punjab
4 ਮੰਜਿਲਾ ਇਮਾਰਤ ਸੜ ਕੇ ਸਵਾਹ, 70 ਗੱਡੀਆਂ ਨੇ 6 ਘੰਟਿਆਂ ‘ਚ ਬੁਝਾਈ ਅੱਗ
ਲੁਧਿਆਣਾ ‘ਚ 4 ਮੰਜ਼ਿਲਾ ਇਮਾਰਤ ‘ਚ ਅਚਾਨਕ ਅੱਗ ਲੱਗ ਗਈ। ਧੂੰਆਂ ਉੱਠਦਾ ਦੇਖ ਕੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਦੁਕਾਨ ਤੋਂ ਸ਼ੁਰੂ ਹੋਈ ਅੱਗ ਚੌਥੀ ਮੰਜ਼ਿਲ ਤੱਕ ਪੁੱਜ ਗਈ, ਜਿੱਥੇ ਛੱਤ ‘ਤੇ ਇੱਕ ਵਰਕਰ ਸੋ ਰਿਹਾ ਸੀ। ਧੂੰਆਂ ਉੱਠਦਾ ਦੇਖ ਕੇ ਉਸ ਨੇ ਜਾਨ ਬਚਾਉਣ ਲਈ ਗੁਆਢੀਆਂ ਦੀ ਛੱਤ ‘ਤੇ ਛਾਲ ਮਾਰ ਦਿੱਤੀ ਅਤੇ ਇਸ ਦੌਰਾਨ ਉਸ ਦੀ ਇੱਕ ਲੱਤ ‘ਤੇ ਸੱਟ ਵੀ ਲੱਗੀ। ਅੱਗ ਲੱਗਣ ਦਾ ਪਤਾ ਲੱਗਦੇ ਹੀ ਗੁਆਂਢੀਆਂ ਨੇ ਫੈਕਟਰੀ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ। ਫਿਰ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ‘ਚ ਕਾਫੀ ਮੁਸ਼ੱਕਤ ਕਰਨੀ ਪਈ ਅਤੇ ਕੰਧ ਤੱਕ ਤੋੜਨੀ ਪਈ। 6 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਰੀਬ 70 ਗੱਡੀਆਂ ਨੇ ਅੱਗ ‘ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋਇਆ। ਹਾਲਾਂਕਿ ਹੁਣ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲਗ ਸਕਿਆ। ਦੁਕਾਨ ਮਾਲਕ ਗੁਰਚਰਨ ਸਿੰਘ ਅਤੇ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਿੰਸ ਟ੍ਰੇਡਰਜ਼ ਦੇ ਨਾਂਅ ਨਾਲ ਗਰੋਸਰੀ, ਲਿਫਾਫੇ ਅਤੇ ਡਿਸਪੋਜ਼ਲ ਦੀ ਦੁਕਾਨ ਹੈ। ਦੁਕਾਨ ਦੇ ਉੱਪਰ ਅਤੇ ਨਾਲ ਵਾਲੀ ਇਮਾਰਤ ਨੂੰ ਉਨ੍ਹਾਂ ਨੇ ਗੋਦਾਮ ਬਣਾਇਆ ਹੋਇਆ ਹੈ। 4 ਮੰਜ਼ਿਲਾ ਇਸ ਬਿਲਡਿੰਗ ਦੀ ਦੇਖਭਾਲ ਲਈ ਰਾਤ ਨੂੰ ਇੱਕ ਨੌਕਰ ਸੋਨੀ ਉੱਪਰ ਸੌਂਦਾ ਹੈ। ਅਚਾਨਕ ਦੁਕਾਨ ‘ਚ ਅੱਗ ਲੱਗ ਗਈ, ਜੋ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰ ਗਈ। ਗੁਆਂਢੀਆਂ ਨੇ ਉਨ੍ਹਾਂ ਨੂੰ ਇਸ ਸਬੰਧੀ ਦੱਸਿਆ। ਉਹ ਖੁਦ ਮੌਕੇ ‘ਤੇ ਪੁੱਜੇ ਅਤੇ ਪਹਿਲਾਂ ਫਾਇਰ ਸੇਫਟੀ ਸਿਲੰਡਰ ਨਾਲ ਅੱਗ ਬੁਝਾਉਣ ਦਾ ਯਤਨ ਕੀਤਾ ਪਰ ਅੱਗ ਭਿਆਨਕ ਰੂਪ ਲੈ ਚੁੱਕੀ ਸੀ। ਕੁਝ ਦੇਰ ਬਾਅਦ ਫਾਇਰ ਬ੍ਰਿਗੇਡ ਪੁੱਜ ਗਈ। ਇਕ ਤੋਂ ਬਾਅਦ ਇਕ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਪੁੱਜ ਗਈਆਂ। ਫਾਇਰ ਅਫਸਰ ਰਜਿੰਦਰ ਸਿੰਘ ਦੀ ਅਗਵਾਈ ‘ਚ 70 ਤੋਂ ਜ਼ਿਆਦਾ ਗੱਡੀਆਂ ਨੇ ਪਾਣੀ ਪਾ ਕੇ ਛੇ ਘੰਟੇ ਦੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ।