Connect with us

Punjab

ਮਰਦੇ ਅਕਾਲੀ ਦਲ ਨੂੰ ਬਚਾਉਣ ਲਈ ਸੁਖਬੀਰ ਨੇ ਬਾਹੂਬਲੀ ਪੱਤਾ ਖੇਡਿਆ; ਬਾਜ਼ੀ ਪੁੱਠੀ ਵੀ ਪੈ ਸਕਦੀ ਏ … !

Published

on

ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀ ਸਿਆਸਤ ਦਾ ਚਤੁਰ ਖਿਡਾਰੀ ਮੰਨਿਆ ਜਾਂਦਾ ਹੈ ਅਤੇ ਇਹ ਗੱਲ ਤਰਨਤਾਰਨ ਦੀ ਜ਼ਿਮਨੀ ਚੋਣ ਨੇ ਇੱਕ ਵਾਰੀ ਫਿਰ ਸਾਬਤ ਕਰ ਦਿੱਤੀ ਹੈ ਕਿ ਉਹ ਮਰਦੇ ਅਕਾਲੀ ਦਲ ਨੂੰ ਬਚਾਉਣ ਲਈ ਕੋਈ ਵੀ ਚਾਲ ਖੇਡ ਸਕਦੇ ਹਨ। ਪਿਛਲੇ ਕੁਝ ਸਾਲਾਂ ਤੋਂ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਡਿੱਗਦਾ ਜਾ ਰਿਹਾ ਸੀ ਤੇ ਵਰਕਰਾਂ ਵਿੱਚ ਨਿਰਾਸ਼ਾ ਵਧਦੀ ਜਾ ਰਹੀ ਸੀ। ਦੂਜੇ ਪਾਸੇ, ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਬਾਗੀ ਧੜਾ ਵਧਦੀਆਂ ਗਤਿਵਿਧੀਆਂ ਨਾਲ ਬਾਦਲ ਦਲ ਲਈ ਨਵਾਂ ਸੰਕਟ ਬਣਦਾ ਜਾ ਰਿਹਾ ਸੀ। ਇਸ ਹਾਲਾਤ ਵਿੱਚ ਸੁਖਬੀਰ ਬਾਦਲ ਨੇ ਇੱਕ ਅਜਿਹੀ ਚਾਲ ਚੱਲੀ ਜਿਸਨੂੰ ਸਿਆਸੀ ਮਾਹਿਰ “ਯੂਪੀ–ਬਿਹਾਰ ਮਾਡਲ ਦਾ ਇਮਪੋਰਟ” ਕਹਿ ਰਹੇ ਹਨ—ਜਿੱਥੇ ਬਾਹੂਬਲੀ, ਦਬਦਬੇ ਵਾਲੇ ਪਰਿਵਾਰ ਅਤੇ ਗੈਂਗਸਟਰ ਨੈੱਟਵਰਕ ਚੋਣਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਤਰਨਤਾਰਨ ਦੀ ਜ਼ਿਮਨੀ ਚੋਣ ਇਸ ਤਜ਼ਰਬੇ ਦੀ ਟੈਸਟ ਲੈਬ ਬਣੀ ਜਿੱਥੇ ਬਾਦਲ ਦਲ ਨੇ ਪ੍ਰਿੰਸੀਪਲ ਸੁਖਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ।ਪਰ ਇਲਾਕੇ ਦੀ ਹਕੀਕਤ ਇਹ ਸੀ ਕਿ ਚੋਣਾਂ ਦੀ ਅਸਲ ਕਮਾਨ ਬਾਠ ਪਰਿਵਾਰ ਦੇ ਹੱਥ ਵਿੱਚ ਸੀ—ਖ਼ਾਸ ਕਰਕੇ ਗੈਂਗਸਟਰ ਮੰਨੇ ਜਾਂਦੇ ਅੰਮ੍ਰਿਤਪਾਲ ਸਿੰਘ ਬਾਠ ਦੇ ਨੈੱਟਵਰਕ ਦੇ ਹੱਥ ਵਿੱਚ। ਪ੍ਰਿੰਸੀਪਲ ਸੁਖਵਿੰਦਰ ਕੌਰ ਅੰਮ੍ਰਿਤਪਾਲ ਸਿੰਘ ਬਾਠ ਦੀ ਸੱਸ ਹੈ। ਅੰਮ੍ਰਿਤਪਾਲ ਸਿੰਘ ਇਸ ਵੇਲੇ ਵਿਦੇਸ਼ ਬੈਠਾ ਪੰਜਾਬ ਦੇ ਗੈਂਗਸਟਰ ਨੈੱਟਵਰਕ ਨੂੰ ਚਲਾ ਰਿਹਾ ਹੈ।ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਅਤੇ ਉਸਦਾ ਪਤੀ ਅੰਮ੍ਰਿਤਪਾਲ ਬਾਠ ਮਹੀਨਿਆਂ ਤੋਂ ਜਾਂਚ ਅਤੇ ਕੇਸਾਂ ਦੇ ਚੱਕਰ ਵਿੱਚ ਸਨ, ਪਰ ਚੋਣ ਨੇ ਸਾਰਾ ਮੋਮੈਂਟਮ ਬਦਲ ਦਿੱਤਾ। ਲੋਕਾਂ ਦੇ ਅਨੁਸਾਰ ਚੋਣ ਵਾਲੇ ਹਫਤੇ ਵਿੱਚ ਬਾਠ ਪਰਿਵਾਰ ਦੀ ਗਤੀਵਿਧੀਆਂ ਸਭ ਤੋਂ ਵੱਧ ਨਜ਼ਰ ਆਈਆਂ—ਪਿੰਡਾਂ ਦੇ ਸਰਪੰਚਾਂ ਨੂੰ ਪੈਸਾ ਵੰਡੇ ਜਾਣ ਦੇ ਦੋਸ਼, ਵੋਟਰਾਂ ਉੱਤੇ ਦਬਾਅ, ਅਤੇ ਕਈ ਥਾਵਾਂ ‘ਤੇ ਗੈਂਗਸਟਰਾਂ ਦੀ ਹਾਜ਼ਰੀ ਨੇ ਪੂਰੇ ਮਾਹੌਲ ਨੂੰ ਉੱਤਰੀ ਭਾਰਤ ਦੀ ਹਾਰਡਕੋਰ ਸਿਆਸਤ ਵਰਗਾ ਬਣਾ ਦਿੱਤਾ।ਵੋਟਾਂ ਤੋਂ ਪਹਿਲਾਂ ਸੁੱਖਵਿੰਦਰ ਕੌਰ ਦੀ ਕੰਚਨ ਪ੍ਰੀਤ ਉੱਪਰ ਪੁਲਿਸ ਵੱਲੋਂ ਪਰਚਾ ਦਰਜ਼ ਕੀਤਾ ਗਿਆ ਪਰ ਉਹ ਗ੍ਰਿਫਤਾਰੀ ਦੇ ਡਰ ਤੋਂ ਵਿਦੇਸ਼ ਚਲੀ ਗਈ ਹੈ। ਚਰਚਾ ਇਹ ਵੀ ਹੈ ਕਿ ਕੰਚਨਪ੍ਰੀਤ ਕੌਰ ਆਪਣੀ ਮਾਂ ਨੂੰ ਵੋਟ ਪਾਉਣ ਤੋਂ ਬਾਅਦ ਵਿਦੇਸ਼ ਗਈ ਹੈ। ਇਹ ਘਟਨਾ ਸਵਾਲ ਖੜੇ ਕਰਦੀ ਹੈ ਕਿ ਕੀ ਉਸਦੀ ਹਾਜ਼ਰੀ ਚੋਣ ਮੈਨੇਜਮੈਂਟ ਦਾ ਹਿੱਸਾ ਸੀ ਜਾਂ ਕਿਸੇ ਵੱਡੀ ਯੋਜਨਾ ਦਾ? ਪੰਜਾਬ ਪੁਲਿਸ ਨੇ ਇਸਦੇ ਤੁਰੰਤ ਬਾਅਦ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਮਨਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ। ਇਸਦਾ ਕਾਰਨ ਗੈਂਗਸਟਰਾਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੱਸਿਆ ਗਿਆ, ਪਰ ਇਲਾਕੇ ਵਿੱਚ ਇਹ ਵੀ ਚਰਚਾ ਹੈ ਕਿ ਕੰਚਨਪ੍ਰੀਤ ਦੇ ਫਰਾਰ ਹੋਣ ਨੂੰ ਨਾਂ ਰੋਕਣ ਕਾਰਨ ਇਹ ਕਾਰਵਾਈ ਕੀਤੀ ਗਈ। ਇਹ ਸਾਰੀਆਂ ਗੱਲਾਂ ਸੁਖਬੀਰ ਬਾਦਲ ਦੀ ਚਾਲ ਨੂੰ ਹੋਰ ਵੀ ਸਿਆਸੀ ਵਿਵਾਦਾਂ ਵਿੱਚ ਘੇਰ ਰਹੀਆਂ ਹਨ।

