹਰ ਨਿਕਲ ਕੇ ਸੱਚ ਮੁੱਚ ਪੰਜਾਬ ਦੀਆਂ ਹੱਕੀ ਮੰਗਾਂ ਲਈ ਲੜਾਈ ਲੜਨ ਲੱਗੇ ਤਾਂ ਅਕਾਲੀਆਂ ਅਤੇ ਜਨਸੰਘੀਆਂ ਨੇ ਇੰਦਰਾ ਗਾਂਧੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਹਮਲਾ ਕਰਨ ਲਈ ਉਕਸਾਇਆ। ਨਤੀਜਾ ਇਹ ਹੋਇਆ ਕਿ ਜੂਨ 1984 ਵਿੱਚ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਕਈ ਹੋਰ ਗੁਰਦੁਆਰਾ ਸਾਹਿਬਾਨ ਉੱਪਰ ਹਮਲੇ ਕਰਕੇ ਅਨੇਕਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਿੱਖਾਂ ਵਿੱਚ ਇਸ ਲਈ ਇੰਦਰਾ ਗਾਂਧੀ ਪ੍ਰਤੀ ਨਫ਼ਰਤ ਅਤੇ ਗ਼ੁੱਸਾ ਇੰਨਾ ਜ਼ਿਆਦਾ ਹੋ ਗਈ ਕਿ ਇੰਦਰਾ ਦੇ ਸਿੱਖ ਅੰਗ ਰੱਖਿਅਕਾਂ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ। ਇਸ ਪਿੱਛੋਂ ਇੰਦਰਾ ਦੇ ਪੁੱਤਰ ਰਾਜੀਵ ਗਾਂਧੀ ਦੀ ਸ਼ਹਿ ‘ਤੇ ਭੀੜ ਉਮੜੀ ਅਤੇ ਦਿੱਲੀ, ਕਾਨਪੁਰ ਅਤੇ ਕਈ ਹੋਰ ਸ਼ਹਿਰਾਂ ਵਿੱਚ ਹਜ਼ਾਰਾਂ ਬੇਕਸੂਰ ਸਿੱਖਾਂ ਗਲਾਂ ਵਿੱਚ ਟਾਇਰ ਪਾ ਕੇ ਅੱਗਾਂ ਲਗਾ ਕੇ ਮਾਰ ਦਿੱਤਾ ਗਿਆ। ਇਨ੍ਹਾਂ ਘਟਨਾਵਾਂ ਨੇ ਸਿੱਖ ਨੌਜਵਾਨਾਂ ਨੂੰ ਕਤਲੋਗਾਰਤ ਦੇ ਰਾਹ ‘ਤੇ ਤੋਰ ਦਿੱਤਾ।

1984 ਚੌਰਾਸੀ ਤੋਂ 1995 ਤੱਕ ਪੰਜਾਬ ਅੱਤਵਾਦ ਦੀ ਅੱਗ ਵਿੱਚ ਸੜਦਾ ਰਿਹਾ। ਇਹ ਅੱਤਵਾਦੀ ਸਿੱਖ ਨੌਜਵਾਨਾਂ ਨਾਲੋਂ ਵੱਧ ਪੁਲਿਸ ਵਾਲੇ ਸਨ।1992 ਵਿੱਚ ਪੰਜਾਬ ਵਿੱਚ ਚੋਣਾਂ ਹੋਈਆਂ। ਖਾੜਕੂ ਜਥੇਬੰਦੀਆਂ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇਸਦਾ ਲਾਭ ਕਾਂਗਰਸ ਨੂੰ ਹੋਇਆ। ਕਾਂਗਰਸ ਨੇ ਬੇਅੰਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ ਅਤੇ ਕੇ ਪੀ ਐਸ ਗਿੱਲ ਨੂੰ ਪੁਲਿਸ ਮੁਖੀ। ਇਸ ਜੋੜੀ ਨੇ ਪੁਲਿਸ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਗਈ ਕਿ ਖਾੜਕੂਆਂ ਨੂੰ ਮਾਰੋ ਤੇ ਬਦਲੇ ਵਿੱਚ ਤਰੱਕੀਆਂ ਅਤੇ ਇਨਾਮ ਪਾਓ। ਪੁਲਿਸ ਕਈ ਅਧਿਕਾਰੀਆਂ ਨੇ ਤਰੱਕੀਆਂ ਪਾਉਣ ਅਤੇ ਇਨਾਮ ਲੈਣ ਲਈ ਅਨੇਕਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂੱਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰ ਦਿੱਤਾ। ਇਸ ਸਮੇਂ ਦੌਰਾਨ ਹੀ ਮਨੁੱਖੀ ਅਧਿਕਾਰ ਕਾਰਕੁੰਨ ਭਾਈ ਜਸਵੰਤ ਸਿੰਘ ਖਾਲੜਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਵੀ ਮਾਰ ਮੁਕਾਇਆ ਗਿਆ ਜਿਨ੍ਹਾਂ ਦਾ ਪਤਾ ਵੀ ਲੱਗਾ ਕਿ ਉਹ ਕਿੱਥੇ ਗਏ। ਇਸ ਤਰ੍ਹਾਂ ਕਈ ਘਰਾਂ ਦੇ ਚਿਰਾਗ਼ ਐਸੇ ਜ਼ਾਲਮ ਪੁਲਿਸ ਅਧਿਕਾਰੀਆਂ ਨੇ ਬੁਝਾ ਦਿੱਤੇ। ਆਖਿਰ ਵਿੱਚ ਅਸੀਂ ਇਹ ਹੀ ਕਹਾਂਗੇ ਕਿ ਹੱਸਦੇ ਹੋਏ ਪੰਜਾਬ ਨੂੰ ਹਿੰਸਾ ਦੀ ਅਗ ਝੋਂਕਣ ਵਿੱਚ ਜ਼ਿਆਦਾ ਰੋਲ ਇੰਦਰਾ ਗਾਂਧੀ ਨੇ ਨਿਭਾਇਆ ਪਰ ਇਸ ਵਿੱਚ ਅਕਾਲੀ ਦਲ ਅਤੇ ਜਨ ਸੰਘੀਆਂ ਦੀ ਭੂਮਿਕਾ ਰਹੀ ਹੈ। ਆਖਿਰ ਅਸੀ ਇਹ ਹੀ ਕਹਾਂਗੇ ਕਿ ਸਰਕਾਰੀ ਸਿਸਟਮ ਨੂੰ ਪੱਖਪਾਤ ਅਤੇ ਨਸਲੀ ਵਿਤਕਰੇ ਤੋਂ ਉੱਪਰ ਉੱਠ ਕੇ ਕੰਮ ਕਰਨ ਦੀ ਲੋੜ ਹੈ ਤਾਂ ਜੋ ਕੋਈ ਵੀ ਸੂਬਾ ਅੱਤਵਾਦ ਦੀ ਭੇਂਟ ਨਾ ਚੜ੍ਹ ਜਾਵੇ ਕਿ ਨੌਜਵਾਨਾਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪਵੇ।

-ਕੁਲਵੰਤ ਸਿੰਘ ਗੱਗੜਪੁਰੀ