Punjab
ਸ਼੍ਰੋਮਣੀ ਕਮੇਟੀ ਘਟਨਾ ਦੀ ਜਾਂਚ ਲਈ ਰਾਜਸਥਾਨ ਦੇ ਮੁੱਖ ਮੰਤਰੀ ਕੋਲ ਵਫ਼ਦ ਭੇਜੇ : ਪ੍ਰੋ. ਬਡੂੰਗਰ
ਪਟਿਆਲਾ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਰਾਜਸਥਾਨ ਦੇ ਅਲਵਰ ਜ਼ਿਲੇ ਦੇ ਰਾਮਗੜ੍ਹ ਥਾਣਾ ਖੇਤਰ ‘ਚ ਗੁਰਦੁਆਰੇ ਦੇ ਗ੍ਰੰਥੀ ‘ਤੇ ਹੋਏ ਜਾਨਲੇਵਾਹਮਲੇ ਤੇ ਹਮਲਾਵਰਾਂ ਵਲੋਂ ਗ੍ਰੰਥੀ ਦੀ ਕੁੱਟਮਾਰ ਕਰਨ ਦੇ ਨਾਲ ਨਾਲ ਉਸ ਦੇ ਕੇਸ ਕੱਟਣ ਦੀ ਨਿਖੇਧੀ ਕੀਤੀ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤੁਰੰਤ ਉੱਥੇ ਆਪਣਾ ਵਫ਼ਦ ਭੇਜ ਕੇ ਰਾਜਸਥਾਨ ਦੇ ਮੁੱਖ ਮੰਤਰੀ ਕੋਲ ਭੇਜਿਆ ਜਾਵੇ ਤੇ ਵਫ਼ਦ ਵੱਲੋਂ ਇਸ ਘਟਨਾ ਤੇ ਗਹਿਰੇ ਰੋਸ ਪ੍ਰਗਟ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਸਿੱਖਾਂ ਤੇ ਹੋ ਰਹੇ ਹਮਲਿਆਂ ਦੀਆਂ ਵਾਰਦਾਤਾਂ ਸਾਹਮਣੇ ਆਉਣਾ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਗ੍ਰੰਥੀ ਸਿੰਘ ਮੁਤਾਬਕ ਹਮਲਾਵਰ ਹਮਲੇ ਦੌਰਾਨ ਉਸ ਦੀ ਗਰਦਨ ਵੱਢਣ ਦੀ ਗੱਲ ਕਰ ਰਹੇ ਸਨ ਤੇ ਜੇਕਰ ਗ੍ਰੰਥੀ ਸਿੰਘ ਰੌਲਾ ਨਾ ਪਾਉਂਦਾ ਤਾਂ ਹਮਲਾਵਰ ਉਸ ਦਾ ਹੋਰ ਜਾਨੀ ਨੁਕਸਾਨ ਕਰ ਸਕਦੇ ਸਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿੱਚ ਵਸ ਰਹੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਉੱਥੋਂ ਦੀਆਂ ਸਰਕਾਰਾਂ ਵੱਲੋਂ ਸਖ਼ਤੀ ਨਾਲ ਕੀਤੀ ਜਾਵੇ ਤਾਂ ਜੋ ਸਿੱਖਾਂ ਤੇ ਅਜਿਹੇ ਹਮਲੇ ਨਾ ਹੋ ਸਕਣ। ਉਨ੍ਹਾਂ ਕਿਹਾ ਕਿ ਜਿੱਥੋਂ ਕਿਤੋਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਉੱਥੇ ਪੁਲੀਸ ਪ੍ਰਸ਼ਾਸਨ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਤੇ ਸਖਤ ਕਾਰਵਾਈ ਕੀਤੀ ਜਾਵੇ।