ਇਹ ਵੀ ਦੋਸ਼ ਲਗਾਏ ਜਾ ਰਹੇ ਹਨ ਕਿ ਚੋਣ ਤੋਂ ਪਹਿਲਾਂ ਬਾਠ ਪਰਿਵਾਰ ਦੇ ਲੋਕ ਪਿੰਡਾਂ ਵਿੱਚ ਜਾ ਕੇ ਕਹਿੰਦੇ ਸਨ ਕਿ ਵੋਟ ਸੁਖਵਿੰਦਰ ਕੌਰ ਨੂੰ ਹੀ ਪਵੈ। ਆਮ ਆਦਮੀ ਪਾਰਟੀ ਨੇ ਦੋਸ਼ ਲਗਾਇਆ ਕਿ ਗੈਂਗਸਟਰ ਮੋਟਰਸਾਈਕਲਾਂ ‘ਤੇ ਫਿਰਦੇ ਰਹੇ ਅਤੇ ਲੋਕਾਂ ਨੂੰ ਧਮਕਾ ਕੇ ਵੋਟ ਪਵਾਉਣ ਦੀ ਕੋਸ਼ਿਸ਼ ਕੀਤੀ ਗਈ। ਆਪ ਦਾ ਇਹ ਦੋਸ਼ ਜੇ ਜਾਂਚ ਵਿੱਚ ਸਾਬਤ ਹੋ ਜਾਂਦਾ ਹੈ ਤਾਂ ਸਿਰਫ਼ ਬਾਠ ਪਰਿਵਾਰ ਹੀ ਨਹੀਂ, ਸਗੋਂ ਅਕਾਲੀ ਦਲ ਅਤੇ ਖ਼ੁਦ ਸੁਖਬੀਰ ਬਾਦਲ ਲਈ ਮੁਸੀਬਤਾਂ ਖੜੀਆਂ ਹੋ ਜਾਣਗੀਆਂ।

ਚੋਣ ਦੇ ਨਤੀਜੇ ਆਪਣੀ ਥਾਂ—ਭਾਵੇਂ ਅਕਾਲੀ ਦਲ ਹਾਰ ਗਿਆ, ਪਰ ਦੂਜੇ ਨੰਬਰ ‘ਤੇ ਆਉਣਾ ਉਹਨਾਂ ਲਈ ਜਿੱਤ ਦੇ ਬਰਾਬਰ ਸੀ। ਇੱਕ ਦਲ ਜੋ ਪਿਛਲੇ ਕੁਝ ਸਮੇਂ ਤੋਂ ਆਈਸੀਯੂ ‘ਚ ਪਿਆ ਨਜ਼ਰ ਆ ਰਿਹਾ ਸੀ, ਉਹ ਅਚਾਨਕ ਖੜ੍ਹਾ ਹੋ ਕੇ ਦੌੜਦਾ ਨਜ਼ਰ ਆਇਆ। ਵਰਕਰਾਂ ਦਾ ਮਨੋਬਲ ਵੱਧ ਗਿਆ, ਬਾਦਲ ਦਲ ਦੇ ਹੱਕ ਵਿੱਚ ਹਵਾ ਬਣਦੀ ਦਿਖੀ ਅਤੇ ਸੁਖਬੀਰ ਬਾਦਲ ਨੇ ਇਸ ਨਤੀਜੇ ਨੂੰ ਆਪਣੀ ਵਾਪਸੀ ਮੰਨਿਆ। ਪਰ ਸਿਆਸੀ ਮਾਹਿਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਬਾਦਲ ਦਲ ਦੀ ਕਾਰਗੁਜ਼ਾਰੀ ਨਹੀਂ ਸੀ, ਇਹ ਬਾਹੂਬਲੀ ਨੈੱਟਵਰਕ ਦੀ ਕਾਰਗੁਜ਼ਾਰੀ ਸੀ।

ਹੁਣ ਸਭ ਤੋਂ ਮੁੱਖ ਗੱਲ ਇਹ ਹੈ ਕਿ ਸੁਖਬੀਰ ਬਾਦਲ ਨੇ ਬਾਹੂਬਲੀ ਪੱਤਾ ਤਾਂ ਖੇਡ ਦਿੱਤਾ, ਪਰ ਕੀ ਇਹ ਜ਼ਿਆਦਾ ਚਿਰ ਉਹਨਾਂ ਦੇ ਹੱਕ ਵਿੱਚ ਰਹੇਗਾ? ਪੰਜਾਬ ਦੀ ਸਿਆਸਤ ਯੂਪੀ ਜਾਂ ਬਿਹਾਰ ਨਹੀਂ ਹੈ ਜਿੱਥੇ ਦਬਦਬਾ ਅਤੇ ਬਾਹੂਬਲੀ ਸੰਸਕ੍ਰਿਤੀ ਸਿਆਸੀ ਮੰਜ਼ਰ ਦਾ ਹਿੱਸਾ ਮੰਨੀ ਜਾਂਦੀ ਹੈ। ਇੱਥੇ ਪੰਥਕ ਜਜ਼ਬਾਤ, ਇਮੇਜ ਅਤੇ ਅਦਬੀ ਪਹਿਚਾਣ ਦੀ ਵੱਡੀ ਕੀਮਤ ਹੈ। ਅਕਾਲੀ ਆਗੂਆਂ ਵੱਲੋਂ ਅਕਾਲੀ ਦਲ ਨੂੰ “ਸਾਫ਼-ਸੁਥਰੀ ਪੰਥਕ ਸਿਆਸਤ” ਦਾ ਹਾਮੀ ਕਿਹਾ ਜਾਂਦਾ ਰਿਹਾ ਹੈ। ਜੇ ਇਹ ਤਸਵੀਰ ਖਰਾਬ ਹੁੰਦੀ ਹੈ ਤਾਂ ਇਸਦਾ ਸਿੱਧਾ ਨੁਕਸਾਨ ਸੁਖਬੀਰ ਬਾਦਲ ਨੂੰ ਹੀ ਹੋਵੇਗਾ।

ਪੰਜਾਬ ਸਰਕਾਰ ਨੇ ਪਹਿਲਾਂ ਹੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੇ ਪਿੰਡਾਂ ਦੇ ਵੋਟਰਾਂ ਵਿੱਚੋਂ ਚਾਰ-ਪੰਜ ਨੇ ਵੀ ਗਵਾਹੀ ਦੇ ਦਿੱਤੀ ਕਿ ਉਹਨਾਂ ਨੂੰ ਧਮਕਾਇਆ ਗਿਆ ਸੀ, ਜਾਂ ਪੈਸਾ ਦਿੱਤਾ ਗਿਆ ਸੀ, ਤਾਂ ਇਹ ਮਾਮਲਾ ਕੇਵਲ ਪੁਲਿਸ-ਪੱਧਰ ਦਾ ਨਹੀਂ ਰਹੇਗਾ। ਇਹ ਰਾਜਨੀਤਕ ਤੂਫ਼ਾਨ ਬਣ ਸਕਦਾ ਹੈ ਜਿਸ ਵਿੱਚ ਸੁਖਬੀਰ ਬਾਦਲ ਤੇ ਬਾਦਲ ਦਲ ਦੇ ਕਈ ਆਗੂ ਘੇਰੇ ਜਾ ਸਕਦੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਨੂੰ ਕਿੱਥੋਂ ਤੱਕ ਲੈ ਕੇ ਜਾਂਦੀ ਹੈ, ਇਹ ਅਗਲੇ ਕੁੱਝ ਦਿਨਾਂ ਵਿੱਚ ਪਤਾ ਲੱਗ ਜਾਵੇਗਾ।

ਇਸ ਵੇਲੇ ਤਰਨਤਾਰਨ ਦੀ ਚੋਣ ਸੁਖਬੀਰ ਬਾਦਲ ਲਈ ਸਿਆਸੀ ਆਕਸੀਜਨ ਸਾਬਤ ਹੋਈ ਹੈ ਪਰ ਇਹ ਆਕਸੀਜਨ ਕਿੰਨੀ ਦੇਰ ਚੱਲਦੀ ਹੈ ਇਹ ਅਗਲੇ ਕੁੱਝ ਦਿਨ ਤੈਅ ਕਰਨਗੇ। ਬਾਹੂਬਲੀ ਮਾਡਲ ਕਈ ਵਾਰ ਚੋਣ ਜਿਤਾ ਤਾਂ ਦੇਂਦਾ ਹੈ, ਪਰ ਦਲ ਦੀ ਲੰਮੀ ਉਮਰ ਦੀ ਸਿਆਸਤ ਖ਼ਤਰੇ ਵਿੱਚ ਪਾ ਦਿੰਦਾ ਹੈ। ਸੁਖਬੀਰ ਨੇ ਇੱਕ ਵੱਡਾ ਰਿਸਕ ਲਿਆ ਹੈ। ਇਹ ਰਿਸਕ ਕਿੰਨਾ ਖਤਰਨਾਕ ਹੁੰਦਾ ਜਾਂ ਫਾਇਦੇਮੰਦ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ।

ਕੁਲਵੰਤ ਸਿੰਘ ਗੱਗੜਪੁਰੀ