punjab
53 ਕਰੋੜ ਤੋਂ ਵੱਧ ਕੀਮਤ ਦੀ ਹੈਰੋਇਨ ਸਣੇ ਇੱਕ ਤਸਕਰ ਕਾਬੂ
ਫਿਰੋਜ਼ਪੁਰ:- ਭਾਰਤ-ਪਾਕਿ ਦੀ ਸਰਹੱਦ ‘ਤੇ ਪੁਲਿਸ ਨੇ ਇੱਕ ਭਾਰਤੀ ਨਸ਼ਾ ਤਸਕਰ ਨੂੰ 10 ਕਿਲੋਗ੍ਰਾਮ 620 ਗ੍ਰਾਮ ਹੈਰੋਇਨ ਸਮੇਤ ਫੜਿਆ ਹੈ। ਜਿਸ ਦੀ ਕੀਮਤ ਤਕਰੀਬਨ 53 ਕਰੋੜ 10 ਲੱਖ ਰੁਪਏ ਦੱਸੀ ਜਾਂਦੀ ਹੈ। ਫੜੇ ਗਏ ਕਥਿਤ ਦੋਸ਼ੀ ਉਪਰ ਪਹਿਲਾਂ ਵੀ ਪਾਕਿਸਤਾਨ ਤੋਂ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ। ਐਸਐਸਪੀ ਫਿਰੋਜ਼ਪੁਰ ਭਾਗੀਰਥ ਮੀਨਾ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਪਾਕਿਸਤਾਨ ਸਰਹੱਦ ‘ਤੇ ਇੱਕ ਨਸ਼ਾ ਤਸਕਰ ਨੂੰ 10 ਕਿੱਲੋ 600 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਨਾਰਕੋਟਿਕਸ ਸੈੱਲ ਨੇ ਇੱਕ ਭਾਰਤੀ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਨੂੰ ਪਹਿਲਾਂ ਵੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇਸ ਤੋਂ 600 ਗ੍ਰਾਮ ਹੈਰੋਇਨ ਬਰਾਮਦ ਹੋਈ। ਉਪਰੰਤ ਜਦੋਂ ਇਸਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਸ ਦੀ ਸੂਚਨਾ ‘ਤੇ ਭਾਰਤ-ਪਾਕਿ ਸਰਹੱਦ ਚੈੱਕ ਪੋਸਟ ਲਿਆਜ਼ ਮੁਹੰਮਦ ਵਾਲਾ ਦੇ ਨੇੜੇ ਪਾਕਿਸਤਾਨ ਵਾਲੇ ਪਾਸਿਓਂ ਬੀਐਸਐਫ ਦੀ 136 ਬਟਾਲੀਅਨ ਦੇ ਸੰਪਰਕ ਨਾਲ ਖੇਤਾਂ ਵਿੱਚ ਦੱਬੀ 10 ਕਿੱਲੋ ਹੈਰੋਇਨ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਨਾਲ ਸਬੰਧ ਹਨ ਅਤੇ ਪਾਕਿਸਤਾਨ ਤੋਂ ਨਸ਼ਾ ਲਿਆਉਣ ਦਾ ਧੰਦਾ ਕਰਦਾ ਸੀ, ਜਿਸ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਦਿੱਤੀ ਹੈ।