Connect with us

punjab

ਕਮਲ ਭਾਬੀ, ਮਹਿਰੋਂ ਤੇ ਸ਼ੋਸ਼ਲ ਮੀਡੀਆ; ਕੀ ਹੁਣ ਅਸ਼ਲੀਲਤਾ ਮੁੱਕ ਜਾਵੇਗੀ ?

Published

on

 ਬੀਤੇ ਦਿਨੀਂ ਇੱਕ ਕਮਲ ਕੌਰ ਭਾਬੀ ਦੇ ਨਾਮ ਨਾਲ ਮਸ਼ਹੂਰ ਇੰਸਟਾਗ੍ਰਾਮ Influencer ਕੰਚਨ ਤਿਵਾੜੀ ਨੂੰ ਕਤਲ ਕਰ ਦਿੱਤਾ ਗਿਆ ਹੈ। ਇਸ ਕਤਲ ਦੇ ਸਬੰਧ ਵਿੱਚ ਪੁਲਿਸ ਨੇ ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨਾਮ ਦੇ ਦੋ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਸੀ। ਕਮਲ ਭਾਬੀ ਨੂੰ ਕਤਲ ਕਰਵਾਉਣ ਦੀ ਜ਼ਿੰਮੇਵਾਰੀ ਨਿਹੰਗ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਲਈ ਸੀ ਜਿਸ ਨੂੰ ਪੁਲਿਸ ਭਾਲ ਰਹੀ ਹੈ। ਹੁਣ ਵਿਚਾਰ ਕਰਨ ਵਾਲਾ ਮਸਲਾ ਇਹ ਹੈ ਕਿ ਸੋਸ਼ਲ ਮੀਡੀਆ ਉੱਪਰ ਦਿਲਖਾਈ ਜਾ ਰਹੀ ਅਸ਼ਲੀਲਤਾ ਅਤੇ ਲੱਚਰਤਾ ਕੀ ਕਮਲ ਭਾਬੀ ਦੇ ਕਤਲ ਨਾਲ ਮੁੱਕ ਜਾਵੇਗੀ ਭਾਵ ਹੁਣ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ ਉੱਪਰ ਹੁਣ ਵੇਖੀਆ ਨਹੀਂ ਜਾਣਗੀਆਂ? ਅਗਲਾ ਸੁਆਲ ਇਹ ਹੈ ਕਿ ਅਸ਼ਲੀਲਤਾ ਨੂੰ ਰੋਕਣ ਦਾ ਇਹ ਤਰੀਕਾ ਸਹੀ ਹੈ? ਹਰ ਇੱਜ਼ਤਦਾਰ ਵਿਅਕਤੀ ਇਸ ਵਧ ਰਹੀ ਅਸ਼ਲੀਲਤਾ ਤੋਂ ਪ੍ਰੇਸ਼ਾਨ ਹੈ। ਮੈਂ judgemental ਹੋ ਕੇ ਕੋਈ ਗੱਲ ਨਹੀਂ ਕਰਾਂਗਾ। ਇਨ੍ਹਾਂ ਸਵਾਲਾਂ ਦਾ ਜਵਾਬ ਪਾਠਕਾਂ ਤੋਂ ਮੰਗਦਾ ਹਾਂ। ਕੀ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਉੱਪਰ ਹੀ ਅਜਿਹੀ ਅਸ਼ਲੀਲਤਾ ਜਾਂ ਲੱਚਰਤਾ ਦਿਖਾਈ ਜਾ ਰਹੀ ਹੈ? ਕੀ ਪੰਜਾਬ ਦੇ ਕੁੱਝ ਲੋਕਾਂ ਨੂੰ ਮਾਰ ਕੇ ਜਾਂ ਧਮਕਾ ਕੇ ਇਹ ਰੁਝਾਣ ਬੰਦ ਹੋ ਜਾਵੇਗਾ। ਸੋਸ਼ਲ ਮੀਡੀਆ ਅੰਤਰਰਾਸ਼ਟਰੀ ਪਲੇਟਫਾਰਮ ਹੈ। ਸਾਡੇ ਪੰਜਾਬ ਦੇ ਲੋਕ ਕੇਵਲ ਪੰਜਾਬ ਵਿੱਚ ਤਿਆਰ ਕੀਤਾ ਗਿਆ ਅਸ਼ਲੀਲ ਕੰਟੈਂਟ ਹੀ ਨਹੀਂ ਵੇਖ ਰਹੇ। ਇੰਸਟਾਗ੍ਰਾਮ, ਫੇਸਬੁੱਕ ਅਤੇ ਯੂਟਿਊਬ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਾਈਟਸ ਹਨ ਜਿੱਥੇ ਅਸ਼ਲੀਲਤਾ ਦੀ ਆਖਰੀ ਹੱਦ ਤੱਕ ਦੀਆਂ ਵੀਡੀਓ ਅੱਪਲੋਡ ਕੀਤੀਆਂ ਜਾ ਰਹੀਆਂ ਹਨ। ਜੇਕਰ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਗ਼ਲਤ ਕਹਿਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਹਨ ਤਾਂ ਉਸ ਦੇ ਹੱਕ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਕਾਨੂੰਨ ਨੂੰ ਹੱਥ ਵਿੱਚ ਲੈ ਕੇ ਕੀਤੇ ਕਤਲ ਲੋਕ ਸਹੀ ਕਿਉੰ ਠਹਿਰਾ ਰਹੇ ਹਨ? ਇਸਦਾ ਵੱਡਾ ਕਾਰਨ ਇਹ ਹੈ ਕਿ ਇੰਟਰਨੱਟ ਉੱਪਰ ਚੱਲ ਰਹੇ ਗੰਦ ਮੰਦ ਤੋਂ ਲੋਕ ਦੁਖੀ ਹਨ ਪਰ ਮੇਰਾ ਸੁਆਲ ਫ਼ਿਰ ਉਹੀ ਹੈ ਕਿ ਕੀ ਇਸ ਤਰ੍ਹਾਂ ਕਤਲ ਕਰਨ ਨਾਲ ਇੰਟਰਨੈਟ ਉੱਪਰਲਾ ਗੰਦ ਮੰਦ ਖ਼ਤਮ ਹੋ ਜਾਵੇਗਾ? ਮੇਰੇ ਖ਼ਿਆਲ ਵਿੱਚ ਨਹੀਂ। ਇਹ ਗੰਦ ਪਾਉਣ ਵਾਲਾ ਨੈੱਟਵਰਕ ਬਹੁਤ ਵਿਸ਼ਾਲ ਅਤੇ ਸਾਡੀ ਪਹੁੰਚ ਤੋਂ ਬਾਹਰ ਹੈ। ਤੁਸੀਂ ਕਹੋਗੇ ਕੀ ਫਿਰ ਇਸ ਗੰਦ ਮੰਦ ਨੂੰ ਮਾਨਤਾ ਦੇ ਦਿੱਤੀ ਜਾਵੇ? ਨਹੀਂ ਮੈਂ ਇਹ ਵੀ ਨਹੀਂ ਕਹਿ ਰਿਹਾ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੈਂ judgemental ਨਹੀਂ ਹੋਵਾਂਗਾ ਪਰ ਇਹ ਸਲਾਹ ਜ਼ਰੂਰ ਦੇਵਾਂਗਾ ਕਿ ਇਸ ਵਾਸ਼ਨਾ ਦੀ ਲਗਾਈ ਗਈ ਅੱਗ ਨੂੰ ਅਗਰ ਅਸੀਂ ਬੁਝਾ ਨਹੀਂ ਸਕਦੇ ਤਾਂ ਖੁਦ ਨੂੰ ਤੇ ਆਪਣੇ ਬੱਚਿਆਂ ਨੂੰ ਇਸ ਅੱਗ ਤੋਂ ਦੂਰ ਰੱਖਣਾ ਹੋਵੇਗਾ। ਅੱਜ ਦੇ ਸਮੇਂ ਵਿੱਚ ਕਾਮ ਰਸ ਇੰਨਾ ਜ਼ਿਆਦਾ ਪਰੋਸਿਆ ਜਾ ਰਿਹਾ ਹੈ ਕਿ ਅੱਜ ਦੀ ਪੀੜ੍ਹੀ ਇਸਦੀ ਆਦੀ ਹੋ ਰਹੀ ਹੈ। ਸਾਨੂੰ ਇਸ ਰਸ ਦਾ ਬਦਲ ਲੱਭਣ ਲਈ ਵਧੀਆ ਰਸ ਬੱਚਿਆਂ ਨੂੰ ਦੇਣਾ ਹੋਵੇਗਾ। ਜਿਹੜੇ ਦੇਸ਼ਾਂ ਵਿੱਚ work culture ਹੈ ਉੱਥੇ ਲੋਕ ਇੰਟਰਨੈਟ ਦੇ ਜ਼ਿਆਦਾ ਆਦੀ ਨਹੀਂ ਹਨ। ਸਭ ਤੋਂ ਪਹਿਲਾਂ ਦੇਸ਼ ਅੰਦਰ work culture ਦਾ ਰੁਝਾਣ ਪੈਦਾ ਕਰਨਾ ਹੋਵੇਗਾ। ਮਾਪਿਆਂ ਤੋਂ ਬਾਅਦ ਅਧਿਆਪਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚਿਆਂ ਨੂੰ ਜਿਊਣ ਦਾ ਸਲੀਕਾ ਸਿਖਾਇਆ ਜਾਵੇ, ਜਿਊਣ ਦਾ ਮਕਸਦ ਦਿੱਤਾ ਜਾਵੇ। ਬੱਚਿਆਂ ਨੂੰ ਖੇਡਾਂ, ਯੋਗਾ ਤੇ ਧਿਆਨ (Meditation) ਨਾਲ ਜੋੜਿਆ ਜਾਵੇ। ਕਾਮ ਰਸ ਦੀ ਬਜਾਇ ਰਾਮ ਰਸ ਦੀ ਚੇਟਕ ਲਾਈ ਜਾਵੇ। ਸਰਕਾਰ ਨੂੰ ਚਾਹੀਦਾ ਹੈ ਕਿ ਅਸ਼ਲੀਲਤਾ ਅਤੇ ਲੱਚਰਤਾ ਤੋਂ ਬਚਾ ਕੇ ਬੱਚਿਆਂ ਨੂੰ ਛੇਵੀਂ ਜਮਾਤ ਤੋਂ ਬਾਅਦ ਸੈਕਸ ਸਿੱਖਿਆ ਦਿੱਤੀ ਜਾਵੇ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਿਆ ਜਾਵੇ। ਬੱਚਿਆਂ ਨੂੰ ਅਸ਼ਲੀਲਤਾ ਤੋਂ ਬਚਾਉਣ ਲਈ ਪਹਿਲਾਂ ਆਪ ਅਸ਼ਲੀਲਤਾ ਤੋਂ ਬਚਿਆ ਜਾਵੇ। ਸਾਡੇ ਸਮਾਜ ਅੰਦਰ ਅੱਜ ਦੇ ਸਮੇਂ ਅਸੀਂ ਬੱਚਿਆਂ ਨੂੰ ਤਾਂ ਅਸ਼ਲੀਲਤਾ ਤੋਂ ਦੂਰ ਰੱਖਣਾ ਚਾਹੁੰਦੇ ਪਰ ਖੁਦ ਲੁਕ ਲੁਕ ਕੇ ਅਸ਼ਲੀਲ ਵੀਡੀਓ ਦੇਖਦੇ ਹਾਂ। ਬੁਰਾ ਕਰਨ ਵਾਲਿਆਂ ਨੂੰ ਮਾਰਨ ਦੀ ਬਜਾਇ ਬੁਰਾਈ ਤੋਂ ਦੂਰੀ ਬਣਾਉਣ ਦੀ ਲੋੜ ਹੈ।

ਕੁਲਵੰਤ ਸਿੰਘ ਗੱਗੜਪੁਰੀ