News
ਪੰਥਕ ਦਲ ਕੌਣ ? ਬਾਦਲ ਦਲ ਜਾਂ ਨਵਾਂ ਅਕਾਲੀ ਦਲ ?
ਪੰਜਾਬ ਦੀ ਸਿਆਸਤ ਇੱਕ ਵਾਰ ਫਿਰ “ਪੰਥਕ ਦਲ” ਦੇ ਨਵੇਂ ਖ਼ਿਤਾਬ ਨੂੰ ਪਾਉਣ ਦੇ ਮੋੜ ‘ਤੇ ਖੜ੍ਹੀ ਹੈ। ਕਦੇ ਪੰਥਕ ਮੰਨੇ ਜਾਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਲੋਕਾਂ ਨੇ ਹੌਲੀ ਹੌਲੀ ਮੂੰਹ ਮੋੜ ਲਿਆ ਹੈ। 2017 ਤੋਂ ਲੈ ਕੇ ਅੱਜ ਤੱਕ ਦੀਆਂ ਚੋਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਬਾਦਲ ਦਲ ਦਾ ਜਨਤਾ ਨਾਲੋਂ ਨਾਤਾ ਲੱਗਭਗ ਟੁੱਟ ਚੁੱਕਾ ਹੈ। ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਲੱਗੀਆਂ ਅਤੇ ਪੰਥਕ ਮਾਨਤਾ ਗੁਆਚ ਗਈ।
ਇਸ ਸਿਆਸੀ ਹਾਲਾਤ ਨੂੰ ਸਮਝਦਿਆਂ ਪ੍ਰੋ. ਰਣਜੀਤ ਸਿੰਘ ਧਨੋਆ ਨੇ ਆਪਣੇ ਤਾਜ਼ਾ ਲੇਖ “ਪੰਥਕ ਖਲਾਅ ਨੂੰ ਭਰਨ ਲਈ ਸਿਆਸੀ ਧਿਰਾਂ ਵਿੱਚ ਜ਼ੋਰ ਅਜ਼ਮਾਇਸ਼” ਵਿੱਚ ਦਰਸਾਇਆ ਹੈ ਕਿ ਅਸਲ ਜੰਗ ਦੋ ਹੀ ਧਿਰਾਂ ਵਿੱਚ ਹੈ — ਸੁਖਬੀਰ ਬਾਦਲ ਦੇ ਅਕਾਲੀ ਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੇ ਨਵੇਂ ਅਕਾਲੀ ਦਲ ਵਿੱਚ।
ਪ੍ਰੋ. ਧਨੋਆ ਨੇ ਆਪਣੇ ਲੇਖ ਵਿੱਚ ਬਾਦਲ ਦਲ ਦੀਆਂ ਕਮਜ਼ੋਰੀਆਂ ਅਤੇ ਪੁਰਾਣੇ ਪਾਪਾਂ ਦਾ ਖੁਲਾਸਾ ਕੀਤਾ ਹੈ — ਸੁਮੇਧ ਸੈਣੀ ਤੇ ਇਜ਼ਹਾਰ ਆਲਮ ਵਰਗੇ ਪੁਲਿਸ ਅਧਿਕਾਰੀਆਂ ਨੂੰ ਵੱਡੇ ਅਹੁਦੇ ਦੇਣ ਤੋਂ ਲੈ ਕੇ ਬਰਗਾੜੀ ਕਾਂਡ ਤੱਕ। ਇਹ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਬਾਦਲ ਦਲ ਦੀ ਪੰਥਕ ਪਛਾਣ ਨੂੰ ਗਹਿਰਾ ਝਟਕਾ ਦਿੱਤਾ। ਇਹ ਸਾਰੇ ਜ਼ਖਮ ਅਜੇ ਵੀ ਲੋਕਾਂ ਦੀ ਯਾਦ ਵਿੱਚ ਤਾਜ਼ੇ ਹਨ। ਪਰ ਦੂਜੇ ਪਾਸੇ, ਨਵੇਂ ਅਕਾਲੀ ਦਲ ਵਿੱਚ ਵੀ ਬਹੁਤੇ ਉਹੀ ਚਿਹਰੇ ਹਨ ਜੋ ਕਦੇ ਬਾਦਲ ਦਲ ਦੀ ਹਕੂਮਤ ਦਾ ਹਿੱਸਾ ਰਹੇ ਹਨ — ਫ਼ਰਕ ਸਿਰਫ਼ ਝੰਡੇ ਦਾ ਹੈ। ਗਿਆਨੀ ਹਰਪ੍ਰੀਤ ਸਿੰਘ, ਬੀਬੀ ਸਤਵੰਤ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਵਰਗੇ ਕੁਝ ਚਿਹਰੇ ਛੱਡਕੇ, ਬਾਕੀ ਬਹੁਤ ਸਾਰੇ ਆਗੂ ਉਸੇ ਪੁਰਾਣੀ ਪ੍ਰਣਾਲੀ ਦਾ ਹਿੱਸਾ ਰਹੇ ਹਨ ਜਿਸ ਨੇ ਅਕਾਲੀ ਦਲ ਦੀ ਪਛਾਣ ਖੋਹ ਲਈ ਸੀ। ਇਸ ਲਈ ਅਜੇ ਇਹ ਕਹਿਣਾ ਕਿ ਕੌਣ ਪੰਥਕ ਹੈ — ਬਾਦਲ ਦਲ ਜਾਂ ਨਵਾਂ ਅਕਾਲੀ ਦਲ — ਸਮੇਂ ਤੋਂ ਪਹਿਲਾਂ ਦੀ ਗੱਲ ਹੋਵੇਗੀ।
ਬਾਦਲ ਦਲ ਨੇ ਪਿਛਲੇ ਸਮੇਂ ਵਿੱਚ ਕਈ ਵਾਰੀ ਪੰਥਕ ਇਮਤਿਹਾਨ ਦਿੱਤੇ, ਪਰ ਹਰ ਵਾਰੀ ਫੇਲ੍ਹ ਰਿਹਾ। ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਤੇ ਸੱਤਾ ਵਿੱਚ ਆ ਕੇ ਸਭ ਕੁੱਝ ਵਿਸਾਰ ਦੇਣਾ — ਇਹੀ ਉਸਦੀ ਪਛਾਣ ਬਣ ਗਈ। ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਚੰਡੀਗੜ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ ਜਾਂ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ — ਹਰ ਮਸਲੇ ‘ਤੇ ਬਾਦਲ ਦਲ ਸਿਰਫ਼ ਨਾਅਰੇ ਹੀ ਲਗਾਉਂਦਾ ਰਿਹਾ। ਸਭ ਤੋਂ ਵੱਡੀ ਨਾਕਾਮੀ ਰਹੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ, ਜਿਸ ਉੱਤੇ ਅਕਾਲੀ ਦਲ ਨੇ ਕਦੇ ਵੀ ਅਮਲੀ ਪੈਰਵੀ ਨਹੀਂ ਕੀਤੀ।
