Connect with us

Punjab

ਦੇਸ਼ ਦੇ ਲੋਕਾਂ ਦੀ ਔਖੇ ਵੇਲੇ ਬਾਂਹ ਫੜਨ ਵਾਲੇ ਪੰਜਾਬੀਆਂ ਦੀ ਮੁਸੀਬਤ ਸਮੇਂ ਬਾਂਹ ਕੌਣ ਫੜੂ ? 

Published

on

PUNJAB FLOOD : ਇਸ ਸਮੇਂ ਪੰਜਾਬ ਦੇ ਲੋਕ ਮੁਸੀਬਤ ਵਿੱਚ ਫਸੇ ਹੋਏ ਹਨ। ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਨੂੰ। ਲੇਕਿਨ ਦੇਸ਼ ਦੇ ਲੋਕਾਂ ਵੱਲੋਂ ਕੋਈ ਮਦਦ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਗੁਆਂਢੀ ਰਾਜਾਂ ਦੀਆਂ ਸਰਕਾਰਾਂ ਪੰਜਾਬੀਆਂ ਦੀ ਬਾਂਹ ਫੜਨ ਲਈ ਅੱਗੇ ਆ ਰਹੀਆਂ ਹਨ। ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬ ਦੇ ਲੋਕ ਹਰ ਤਰ੍ਹਾਂ ਦੀ ਮਦਦ ਕਰਨ ਲਈ ਪਹੁੰਚ ਜਾਂਦੇ ਹਨ। ਇਸ ਸਮੇਂ ਪੰਜਾਬ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਗਈ, ਘਰਾਂ ਵਿੱਚ ਪਾਣੀ ਵੜਿਆ ਹੋਇਆ ਹੈ, ਘਰ ਡਿੱਗ ਰਹੇ ਨੇ, ਪਸ਼ੂ ਮਰ ਰਹੇ ਨੇ, ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਭੁੱਖੇ ਸੌਣਾ ਪੈ ਰਿਹਾ ਹੈ, ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ। ਹਾਲਾਂ ਕਿ ਪੰਜਾਬ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਪੰਜਾਬੀ ਸਿੰਗਰ ਤੇ ਅਦਾਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਹੜ੍ਹ ਪੀੜਤ ਇਲਾਕਿਆਂ ਵਿੱਚ ਪਹੁੰਚ ਰਹੇ ਹਨ।

ਪੰਜਾਬ ਸਰਕਾਰ ਦੀਆਂ ਬਚਾਓ ਕਾਰਜਾਂ ਵਿੱਚ ਲੱਗੀਆਂ ਟੀਮਾਂ ਲੋਕਾਂ ਦੀ ਮਦਦ ਕਰਦੀਆਂ ਨਜ਼ਰ ਆ ਰਹੀਆਂ ਹਨ। ਬੀਤੇ ਦਿਨ ਅਫ਼ਗ਼ਾਨਿਸਤਾਨ ਵਿੱਚ ਭੂਚਾਲ ਆਇਆ ਸੀ ਤੇ ਅੱਠ ਨੌ ਸੌ ਲੋਕ ਮਾਰੇ ਗਏ ਸਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਸਾਨੂੰ ਬਹੁਤ ਦੁੱਖ ਹੋਇਆ ਹੈ ਅਤੇ ਅਸੀਂ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਨਾਲ ਖੜ੍ਹੇ ਹਾਂ। ਇਹ ਅਫ਼ਸੋਸ ਕਰਨਾ ਬਣਦਾ ਸੀ ਪਰ ਕੀ ਪ੍ਰਧਾਨ ਮੰਤਰੀ ਨੂੰ ਆਪਣੇ ਹੀ ਦੇਸ਼ ਦੇ ਯਾਨੀ ਪੰਜਾਬ ਦੇ ਡੁੱਬ ਰਹੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ?ਪ੍ਰਧਾਨ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਹਮਦਰਦੀ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ। ਇਸ ਸਬੰਧ ਵਿੱਚ ਪ੍ਰਧਾਨ ਮੰਤਰੀ ਨੂੰ ਸੰਬੋਧਿਤ ਹੁੰਦਿਆਂ ਨਵੇਂ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਸੀਂ ਵੀ ਭਾਰਤ ਦੇ ਵਸਿੰਦੇ ਹਾਂ ਸਾਡੀ ਵੀ ਸਾਰ ਲੈ ਲਵੋ। ਕੱਲ੍ਹ ਨੂੰ ਯਾਨੀ ਚਾਰ ਸਤੰਬਰ ਨੂੰ ਕੇਂਦਰੀ ਖੇਤਬਾੜੀ ਮੰਤਰੀ ਸ਼ਿਵ ਰਾਜ ਚੌਹਾਨ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਆ ਰਹੇ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਉਹ ਕੇਂਦਰ ਵੱਲੋਂ ਪੰਜਾਬ ਦੇ ਲੋਕਾਂ ਲਈ ਕੋਈ ਪੈਕੇਜ ਐਲਾਨ ਕੇ ਜਾਂਦੇ ਹਨ ਜਾਂ ਸਿਰਫ਼ ਫੇਰੀ ਪਾਉਣ ਹੀ ਆ ਰਹੇ ਹਨ।

ਇੱਥੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਸਾਡੀਆਂ ਸਰਕਾਰਾਂ ਸ਼ਰਾਬ ਪੀ ਕੇ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੰਦੀਆਂ ਆ ਰਹੀਆਂ ਹਨ ਪਰ ਹੜ੍ਹ ਪੀੜਤਾਂ ਲਈ ਅਜੇ ਤੱਕ ਕੋਈ ਐਲਾਨ ਨਹੀਂ ਹੋਇਆ।ਅੱਜ ਹੜ੍ਹ ਪੀੜਤਾਂ ਨੂੰ ਕਿਸ ਮਦਦ ਲੋੜ ਹੈ? ਇਹ ਸਮਝ ਕੇ ਸੇਵਾ ਲਈ ਜੁਟੀਆਂ ਹੋਈਆਂ ਸੰਸਥਾਵਾਂ ਜਾਂ ਟੀਮਾਂ ਨੂੰ ਜਾਣਾ ਚਾਹੀਦਾ ਹੈ। ਖਾਣੇ ਦੇ ਨਾਲ ਨਾਲ ਪਸ਼ੂਆਂ ਦਾ ਚਾਰਾ, ਕੱਪੜੇ,ਦਵਾਈਆਂ, ਸੇਨੇਟਰੀ ਪੈਡ, ਮੱਛਰ ਦਾਨੀਆਂ,ਮੋਮਬੱਤੀਆਂ, ਪੀਣ ਵਾਲਾ ਪਾਣੀ, ਟੌਰਚਾਂ ਆਦਿ ਲੈ ਕੇ ਜਾਣ। ਹੜ੍ਹਾਂ ਦਾ ਇਹ ਸੰਕਟ ਅਜੇ ਟਲਦਾ ਨਜ਼ਰ ਨਹੀਂ ਆ ਰਿਹਾ। ਇੱਕ ਨਾਮੀ ਅਖ਼ਬਾਰ ਵਿੱਚ ਛਪੀ ਖਬਰ ਅਨੁਸਾਰ 11ਸਤੰਬਰ ਤੱਕ ਭਾਰੀ ਮੀਂਹ ਪਵੇਗਾ। ਇਸ ਅਖਬਾਰ ਨੇ ਵੇਰਵਾ ਦਿੰਦਿਆਂ ਦੱਸਿਆ ਹੈ ਕਿ 3 ਸਤੰਬਰ ਨੂੰ ਆਮ ਬਾਰਸ਼,4 ਤੋਂ ਸੱਤ ਤੱਕ ਬਹੁਤ ਤੇਜ਼ ਬਾਰਸ਼ ਅੱਠ ਸਤੰਬਰ ਨੂੰ ਹਲਕੀ ਧੁੱਪ ਅਤੇ ਫ਼ਿਰ 9,10 ਅਤੇ 11 ਨੂੰ ਭਾਰੀ ਮੀਂਹ ਤੇ12 ਨੂੰ ਹਲਕੀ ਧੁੱਪ ਦਾ ਅਨੁਮਾਨ ਹੈ। IMD ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਹੈ ਕਿ ਅਜੇ ਕਈ ਦਿਨ ਤੱਕ ਹੜ੍ਹਾਂ ਦਾ ਖਤਰਾ ਬਣਿਆ ਰਹੇਗਾ।

