Connect with us

Uncategorized

ਇਰਾਨ-ਅਮਰੀਕਾ ਟਕਰਾਅ-ਦੋ ਦਿਨਾਂ ‘ਚ ਸਮਝੌਤਾ ਜਾਂ ਦੁਨੀਆ ਲਈ ਵੱਡਾ ਡਿਜੀਟਲ ਤੇ ਤੇਲ ਸੰਕਟ: ਭਿਅੰਕਰ ਹੋਵੇਗਾ ਜੰਗ ਦਾ ਰੂਪ!

Published

on

ਅਮਰੀਕਾ ਅਤੇ ਇਰਾਨ ਵਿਚਾਲੇ ਚੱਲ ਰਿਹਾ ਤਣਾਅ ਹੁਣ ਦੁਨੀਆ ਦੀ ਅਰਥਵਿਵਸਥਾ, ਇੰਟਰਨੈੱਟ ਅਤੇ ਮੱਧ-ਪੂਰਬ ਦੀ ਸਿਆਸਤ ਲਈ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਸਟ੍ਰੇਟ ਆਫ ਹਰਮੁਜ਼ ਨੂੰ ਲੈ ਕੇ ਦੋਵਾਂ ਦੇਸ਼ਾਂ ਵਿੱਚ ਟਕਰਾਅ ਜਾਰੀ ਹੈ ਅਤੇ ਹੁਣ ਕਈ ਅੰਤਰਰਾਸ਼ਟਰੀ ਰਿਪੋਰਟਾਂ ਇਹ ਸੰਕੇਤ ਦੇ ਰਹੀਆਂ ਹਨ ਕਿ ਪਾਕਿਸਤਾਨ ਦੀ ਵਿਚੋਲਗੀ ਨਾਲ ਮੁੜ ਗੱਲਬਾਤ ਹੋ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ Donald Trump ਵੱਲੋਂ ਇਹ ਕਿਹਾ ਗਿਆ ਹੈ ਕਿ ਜੰਗ ਜਲਦੀ ਖ਼ਤਮ ਹੋ ਸਕਦੀ ਹੈ, ਪਰ ਦੂਜੇ ਪਾਸੇ ਉਨ੍ਹਾਂ ਨੇ ਇਰਾਨ ਦੀਆਂ ਕਈ ਸ਼ਰਤਾਂ ਨੂੰ “ਕਬੂਲ ਨਾ ਕਰਨ ਯੋਗ” ਵੀ ਦੱਸਿਆ ਹੈ। ਖ਼ਬਰਾਂ ਮੁਤਾਬਕ ਅਮਰੀਕਾ ਨੇ ਇਰਾਨ ਨੂੰ 14 ਨੁਕਾਤੀ ਪ੍ਰਸਤਾਵ ਭੇਜਿਆ ਸੀ ਜਿਸ ਵਿੱਚ ਇਰਾਨ ਦੇ ਪਰਮਾਣੂ ਪ੍ਰੋਗਰਾਮ ‘ਤੇ ਸਖ਼ਤ ਪਾਬੰਦੀਆਂ ਦੀ ਮੰਗ ਕੀਤੀ ਗਈ। ਇਸਦੇ ਜਵਾਬ ਵਿੱਚ ਇਰਾਨ ਨੇ ਕਿਹਾ ਕਿ ਪਹਿਲਾਂ ਜੰਗ ਰੁਕੇ, ਪਾਬੰਦੀਆਂ ਹਟਣ ਅਤੇ ਹਰਮੁਜ਼ ਸੰਕਟ ਹੱਲ ਹੋਵੇ, ਉਸ ਤੋਂ ਬਾਅਦ ਹੀ ਹੋਰ ਮਸਲਿਆਂ ਤੇ ਗੱਲ ਹੋ ਸਕਦੀ ਹੈ।
ਇਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਚਿੰਤਾ ਸਟ੍ਰੇਟ ਆਫ ਹਰਮੁਜ਼ ਬਣਿਆ ਹੋਇਆ ਹੈ। ਦੁਨੀਆ ਦੇ ਲਗਭਗ 20 ਫੀਸਦੀ ਤੇਲ ਦੀ ਆਵਾਜਾਈ ਇਸੇ ਸਮੁੰਦਰੀ ਰਸਤੇ ਰਾਹੀਂ ਹੁੰਦੀ ਹੈ। ਜੇਕਰ ਇਥੇ ਪੂਰੀ ਤਰ੍ਹਾਂ ਟਕਰਾਅ ਵਧਦਾ ਹੈ ਤਾਂ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆ ਸਕਦਾ ਹੈ ਅਤੇ ਵਿਸ਼ਵ ਅਰਥਵਿਵਸਥਾ ਨੂੰ ਝਟਕਾ ਲੱਗ ਸਕਦਾ ਹੈ। ਕਈ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਰਾਨ ਨੇ ਸਮੁੰਦਰੀ ਆਵਾਜਾਈ ਉੱਤੇ ਆਪਣਾ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਮਰੀਕਾ ਇਸਨੂੰ ਖੁੱਲ੍ਹਾ ਰੱਖਣ ਲਈ ਫੌਜੀ ਕਾਰਵਾਈਆਂ ਦੀ ਗੱਲ ਕਰ ਰਿਹਾ ਹੈ।
ਇਸ ਟਕਰਾਅ ਨਾਲ ਜੁੜੀ ਸਭ ਤੋਂ ਡਰਾਉਣੀ ਗੱਲ ਸਮੁੰਦਰ ਹੇਠੋਂ ਲੰਘ ਰਹੀਆਂ ਇੰਟਰਨੈੱਟ ਕੇਬਲਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ ਅਤੇ ਕੁਝ ਅੰਤਰਰਾਸ਼ਟਰੀ ਚਰਚਾਵਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਇਰਾਨ ਨੇ ਉਹਨਾਂ ਅੰਡਰ ਸੀ ਕੇਬਲਾਂ ਦੇ ਨਕਸ਼ੇ ਜਾਰੀ ਕੀਤੇ ਹਨ ਜੋ ਹਰਮੁਜ਼ ਖੇਤਰ ਦੇ ਨੇੜੇ ਲੰਘਦੀਆਂ ਹਨ। ਹਾਲਾਂਕਿ ਇਸ ਗੱਲ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋਈ, ਪਰ ਮਾਹਿਰ ਇਹ ਮੰਨਦੇ ਹਨ ਕਿ ਸਮੁੰਦਰੀ ਕੇਬਲਾਂ ਨੂੰ ਨੁਕਸਾਨ ਪਹੁੰਚਣ ਨਾਲ ਵਿਸ਼ਵ ਇੰਟਰਨੈੱਟ, ਬੈਂਕਿੰਗ ਅਤੇ ਅੰਤਰਰਾਸ਼ਟਰੀ ਵਪਾਰ ਪ੍ਰਭਾਵਿਤ ਹੋ ਸਕਦਾ ਹੈ।