ਹੁਣ ਸਵਾਲ ਇਹ ਹੈ ਕਿ ਕੀ ਨਵਾਂ ਅਕਾਲੀ ਦਲ ਇਹ ਮਸਲੇ ਹੱਲ ਕਰਵਾਉਣ ਦੀ ਹਿੰਮਤ ਕਰੇਗਾ? ਕੀ ਉਹ ਸਿਰਫ਼ ਪੁਰਾਣੇ ਦਲ ਦਾ ਬਦਲ ਹੋਵੇਗਾ ਜਾਂ ਅਸਲ ਪੰਥਕ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰੇਗਾ? ਇਹ ਅਜੇ ਵੇਖਣਾ ਬਾਕੀ ਹੈ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਉਸਦੀ ਸਭ ਤੋਂ ਵੱਡੀ ਰੁਕਾਵਟ ਹੈ। ਜਦ ਤੱਕ ਉਹ ਆਪਣੇ ਪਿਛਲੇ ਗੁਨਾਹਾਂ ਨੂੰ ਸੱਚੇ ਦਿਲ ਨਾਲ ਸਵੀਕਾਰ ਨਹੀਂ ਕਰਦਾ ਤੇ ਪੰਥਕ ਹਿੱਤਾਂ ਲਈ ਨਿਰਪੱਖ ਕੰਮ ਨਹੀਂ ਕਰਦਾ, ਉਸਦੀ ਵਾਪਸੀ ਮੁਸ਼ਕਲ ਹੈ।
ਪਰ ਇਸਦਾ ਮਤਲਬ ਇਹ ਨਹੀਂ ਕਿ ਬਾਦਲ ਦਲ ਦੀ ਨਾਕਾਮੀ ਆਪਣੇ ਆਪ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਦਲ ਨੂੰ ਪੰਥਕ ਤਾਜ਼ ਬਖ਼ਸ਼ ਦੇਵੇਗੀ। ਪੰਥਕ ਖ਼ਿਤਾਬ ਇੱਕ ਦਲ ਦੀ ਅਸਫਲਤਾ ਨਾਲ ਦੂਜੇ ਨੂੰ ਨਹੀਂ ਮਿਲਣਾ ਬਲਕਿ ਕਾਰਗੁਜ਼ਾਰੀ ਨਾਲ ਮਿਲਣਾ ਹੈ। ਇਸ ਲਈ ਹੁਣ ਦੇ ਹਾਲਾਤ ਵਿੱਚ ਇਹ ਕਹਿਣਾ ਠੀਕ ਹੋਵੇਗਾ ਕਿ ਦੋਵੇਂ ਦਲ ਇੱਕ ਨਵੇਂ ਇਮਤਿਹਾਨ ਲਈ ਮੈਦਾਨ ਵਿੱਚ ਖੜ੍ਹੇ ਹਨ — ਜਿੱਥੇ ਜਨਤਾ ਤੇ ਪੰਥ ਦੋਵੇਂ ਹੀ ਪਰਖਣ ਵਾਲੇ ਨੇ।
ਅਗਲੇ ਕੁਝ ਸਾਲ ਇਹ ਤੈਅ ਕਰਨਗੇ ਕਿ ਪੰਥ ਕਿਸਨੂੰ ਸਵੀਕਾਰਦਾ ਹੈ — ਪੁਰਾਣੇ ਬਾਦਲ ਦਲ ਨੂੰ ਜਿਸਦੇ ਹੱਥ ਅਜੇ ਵੀ ਪੁਰਾਣੇ ਗੁਨਾਹਾਂ ਨਾਲ ਰੰਗੇ ਹਨ ਜਾਂ ਨਵੇਂ ਅਕਾਲੀ ਦਲ ਨੂੰ ਜੋ ਅਜੇ ਤੱਕ ਆਪਣੇ ਕਿਰਦਾਰ ਦੀ ਪਰੀਖਿਆ ਵਿੱਚ ਖੜ੍ਹਾ ਹੀ ਨਹੀਂ ਹੋਇਆ। ਸੱਚ ਇਹ ਹੈ ਕਿ ਪੰਥਕ ਦਲ ਦਾ ਖ਼ਿਤਾਬ ਨਾ ਕਿਸੇ ਝੰਡੇ ਨਾਲ ਜੁੜਿਆ ਹੈ ਤੇ ਨਾ ਕਿਸੇ ਨਾਂ ਨਾਲ, ਇਹ ਖ਼ਿਤਾਬ ਸਿਰਫ਼ ਸੱਚੇ ਕਰਮਾਂ ਤੇ ਪੰਥਕ ਨੀਤੀ ਨਾਲ ਮਿਲਣਾ ਹੈ।ਸਮਾਂ ਹੀ ਤੈਅ ਕਰੇਗਾ ਕਿ ਪੰਥ ਕਿਸਨੂੰ ਸਵੀਕਾਰਦਾ ਹੈ।

