International
ਵਰਲਡ ਰਿਕਾਰਡ ਬਣਾਉਣ ਵਾਲੇ ਸ਼ਹਿਰ ਨੇ ਫੁੱਲਾਂ ਦੀ ਚਿੱਤਰਕਾਰੀ ਬਣਾ ਕੇ ਫਿਰ ਦੁਹਰਾਇਆ ਇਤਿਹਾਸ
ਇਟਲੀ ਦੀ ਰਾਜਧਾਨੀ ਰੋਮ ਦੇ ਨੇੜੇ ਅਤੇ ਜ਼ਿਲ੍ਹਾ ਲਾਤੀਨਾ ਦੇ ਸ਼ਹਿਰ ਅਪ੍ਰੀਲੀਆ ਵਿਖੇ ਬੀਤੇ ਦਿਨੀਂ ਫੁੱਲਾਂ ਦੀ ਖ਼ੂਬਸੂਰਤੀ ਨਾਲ ਲੱਦੇ ਇਕ ਵਿਸ਼ੇਸ਼ ਸਮਾਰੋਹ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਕਿਸਮ ਦੇ ਫੁੱਲਾਂ ਨਾਲ ਸ਼ਹਿਰ ਦੇ ਮਿਉਂਸੀਪਲ ਕਾਰਪੋਰੇਸ਼ਨ ਦੇ ਦਫ਼ਤਰ ਦੇ ਨੇੜੇ ਸੜਕ ਉਪਰ ਵੱਖ-ਵੱਖ ਪ੍ਰਕਾਰ ਦੇ ਫੁੱਲਾਂ ਨਾਲ ਚਿੱਤਰ ਤਿਆਰ ਕੀਤੇ ਗਏ ਸਨ। ਇਸ ‘ਚ ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਵੱਖ-ਵੱਖ ਫੁੱਲਾਂ ਦੇ ਵਪਾਰਕ ਅਦਾਰਿਆਂ ਵਲੋਂ ਇਸ ਮੌਕੇ ‘ਤੇ ਫੁੱਲਾਂ ਨਾਲ ਸਜਾਵਟ ਕਰਕੇ ਵਿਸ਼ੇਸ ਤੌਰ ‘ਤੇ ਆਪਣਾ ਯੋਗਦਾਨ ਪਾਇਆ ਗਿਆ। ਇਸ ਸਮਾਰੋਹ ਵਿਚ ਭਾਰਤੀ ਭਾਈਚਾਰੇ ਨੂੰ ਵੀ ਆਪਣੀ ਪੇਸ਼ਕਾਰੀ ਕਰਨ ਦਾ ਮੌਕਾ ਦਿੱਤਾ ਗਿਆ, ਜਿਸ ਵਿਚ ਭਾਰਤੀ ਭਾਈਚਾਰੇ ਨੇ ਜਿੱਥੇ ਮਾਂ ਬੋਲੀ ਪੰਜਾਬੀ ਦੀ ਗੱਲ ਕੀਤੀ, ਉੱਥੇ ਹੀ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੀ ਡੱਟਵੀਂ ਹਮਾਇਤ ਫੁੱਲਾਂ ਦੀ ਜੁਬਾਨੀ ਕੀਤੀ, ਜਿਸ ਨੂੰ ਇਟਾਲੀਅਨ ਤੇ ਹੋਰ ਭਾਈਚਾਰੇ ਦੇ ਲੋਕਾਂ ਵੱਲੋਂ ਬਹੁਤ ਹੀ ਸਲਾਹਿਆ ਗਿਆ।
ਸਮਾਰੋਹ ਵਿਚ ਪੰਜਾਬੀਆਂ ਵੱਲੋਂ ਫੁੱਲਾਂ ਨਾਲ ਮਾਂ ਬੋਲੀ ਪੰਜਾਬੀ ਦੇ ਸਤਿਕਾਰ ਦੀ ਗੱਲ ਕਰਨ ਦੇ ਨਾਲ ‘ਨੋ ਫਾਰਮਰ ਨੋ ਫੂਡ ਨੋ ਫਿਊਚਰ’ ਲਿਖਿਆ ਗਿਆ, ਜੋ ਇਟਾਲੀਅਨ ਲੋਕਾਂ ਲਈ ਖਿੱਚ ਦਾ ਕੇਂਦਰ ਬਿੰਦੂ ਬਣਿਆ ਹੋਇਆ ਸੀ। 5 ਸਾਲ ਪਹਿਲਾਂ ਇਸੇ ਤਰ੍ਹਾਂ ਹੀ ਇਸ ਸ਼ਹਿਰ ਵਿਚ ਫੁੱਲਾਂ ਦੇ ਸੰਬੰਧ ਵਿਚ ਮੇਲਾ ਕਰਵਾਇਆ ਗਿਆ ਸੀ, ਜਿਸ ਵਿਚ ਲਗਭਗ 5 ਕਿਲੋਮੀਟਰ ਤੱਕ ਫੁੱਲਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਚਿੱਤਰ ਤਿਆਰ ਕਰਕੇ ਵਰਲਡ ਰਿਕਾਰਡਜ ਬਣਾਇਆ ਗਿਆ ਸੀ । ਉਸ ਸਮੇਂ ਇਸ ਸ਼ਹਿਰ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ ਵਿਚ ਦਰਜ ਹੋ ਗਿਆ ਸੀ। ਪਹਿਲਾਂ ਵੀ ਭਾਰਤੀ ਭਾਈਚਾਰੇ ਵੱਲੋਂ ਇਸ ਮੇਲੇ ਵਿਚ ਹਿੱਸਾ ਲਿਆ ਗਿਆ ਸੀ। ਉਸ ਸਮੇਂ ਭਾਰਤੀ ਭਾਈਚਾਰੇ ਵੱਲੋਂ ਫੁੱਲਾਂ ਦੀ ਸਜਾਵਟ ਨਾਲ ਖੰਡਾ ਸਾਹਿਬ ਤਿਆਰ ਕੀਤਾ ਗਿਆ ਸੀ ਜੋ ਕਿ ਉਸ ਸਮੇਂ ਵੀ ਇਸ ਮੇਲੇ ਵਿਚ ਖਿੱਚ ਦਾ ਕੇਂਦਰ ਬਣ ਕੇ ਲੋਕਾਂ ਦੀ ਪਸੰਦ ਬਣਿਆ ਸੀ ਤੇ ਇਸ ਵਾਰ ਕਿਸਾਨ ਅੰਦੋਲਨ ਦੀ ਹਮਾਇਤ ਫੁੱਲਾਂ ਦੀ ਜੁਬਾਨੀ ਨੂੰ ਸਭ ਵੱਲੋਂ ਭਰਪੂਰ ਪਿਆਰ ਦਿੱਤਾ ਗਿਆ।