punjab
ਮੁਜ਼ੱਫਰਨਗਰ ਮਹਾਂ ਪੰਚਾਇਤ ‘ਚ ਸ਼ਾਮਲ ਹੋਣ ਲਈ ਪੰਜਾਬ ਤੋਂ ਰਵਾਨਾ ਹੋਏ ਕਿਸਾਨ

ਸੰਯੁਕਤ ਕਿਸਾਨ ਮੋਰਚੇ ਵੱਲੋਂ 5 ਸਤੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿਚ ਕੀਤੀ ਜਾ ਰਹੀ ਮਹਾਂ ਪੰਚਾਇਤ ਵਿਚ ਹਿੱਸਾ ਲੈਣ ਲਈ ਪੰਜਾਬ ਤੋਂ ਕਾਫਲੇ ਰਵਾਨਾ ਹੋਣ ਲੱਗੇ ਹਨ। ਮਲੋਟ ਅਤੇ ਨੇੜੇ ਦੇ ਹਲਕਿਆਂ ਤੋਂ ਕਿਸਾਨ ਇਸ ਰੈਲੀ ਵਿਚ ਪੁੱਜਣ ਲਈ ਰਵਾਨਾ ਹੋ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਇਕ ਜੱਥਾ ਅੱਜ ਇਸ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਲਈ ਬਲਾਕ ਪ੍ਰਧਾਨ ਸੁਖਦੇਵ ਸਿੰਘ ਅਤੇ ਬਲਾਕ ਮਲੋਟ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਕਰਮਗੜ੍ਹ ਦੀ ਅਗਵਾਈ ਵਿੱਚ ਰਵਾਨਾ ਹੋਇਆ।
ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪੱਛਮੀ ਬੰਗਾਲ ਵਾਂਗ ਯੂ.ਪੀ, ਉੱਤਰਾਖੰਡ ਅਤੇ ਹੋਰ ਰਾਜਾਂ ਵਿੱਚ ਜਿੱਥੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਭਾਰਤੀ ਜਨਤਾ ਪਾਰਟੀ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਡਟ ਕੇ ਵਿਰੋਧ ਕਰਨਗੇ ਅਤੇ ਯਕੀਨਣ ਮੋਦੀ ਨੂੰ ਇਨ੍ਹਾਂ ਰਾਜਾਂ ਵਿਚ ਹਾਰ ਦਾ ਮੂੰਹ ਵੇਖਣਾ ਪਵੇਗਾ। ਜਥੇਬੰਦੀ ਵੱਲੋਂ ਰਾਜ ਭਰ ਵਿਚੋਂ 5500 ਤੋਂ ਵੱਧ ਵਰਕਰਾਂ ਨੂੰ ਮੁੱਜ਼ਫਰਨਗਰ ਲਿਜਾਇਆ ਜਾਵੇਗਾ, ਜਿਨ੍ਹਾਂ ਵਿੱਚ ਹਜ਼ਾਰ ਤੋਂ ਜ਼ਿਆਦਾ ਔਰਤਾਂ ਵੀ ਸ਼ਾਮਲ ਹਨ।