Connect with us

News

ਟਰੰਪ ਦੀਆਂ ਧਮਕੀਆਂ ਤੇ ਯੁਗਾਂਡਾ ਦੇ ਸੈਨਾ ਮੁਖੀ ਦੀ ਸਨਕ: ਦੋਵੇਂ ਲੋਕਾਂ ਵਿੱਚ ਹਾਸੇ ਦੇ ਪਾਤਰ ! 

Published

on

ਦੁਨੀਆ ਦੀ ਰਾਜਨੀਤੀ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਵੱਡੇ ਅਹੁਦਿਆਂ ‘ਤੇ ਬੈਠੇ ਲੋਕਾਂ ਦੇ ਬਿਆਨ ਗੰਭੀਰਤਾ ਦੀ ਥਾਂ ਹਾਸੇ ਜਾਂ ਹੈਰਾਨੀ ਦਾ ਕਾਰਨ ਬਣ ਜਾਂਦੇ ਹਨ। ਇਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ Donald Trump ਹਨ, ਜੋ ਅਕਸਰ ਤਿੱਖੀਆਂ ਧਮਕੀਆਂ ਅਤੇ ਵੱਡੇ ਦਾਅਵਿਆਂ ਨਾਲ ਚਰਚਾ ਵਿੱਚ ਰਹਿੰਦੇ ਹਨ, ਤੇ ਦੂਜੇ ਪਾਸੇ ਯੁਗਾਂਡਾ ਦੇ ਸੈਨਾ ਮੁਖੀ Muhoozi Kainerugaba ਹਨ, ਜਿਨ੍ਹਾਂ ਦੇ ਬਿਆਨ ਕਈ ਵਾਰ ਸਨਕ ਦੀ ਹੱਦ ਤੱਕ ਪਹੁੰਚਦੇ ਦਿੱਖਦੇ ਹਨ।
ਟਰੰਪ ਵੱਲੋਂ ਇਰਾਨ ਨੂੰ ਲੈ ਕੇ ਦਿੱਤੀਆਂ ਧਮਕੀਆਂ ਇਸਦੀ ਇੱਕ ਵੱਡੀ ਉਦਾਹਰਣ ਹਨ। ਉਹ ਕਈ ਵਾਰ ਕਹਿ ਚੁੱਕੇ ਹਨ ਕਿ ਕੁਝ ਘੰਟਿਆਂ ਜਾਂ ਦਿਨਾਂ ਵਿੱਚ ਇਰਾਨ ਨੂੰ ਝੁਕਾ ਦਿੱਤਾ ਜਾਵੇਗਾ, ਕਦੇ ਉਸਦੀ “ਸੱਭਿਅਤਾ ਖਤਮ ਕਰਨ” ਦੀ ਗੱਲ ਕਰਦੇ ਹਨ ਅਤੇ ਕਦੇ ਉਸਨੂੰ “ਪੱਥਰ ਯੁੱਗ” ਵਿੱਚ ਪਹੁੰਚਾਉਣ ਦੀ ਚੇਤਾਵਨੀ ਦਿੰਦੇ ਹਨ। ਹਾਲੀਆ ਬਿਆਨਾਂ ਵਿੱਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਦੇਸ਼ ਇਰਾਨ ਨੂੰ ਟੋਲ ਜਾਂ ਕਿਸੇ ਤਰ੍ਹਾਂ ਦੀ ਰਕਮ ਦੇ ਕੇ ਲੰਘਣ ਦੀ ਕੋਸ਼ਿਸ਼ ਕਰੇਗਾ, ਉਸਨੂੰ ਰੋਕਿਆ ਜਾਵੇਗਾ। ਇਸਦੇ ਨਾਲ ਹੀ China ਨੂੰ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਉਹ ਇਰਾਨ ਤੋਂ ਤੇਲ ਖਰੀਦਦਾ ਹੈ ਜਾਂ ਉਸਦੀ ਮਦਦ ਕਰਦਾ ਹੈ ਤਾਂ ਉਸ ‘ਤੇ 50 ਫ਼ੀਸਦੀ ਟੈਰਿਫ ਲਗਾਇਆ ਜਾਵੇਗਾ।
