Connect with us

punjab

ਵੜਿੰਗ ਦੀ ਥਾਂ ਕੌਣ ਲਵੇਗਾ? ਹਾਈ ਕਮਾਂਡ ਉਲਝਣ ‘ਚ; ਐੱਸ ਸੀ ਪੱਤਾ ਜਾਂ ਜੱਟ ਦਾ ਦਬਦਬਾ

Published

on

­ਕਾਂਗਰਸ ਪੰਜਾਬ ਵਿੱਚ ਵੜਿੰਗ ਨੂੰ ਹਟਾਉਣ ਦੀਆਂ ਅੰਦਰਖਾਤੇ ਤਿਆਰੀਆਂ ਤਾਂ ਪੂਰੀ ਤਰ੍ਹਾਂ ਕਰ ਚੁੱਕੀ ਹੈ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਅਗਲਾ ਪ੍ਰਧਾਨ ਕੌਣ? ਹਾਈ ਕਮਾਂਡ ਦੀ ਇਹ ਉਲਝਣ ਦਿਨੋਂ-ਦਿਨ ਵਧ ਰਹੀ ਹੈ ਕਿਉਂਕਿ ਪੰਜਾਬ ਦਾ ਜਾਤੀ ਸਮੀਕਰਨ ਸਿੱਧਾ-ਸਾਧਾ ਨਹੀਂ ਹੈ—ਬਲਕਿ ਬੇਹੱਦ ਗੁੰਝਲਦਾਰ ਹੈ।

2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ ਪੰਜਾਬ ‘ਚ SC ਭਾਈਚਾਰਾ 32%, BC ਭਾਈਚਾਰਾ ਲਗਭਗ 31% ਅਤੇ ਜੱਟ ਸਿੱਖ 18% ਤੋਂ 20% ਤੱਕ ਹਨ। ਗਿਣਤੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ SC ਤੇ BC ਮਿਲ ਕੇ 63% ਹਨ ਪਰ ਮੁਸ਼ਕਲ ਇਹ ਹੈ ਕਿ ਇਹ ਦੋਵੇਂ ਵੋਟ ਬੈਂਕ ਇੱਕ-ਜਾਤੀ ਨਹੀਂ—ਦਰਜਨਾਂ ਧੜਿਆਂ ਵਿੱਚ ਵੰਡੇ ਹੋਏ ਹਨ। ਜੇ ਕਾਂਗਰਸ “ਐੱਸ ਸੀ ਪੱਤਾ” ਖੇਡਦੀ ਹੈ, ਤਾਂ ਚਰਨਜੀਤ ਸਿੰਘ ਚੰਨੀ, ਸੁੱਖਵਿੰਦਰ ਸਿੰਘ ਡੈਨੀ ਅਤੇ ਰਾਜਕੁਮਾਰ ਵੇਰਕਾ ਹੀ ਸਭ ਤੋਂ ਬਲਵਾਨ ਚੋਣ ਵਜੋਂ ਉੱਭਰਦੇ ਹਨ—ਇਹ ਗੱਲ ਕਾਂਗਰਸ ਦੇ ਅੰਦਰ ਵੀ ਕੋਈ ਨਕਾਰਦਾ ਨਹੀਂ। ਪਰ ਜੇਕਰ ਜੱਟ ਭਾਈਚਾਰੇ ਦੀ ਗੱਲ ਕਰੀਏ ਤਾਂ ਇੱਕੋ ਜਾਤ ਦੀ ਵੋਟ 18 ਤੋਂ 20% ਹੈ ਅਤੇ ਆਰਥਿੱਕ ਤੌਰ ‘ਤੇ ਮਜ਼ਬੂਤ ਹੋਣ ਕਰਕੇ ਜੱਟਾਂ ਦਾ ਦਬਦਬਾ ਵੀ ਹੈ ਪੰਜਾਬ ਵਿੱਚ ਪਰ ਔਖੀ ਗੱਲ ਇੱਥੋਂ ਸ਼ੁਰੂ ਹੁੰਦੀ ਹੈ: ਜੇ ਵੜਿੰਗ ਨੂੰ ਹਟਾ ਕੇ ਦੁਬਾਰਾ ਜੱਟ ਪ੍ਰਧਾਨ ਦੀ ਚੋਣ ਦਾ ਫਾਰਮੂਲਾ ਲਿਆਂਦਾ ਜਾਂਦਾ ਹੈ—ਤਾਂ ਮੁਕਾਬਲਾ ਬੇਹੱਦ ਭਿਆਨਕ ਹੋ ਜਾਂਦਾ ਹੈ ,ਕਾਰਨ ਇਹ ਹੈ ਕਿ ਜੇ “ਜੱਟ ਪ੍ਰਧਾਨ” ਦਾ ਫਾਰਮੂਲਾ ਖੇਡਿਆ ਗਿਆ ਤਾਂ ਦਾਅਵੇਦਾਰਾਂ ਦੀ ਲੰਮੀ ਲਿਸਟ ਬਣ ਜਾਂਦੀ ਹੈ।

ਇਸ ਲਿਸਟ ਵਿੱਚ ਸਭ ਤੋਂ ਵੱਡੇ ਆਗੂ ਹਨ ਪ੍ਰਤਾਪ ਸਿੰਘ ਬਾਜਵਾ, ਸੁੱਖਵਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ, ਅਤੇ ਕਈ ਹੋਰ ਵੀ ਦੌੜ ਵਿੱਚ ਦਿਖਾਈ ਦਿੰਦੇ ਹਨ। ਜੱਟ ਲੀਡਰਾਂ ਦੀ ਗਿਣਤੀ ਵੀ ਜ਼ਿਆਦਾ ਅਤੇ ਪ੍ਰਭਾਵ ਵੀ ਵੱਡਾ—ਇਹ ਹਾਈ ਕਮਾਂਡ ਦੀ ਅਸਲ ਉਲਝਣ ਹੈ। ਕਿਸੇ ਇੱਕ ਨੂੰ ਚੁਣਿਆ ਗਿਆ ਤਾਂ ਬਾਕੀ ਧੜੇ ਨਾਰਾਜ਼ ਹੋਣ ਦੀ ਗਾਰੰਟੀ ਹੈ।

