punjab
ਛੋਟੇ ਬੱਚਿਆਂ ਦੀ ਲੜਾਈ ‘ਚ 6 ਲੋਕ ਹੋਏ ਜ਼ਖਮੀ

ਪੱਟੀ ਦੇ ਨਜ਼ਦੀਕੀ ਪਿੰਡ ਉਬੋਕੇ ਵਿਚ ਛੋਟੇ ਬੱਚਿਆਂ ਦੀ ਤਕਰਾਰਬਾਜ਼ੀ ਅਤੇ ਝਗੜੇ ਦੇ ਚੱਲਦਿਆਂ ਲੜਾਈ ਜਦੋਂ ਵੱਡਿਆਂ ਤੱਕ ਪੁੱਜੀ ਤਾਂ ਦੋਹਾਂ ਧਿਰਾਂ ਦੇ 6 ਲੋਕ ਜ਼ਖਮੀ ਹੋ ਗਏ। ਇਸ ਸੰਬੰਧੀ ਨਿਰਮਲ ਸਿੰਘ ਅਤੇ ਉਸਦੇ ਪੁੱਤਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਇਹ ਝਗੜਾ ਛੋਟੇ ਬੱਚਿਆਂ ਤੋਂ ਸ਼ੁਰੂ ਹੋਇਆ ਸੀ। ਜਿਸ ਵਿਚ ਪ੍ਰਤਾਪ ਸਿੰਘ ਅਤੇ ਕਾਰਜ ਸਿੰਘ ਅਤੇ ਉਸਦੇ ਸਾਥੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ,ਜਿਸ ਵਿਚ ਉਨ੍ਹਾਂ ਦੇ 5 ਮੈਂਬਰ ਜ਼ਖਮੀ ਹੋ ਗਏ, ਜਿੰਨ੍ਹਾਂ ਵਿਚੋਂ ਸਰਬਜੀਤ ਸਿੰਘ ਦਾ ਪੱਟੀ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ , ਜਦਕਿ ਗੁਰਦਿੱਤ ਸਿੰਘ, ਵਿੱਦੋ, ਸਵਰਨ ਕੌਰ ਅਤੇ ਅਜੀਤ ਸਿੰਘ ਕੈਰੋਂ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਕਿਹਾ ਪ੍ਰਤਾਪ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਕਾਰਜ ਸਿੰਘ ਫੌਜੀ ਜੋ ਕਿ ਕਾਂਗਰਸੀ ਆਗੂ ਹੈ, ਉਸਨੇ ਆਪਣੇ ਸਾਥੀਆਂ ਨਾਲ ਉਨ੍ਹਾਂ ਦੇ ਘਰਾਂ ਦੀ ਭੰਨਤੋੜ ਵੀ ਕੀਤੀ ਹੈ। ਇਸ ਸੰਬੰਧੀ ਦੂਜੀ ਧਿਰ ਦੇ ਕਾਰਜ ਸਿੰਘ ਫੌਜੀ ਨੇ ਕਿਹਾ ਕਿ ਇਨ੍ਹਾਂ ਸਾਡੇ ਉੱਪਰ ਹਮਲਾ ਕਰ ਅਮਰੀਕ ਸਿੰਘ ਨੂੰ ਜ਼ਖਮੀ ਕਰ ਦਿੱਤਾ ਅਤੇ ਉਸਦੀ ਬਾਂਹ ਤੋੜ ਦਿੱਤੀ ਹੈ, ਜਿਸਨੂੰ ਇਲਾਜ ਲਈ ਅੰਮ੍ਰਿਤਸਰ ਭੇਜਿਆ ਗਿਆ ਹੈ, ਉਨ੍ਹਾਂ ਕਿਹਾ ਕਿ ਸਾਡੇ ਘਰ ਦੀ ਵੀ ਭੰਨਤੋੜ ਹੈ। ਇਸ ਮਾਮਲੇ ‘ਤੇ ਚੌਕੀ ਇੰਚਾਰਜ ਕੈਰੋਂ ਚਰਨ ਸਿੰਘ ਨੇ ਕਿਹਾ ਕਿ ਛੋਟੇ ਬੱਚਿਆਂ ਤੋਂ ਹੋਏ ਇਸ ਝਗੜੇ ਵਿਚ 6 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਇਨ੍ਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੈਡੀਕਲ ਰਿਪੋਟ ਆਉਣ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਘਰਾਂ ਦੀ ਭੰਨਤੋੜ ਬਾਰੇ ਕਿਹਾ ਕਿ ਇਸਦੀ ਵੀ ਜਾਂਚ ਕੀਤੀ ਜਾ ਰਹੀ ਕਿ ਇਹ ਕਿੰਨਾ ਲੋਕਾਂ ਵਲੋਂ ਕੀਤੀ ਗਈ ਹੈ।