ਸੋ ਇਸ ਲਈ ਪੰਜਾਬ ਦੇ ਲੋਕਾਂ ਉੱਪਰ ਆਈ ਕੁਦਰਤੀ ਆਫ਼ਤ ਅਜੇ ਜਾਂਦੀ ਨਜ਼ਰ ਨਹੀਂ ਆਉਂਦੀ। ਕੇਂਦਰ ਸਰਕਾਰ ਅਤੇ ਦੇਸ਼ ਦੇ ਬਾਕੀ ਲੋਕਾਂ ਨੂੰ ਪੰਜਾਬ ਦੇ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਇਹ ਯਾਦ ਦਿਵਾਉਣਾ ਚਾਹੁੰਦੇ ਹਾਂ ਇਹ ਉਹ ਪੰਜਾਬੀ ਨੇ ਜਿਹੜੇ ਔਖੇ ਵੇਲੇ ਦੇਸ਼ ਦੇ ਨਾਲ ਖੜਦੇ ਹਨ, ਭਾਵੇਂ ਉਹ ਕੁਦਰਤੀ ਆਫ਼ਤ ਹੋਵੇ ਜਾਂ ਸਰਹੱਦ ਉੱਪਰ ਦੇਸ਼ ਲਈ ਔਖੀ ਘੜੀ ਆਵੇ ਉੱਥੇ ਸ਼ਹਾਦਤਾਂ ਪ੍ਰਾਪਤ ਕਰਨ ਵਾਲੇ ਸਭ ਤੋਂ ਵੱਧ ਪੰਜਾਬੀ ਹੁੰਦੇ ਹਨ, ਦੇਸ਼ ਦੀ ਆਜ਼ਾਦੀ ਲਈ ਵੀ 95% ਕੁਰਬਾਨੀਆਂ ਪੰਜਾਬੀਆਂ ਨੇ ਹੀ ਦਿੱਤੀਆਂ ਹਨ ਪਰ ਉਨ੍ਹਾਂ ਬਹਾਦਰ ਪੰਜਾਬੀਆਂ ‘ਤੇ ਮੁਸੀਬਤ ਬਣੀ ਹੈ ਤਾਂ ਕੋਈ ਬਾਂਹ ਨਹੀਂ ਫੜ ਰਿਹਾ। ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਵੇਖ ਰਿਹਾ ਹੈ ਕਿ ਦੇਸ਼ ਉਸਦੇ ਨਾਲ ਕਿਉੰ ਨਹੀਂ ਖੜ੍ਹ ਰਿਹਾ। ਇਹ ਔਖਾ ਸਮਾਂ ਵੀ ਲੰਘ ਜਾਵੇਗਾ ਪਰ ਕੇਂਦਰ ਸਰਕਾਰ ਦੀ ਅਤੇ ਦੇਸ਼ ਦੇ ਬਾਕੀ ਲੋਕਾਂ ਦੀ ਅਣਦੇਖੀ ਪੰਜਾਬ ਦੇ ਲੋਕਾਂ ਨੂੰ ਚੁੱਭ ਰਹੀ ਹੈ। ਅਸੀਂ ਕੇਂਦਰ ਸਰਕਾਰ ਦੇ ਨਾਲ ਨਾਲ ਸਾਰੀਆਂ ਸਮਾਜਸੇਵੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਓ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਹੱਥ ਵਧਾਈਏ।

ਕੁਲਵੰਤ ਸਿੰਘ ਗੱਗੜਪੁਰੀ