ਪਰ ਇਨ੍ਹਾਂ ਸਖ਼ਤ ਬਿਆਨਾਂ ਦੇ ਬਾਵਜੂਦ ਹਕੀਕਤ ਕੁੱਝ ਹੋਰ ਹੈ ਰਹੀ ਹੈ, ਉਹਨਾਂ ਬਿਆਨਾਂ ਦੇ ਅਨੁਸਾਰ ਕੋਈ ਕਾਰਵਾਈ ਨਹੀਂ ਹੋਈ। ਇਸ ਨਾਲ ਇਹ ਧਾਰਣਾ ਬਣਦੀ ਹੈ ਕਿ ਕਈ ਵਾਰ ਇਹ ਧਮਕੀਆਂ ਜ਼ਿਆਦਾ ਤਰ ਰਾਜਨੀਤਿਕ ਦਬਾਅ ਬਣਾਉਣ ਜਾਂ ਆਪਣੇ ਸਮਰਥਕਾਂ ਨੂੰ ਸੰਦੇਸ਼ ਦੇਣ ਲਈ ਹੁੰਦੀਆਂ ਹਨ, ਨਾ ਕਿ ਤੁਰੰਤ ਕਾਰਵਾਈ ਲਈ।
ਇਸਦੇ ਉਲਟ ਯੁਗਾਂਡਾ ਦੇ ਸੈਨਾ ਮੁਖੀ ਮੁਹੁਜ਼ੀ ਕੈਨੇਰੁਗਾਬਾ ਦਾ ਹਾਲੀਆ ਬਿਆਨ ਹੋਰ ਵੀ ਅਜੀਬ ਰਿਹਾ। ਉਨ੍ਹਾਂ ਨੇ ਤੁਰਕੀ ਤੋਂ ਇੱਕ ਮਹੀਨੇ ਦੇ ਅੰਦਰ ਇੱਕ ਅਰਬ ਡਾਲਰ ਅਤੇ “ਸਭ ਤੋਂ ਸੋਹਣੀ ਕੁੜੀ” ਦੀ ਮੰਗ ਕਰ ਦਿੱਤੀ, ਨਹੀਂ ਤਾਂ ਇਜ਼ਰਾਈਲ ਨੂੰ ਸੈਨਿਕ ਮਦਦ ਦੇਣ ਅਤੇ ਇੱਕ ਲੱਖ ਫੌਜੀਆਂ ਭੇਜਣ ਦੀ ਧਮਕੀ ਦਿੱਤੀ। ਨਾਲ ਹੀ ਇਹ ਵੀ ਕਿਹਾ ਕਿ ਤੁਰਕੀ ਨਾਲ ਸਾਰੇ ਕੂਟਨੀਤਿਕ ਸੰਬੰਧ ਤੋੜ ਦਿੱਤੇ ਜਾਣਗੇ। ਇਹ ਮੰਗ ਕਿਸੇ ਰਾਜਨੀਤਿਕ ਬਿਆਨ ਨਾਲੋਂ ਵੱਧ ਇੱਕ ਅਜੀਬ ਅਤੇ ਅਸੰਭਵ ਦਾਅਵੇ ਵਾਂਗ ਲੱਗਦੀ ਹੈ।
ਉਨ੍ਹਾਂ ਨੇ ਇਸਦੇ ਪਿੱਛੇ ਇਹ ਤਰਕ ਦਿੱਤਾ ਕਿ ਯੁਗਾਂਡਾ ਨੇ Somalia ਵਿੱਚ ਸ਼ਾਂਤੀ ਬਰਕਰਾਰ ਰੱਖਣ ਲਈ ਵੱਡਾ ਯੋਗਦਾਨ ਦਿੱਤਾ ਹੈ, ਜਦਕਿ ਤੁਰਕੀ ਨੇ ਉੱਥੇ ਆਰਥਿਕ ਲਾਭ ਕਮਾਇਆ। ਪਰ ਇਸ ਤਰ੍ਹਾਂ ਦੀ ਮੰਗ ਨਾ ਸਿਰਫ਼ ਕੂਟਨੀਤਿਕ ਮਿਆਰਾਂ ਦੇ ਖਿਲਾਫ਼ ਹੈ, ਸਗੋਂ ਇਹ ਇੱਕ ਫੌਜੀ ਮੁਖੀ ਦੇ ਅਹੁਦੇ ਨਾਲ ਵੀ ਮੇਲ ਨਹੀਂ ਖਾਂਦੀ। ਇਸ ਤੋਂ ਪਹਿਲਾਂ 2022-23 ਵਿੱਚ ਮਹੂਜ਼ੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਕਿਹਾ ਸੀ ਕਿ ਉਹ ਉਸ ਨਾਲ ਵਿਆਹ ਕਰਵਾ ਲਵੇ ਤਾਂ ਉਹ ਉਸਨੂੰ ਸੌ ਗਾਵਾਂ ਦੇਵੇਗਾ। ਜਦੋਂ ਇਸ ਤੇ ਭਾਰੀ ਵਿਵਾਦ ਹੋਇਆ ਤਾਂ ਮਹੁਜ਼ੀ ਦੇ ਪਿਤਾ ਜੋ ਯੁਗਾਂਡਾ ਦੇ ਰਾਸਟਰਪਤੀ ਹਨ ਨੇ ਮੁਆਫ਼ੀ ਮੰਗੀ ਸੀ।
ਦੋਹਾਂ ਮਾਮਲਿਆਂ ਨੂੰ ਵੇਖਿਆਂ ਇੱਕ ਸਾਂਝੀ ਗੱਲ ਸਾਹਮਣੇ ਆਉਂਦੀ ਹੈ—ਬਿਆਨਾਂ ਦਾ ਅਜੀਬੋ ਗਰੀਬ ਰੂਪ। ਟਰੰਪ ਦੇ ਬਿਆਨ ਜਿੱਥੇ ਵੱਡੀਆਂ ਧਮਕੀਆਂ ਅਤੇ ਰਣਨੀਤਿਕ ਦਬਾਅ ਵਾਂਗ ਲੱਗਦੇ ਹਨ, ਉੱਥੇ ਮੁਹੁਜ਼ੀ ਦੇ ਬਿਆਨ ਸਨਕ ਅਤੇ ਅਣਗੰਭੀਰਤਾ ਦੀ ਛਾਪ ਛੱਡਦੇ ਹਨ। ਫ਼ਰਕ ਇਹ ਹੈ ਕਿ ਇੱਕ ਪਾਸੇ ਲੋਕਤੰਤਰਿਕ ਪ੍ਰਣਾਲੀ ਵਿੱਚ ਦਿੱਤੇ ਗਏ ਬਿਆਨ ਹਨ, ਜਿੱਥੇ ਸੰਸਥਾਵਾਂ ਉਨ੍ਹਾਂ ਨੂੰ ਸੰਤੁਲਿਤ ਕਰ ਲੈਂਦੀਆਂ ਹਨ, ਤੇ ਦੂਜੇ ਪਾਸੇ ਇੱਕ ਅਜਿਹਾ ਮਾਹੌਲ ਹੈ ਜਿੱਥੇ ਵਿਅਕਤੀਗਤ ਬਿਆਨ ਹੀ ਖ਼ਬਰ ਬਣ ਜਾਂਦੇ ਹਨ।
ਅੰਤ ਵਿੱਚ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਅਜਿਹੀਆਂ ਧਮਕੀਆਂ ਅਤੇ ਬਿਆਨ ਕਈ ਵਾਰ ਹਕੀਕਤ ਨਾਲੋਂ ਵੱਧ ਪ੍ਰਚਾਰ ਦਾ ਹਿੱਸਾ ਹੁੰਦੇ ਹਨ। ਪਰ ਜਦੋਂ ਇਹ ਉੱਚ ਅਹੁਦਿਆਂ ਤੋਂ ਆਉਂਦੇ ਹਨ, ਤਾਂ ਉਹਨਾਂ ਦਾ ਅਸਰ ਸਿਰਫ਼ ਹਾਸੇ ਤੱਕ ਸੀਮਿਤ ਨਹੀਂ ਰਹਿੰਦਾ—ਉਹ ਅੰਤਰਰਾਸ਼ਟਰੀ ਸਿਆਸਤ ਵਿੱਚ ਗੰਭੀਰ ਗਲਤਫ਼ਹਿਮੀਆਂ ਅਤੇ ਤਣਾਅ ਵੀ ਪੈਦਾ ਕਰ ਸਕਦੇ ਹਨ।

ਕੁਲਵੰਤ ਸਿੰਘ ਗੱਗੜਪੁਰੀ