ਇਰਾਨ ਦੀ ਰਿਵੋਲਿਊਸ਼ਨਰੀ ਗਾਰਡ ਵੱਲੋਂ ਅਮਰੀਕੀ ਜਹਾਜ਼ਾਂ ਅਤੇ ਬੇੜਿਆਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਦੂਜੇ ਪਾਸੇ ਅਮਰੀਕਾ ਵੱਲੋਂ ਵੀ ਖੁੱਲ੍ਹੀਆਂ ਚੇਤਾਵਨੀਆਂ ਜਾਰੀ ਹਨ ਕਿ ਜੇਕਰ ਸਮਝੌਤਾ ਨਾ ਹੋਇਆ ਤਾਂ ਫੌਜੀ ਕਾਰਵਾਈ ਵਧ ਸਕਦੀ ਹੈ। ਇਸ ਸਾਰੇ ਮਾਮਲੇ ਵਿੱਚ ਪਾਕਿਸਤਾਨ ਇੱਕ ਮਹੱਤਵਪੂਰਨ ਵਿਚੋਲਗੀ ਦੇ ਰੂਪ ਵਿੱਚ ਸਾਹਮਣੇ ਆਇਆ ਹੈ ਅਤੇ ਇਸਲਾਮਾਬਾਦ ਵਿੱਚ ਪਹਿਲਾਂ ਵੀ ਗੱਲਬਾਤ ਹੋ ਚੁੱਕੀ ਹੈ ।
ਇਸ ਟਕਰਾਅ ਦਾ ਇੱਕ ਹੋਰ ਵੱਡਾ ਪੱਖ ਰੂਸ ਅਤੇ ਚੀਨ ਦੀ ਭੂਮਿਕਾ ਹੈ। ਕੈਸਪੀਅਨ ਸਾਗਰ ਰਾਹੀਂ ਇਰਾਨ ਨੂੰ ਸਹਾਇਤਾ ਮਿਲਣ ਦੀਆਂ ਚਰਚਾਵਾਂ ਤੇਜ਼ ਹਨ। ਇਹ ਸਮੁੰਦਰੀ ਰਸਤਾ ਅਮਰੀਕੀ ਨਿਗਰਾਨੀ ਤੋਂ ਕਾਫ਼ੀ ਹੱਦ ਤੱਕ ਬਾਹਰ ਮੰਨਿਆ ਜਾਂਦਾ ਹੈ ਅਤੇ ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਜੰਗ ਲੰਬੀ ਚੱਲੀ ਤਾਂ ਇਰਾਨ ਨੂੰ ਰੂਸ ਅਤੇ ਚੀਨ ਤੋਂ ਡਰੋਨ, ਮਿਸਾਈਲਾਂ ਅਤੇ ਹੋਰ ਸੈਨਿਕ ਸਹਾਇਤਾ ਮਿਲ ਸਕਦੀ ਹੈ। ਇਸ ਨਾਲ ਜੰਗ ਦਾ ਦਾਇਰਾ ਹੋਰ ਖ਼ਤਰਨਾਕ ਹੋ ਸਕਦਾ ਹੈ।
ਫਿਲਹਾਲ ਦੁਨੀਆ ਦੀ ਨਜ਼ਰ ਪਾਕਿਸਤਾਨ ਵਿੱਚ ਹੋਣ ਵਾਲੀਆਂ ਸੰਭਾਵਿਤ ਗੱਲਬਾਤਾਂ ਉੱਤੇ ਟਿਕੀ ਹੋਈ ਹੈ। ਜੇਕਰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਜਾਂਦਾ ਹੈ ਤਾਂ ਤੇਲ ਅਤੇ ਇੰਟਰਨੈੱਟ ਨਾਲ ਜੁੜਿਆ ਸੰਕਟ ਟਲ ਸਕਦਾ ਹੈ, ਪਰ ਜੇਕਰ ਗੱਲਬਾਤ ਨਾਕਾਮ ਰਹੀ ਤਾਂ ਇਹ ਟਕਰਾਅ ਸਿਰਫ਼ ਮੱਧ-ਪੂਰਬ ਤੱਕ ਸੀਮਿਤ ਨਹੀਂ ਰਹੇਗਾ, ਸਗੋਂ ਇਸਦਾ ਅਸਰ ਪੂਰੀ ਦੁਨੀਆ ਦੀ ਅਰਥਵਿਵਸਥਾ, ਵਪਾਰ ਅਤੇ ਡਿਜੀਟਲ ਸੰਚਾਰ ਪ੍ਰਣਾਲੀ ਉੱਤੇ ਪੈ ਸਕਦਾ ਹੈ।

-ਕੁਲਵੰਤ ਸਿੰਘ ਗੱਗੜਪੁਰੀ

Continue Reading