ਇਕ ਪਾਸੇ SC ਭਾਈਚਾਰਾ ਵੱਡੀ ਗਿਣਤੀ ਵਿੱਚ ਹੈ, ਪਰ ਵੰਡੇ ਹੋਏ ਹਨ। ਦੂਜੇ ਪਾਸੇ ਜੱਟ ਭਾਈਚਾਰਾ ਗਿਣਤੀ ਵਿੱਚ ਘੱਟ ਪਰ ਇੱਕਜੁੱਟ ਅਤੇ ਸਿਆਸੀ ਤੌਰ ‘ਤੇ ਆਰਥਿਕ ਤੌਰ ‘ਤੇ ਬੇਹੱਦ ਤਾਕਤਵਰ। ਕਾਂਗਰਸ ਹਾਈ ਕਮਾਂਡ ਨੂੰ ਇਹ ਸਮਝ ਆ ਰਹੀ ਹੈ ਕਿ ਕਿਸੇ ਇੱਕ ਜਾਤੀ ਵਲ ਝੁਕਣਾ—ਦੂਜੇ ਵੱਡੇ ਵਰਗ ਨੂੰ ਨਾਰਾਜ਼ ਕਰਨ ਦੇ ਬਰਾਬਰ ਹੈ।

ਵੜਿੰਗ ਨੂੰ ਹਟਾਉਣ ਦਾ ਫੈਸਲਾ ਤਾਂ ਹਾਈ ਕਮਾਂਡ ਨੇ ਲਗਭਗ ਪੱਕਾ ਕਰ ਲਿਆ ਹੈ, ਪਰ ਨਵਾਂ ਚਿਹਰਾ ਕੌਣ—ਇਹੀ ਮੁੱਦਾ ਕਾਂਗਰਸ ਨੂੰ ਅੱਜ ਸਭ ਤੋਂ ਵੱਧ ਤੋੜ ਰਿਹਾ ਹੈ। ਜੇ SC ਆਗੂ ਨੂੰ ਚੁਣਦੇ ਹਨ ਤਾਂ ਮਜ਼੍ਹਬੀ ਸਿੱਖ ਭਾਈਚਾਰੇ ਦੀ ਵੋਟ ਸਭ ਤੋਂ ਵੱਧ ਹੈ। ਮਜ਼੍ਹਬੀ ਸਿੱਖ ਅਤੇ ਵਾਲਮੀਕੀ ਭਾਈਚਾਰੇ ਦੀ ਇਕਜੁੱਟਤਾ ਮੰਨੀ ਜਾਂਦੀ ਹੈ। ਅਗਰ ਮਜ਼੍ਹਬੀ ਸਿੱਖ ਆਗੂ ਚੁਣਿਆ ਜਾਂਦਾ ਹੈ ਤਾਂ ਸੁੱਖਵਿੰਦਰ ਸਿੰਘ ਡੈਨੀ ਦਾ ਨਾਮ ਸਭ ਤੋਂ ਉੱਪਰ ਹੈ।ਤਰਨਤਾਰਨ ਜ਼ਿਮਨੀ ਚੋਣ ਵਿੱਚ ਡੈਨੀ ਸਭ ਤੋਂ ਵੱਧ ਸਰਗਰਮ ਨਜ਼ਰ ਆਏ ਸਨ। ਵਾਲਮੀਕਿ ਭਾਈਚਾਰੇ ਵਿੱਚ ਰਾਜ ਕੁਮਾਰ ਵੇਰਕਾ ਦਾ ਨਾਮ ਲਿਆ ਜਾ ਸਕਦਾ ਹੈ। ਜੇਕਰ ਰਵੀਦਾਸ ਭਾਈਚਾਰੇ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਮਜ਼ਬੂਤ ਲੀਡਰ ਹਨ। ਜੇ ਜੱਟ ਚੁਣਦੇ ਹਨ, ਤਾਂ ਉਮੀਦਵਾਰਾਂ ਦੀ ਭੀੜ ਹੈ ।

ਸਵਾਲ ਸਿਰਫ਼ ਪ੍ਰਧਾਨ ਦਾ ਨਹੀਂ—ਅਗਲੇ ਦੋ ਸਾਲਾਂ ਦੀ ਰਾਜਨੀਤਿਕ ਦਿਸ਼ਾ ਦਾ ਹੈ। ਕਾਂਗਰਸ ਕਿਸੇ ਇੱਕ ਧੜੇ ਨੂੰ ਖੁਸ਼ ਕਰਨ ਦੀ ਬਜਾਏ ਸੂਬੇ ਦੀ ਪੂਰੀ caste-equation ਨੂੰ ਕਿਵੇਂ ਬੈਲੈਂਸ ਕਰਦੀ ਹੈ—ਇਹੀ ਫੈਸਲਾ ਤੈਅ ਕਰੇਗਾ ਕਿ 2027 ਵਿੱਚ ਕਾਂਗਰਸ ਪੰਜਾਬ ਵਿੱਚ ਮੁੜ ਦਾਅਵੇਦਾਰ ਬਣਦੀ ਹੈ ਜਾਂ ਨਹੀਂ।

 

 

ਕੁਲਵੰਤ ਸਿੰਘ ਗੱਗੜਪੁਰੀ