punjab
ਕਿਸਾਨਾਂ ਨੂੰ ਸਿੰਚਾਈ ਲਈ ਮਿਲੇਗਾ ਸੋਧਿਆ ਹੋਇਆ ਪਾਣੀ : ਰਾਣਾ ਗੁਰਜੀਤ ਸਿੰਘ
ਚੰਡੀਗੜ੍ਹ/ ਪਿਪਲਾਂਵਾਲਾ (ਹੁਸ਼ਿਆਰਪੁਰ), ਪੰਜਾਬ ਦੇ ਭੂਮੀ ਅਤੇ ਜਲ ਸੰਭਾਲ, ਤਕਨੀਕੀ ਸਿੱਖਿਆ ਅਤੇ ਰੋਜ਼ਗਾਰ ਉਤਪਤੀ ਮੰਤਰੀ ਰਾਣਾ ਗੁਰਜੀਤ ਸਿੰਘ ਨੇ 11.10 ਕਰੋੜ ਰੁਪਏ ਦੀ ਲਾਗਤ ਵਾਲੇ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਕੁਝ ਮਹੀਨਿਆਂ ’ਚ ਮੁਕੰਮਲ ਹੋਣ ਵਾਲਾ ਇਹ ਪ੍ਰੋਜੈਕਟ 7 ਪਿੰਡਾਂ ਦੇ ਕਰੀਬ 2500 ਏਕੜ ਰਕਬੇ ਦੀਆਂ ਸਿੰਚਾਈ ਲੋੜਾਂ ਪੂਰੀਆਂ ਕਰੇਗਾ।
ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਦੇ ਸੀਵਰੇਜ਼ ਦਾ ਪਾਣੀ ਟਰੀਟਮੈਂਟ ਉਪਰੰਤ ਜ਼ਮੀਨ ਹੇਠਾਂ ਵਿਛਾਈਆਂ ਪਾਈਪਾਂ ਰਾਹੀਂ ਸਿੰਚਾਈ ਲਈ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦੀ ਰੋਜ਼ਾਨਾ ਦੀ ਸਮਰੱਥਾ 30 ਐਮ.ਐਲ.ਡੀ. ਹੋਵੇਗੀ ਅਤੇ ਇਹ ਸੋਧਿਆ ਹੋਇਆ ਪਾਣੀ ਪਿਪਲਾਂਵਾਲਾ, ਪੁਰਹੀਰਾਂ, ਬਸੀ ਦੌਲਤ ਖਾਂ, ਸਿੰਗੜੀਵਾਲ, ਕੁਰਾਂਗਣਾ, ਪੰਡੋਰੀ ਰੁਕਮਣ ਅਤੇ ਮੜੂਲੀ ਬ੍ਰਾਹਮਣਾ ਦੇ ਕਿਸਾਨਾਂ ਨੂੰ ਪੁੱਜਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਸੋਧਿਆ ਹੋਇਆ ਪਾਣੀ ਫ਼ਸਲਾਂ ਦੀ ਕਾਸ਼ਤ ਲਈ ਬਹੁਤ ਵਧੀਆ ਹੋਵੇਗਾ ਅਤੇ ਇਸ ਵਿਚ ਕਿਸੇ ਕਿਸਮ ਦਾ ਨੁਕਸਾਨਦੇਹ ਕੈਮੀਕਲ ਨਹੀਂ ਹੋਵੇਗਾ।
ਪ੍ਰੋਜੈਕਟ ਵਾਲੀ ਥਾਂ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਪਾਣੀ ਦੀ ਸਪਲਾਈ ਸਾਰਾ ਸਾਲ ਉਪਲਬੱਧ ਰਹੇਗੀ ਜਿਸ ਵਿਚ ਲੋੜੀਂਦ ਤੱਤ ਵੀ ਮੌਜੂਦ ਰਹਿਣਗੇ ਤਾਂ ਜੋ ਫ਼ਸਲਾਂ ਦਾ ਝਾੜ ਵਾਧੂ ਮਿਲ ਸਕੇ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਮੁਕੰਮਲ ਹੋਣ ’ਤੇ ਧਰਤੀ ਹੇਠ ਵਿਛਾਈਆਂ ਵੱਖ-ਵੱਖ ਪਾਈਪਾਂ ਰਾਹੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਦੀ ਪਹੰੁਚ ਦਾ ਪ੍ਰਬੰਧ ਰਹੇਗਾ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਸੁਚੱਜੀ ਸੰਭਾਲ ਕੀਤੀ ਜਾ ਸਕੇ। ਕਿਸਾਨਾਂ ਨੂੰ ਪਾਣੀ ਦੀ ਲੋੜ ਅਨੁਸਾਰ ਅਤੇ ਢੁਕਵੀਂ ਵਰਤੋਂ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਛੱਪੜਾਂ ਦਾ ਪਾਣੀ ਵੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਅਤੇ ਇਸ ਪਹਿਲਕਦਮੀ ਤਹਿਤ ਪੰਜਾਬ ਸਰਕਾਰ ਵਲੋਂ 23 ਛੱਪੜਾਂ ਦਾ ਪਾਣੀ ਕਾਮਯਾਬ ਤਰੀਕੇ ਨਾਲ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਪੰਜਾਬ ਵਿਚ 4 ਮੀਲੀਅਨ ਫੁੱਟ ਏਕੜ ਛੱਪੜਾਂ ਦੇ ਪਾਣੀ ਦੀ ਉਪਲਬੱਧਤਾ ਹੈ ਜੋ ਕਿ ਲੋੜ ਅਨੁਸਾਰ ਵਰਤਿਆ ਜਾ ਸਕਦਾ ਹੈ।
ਵਿਧਾਇਕ ਸੁੰਦਰ ਸ਼ਾਮ ਅਰੋੜਾ ਨੇ ਇਸ ਅਹਿਮ ਸਿੰਚਾਈ ਪ੍ਰੋਜੈਕਟ ਲਈ ਭੂਮੀ ਤੇ ਜਲ ਸੰਭਾਲ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਵੱਡੀ ਸਿੰਚਾਈ ਸਹੂਲਤ ਮਿਲੇਗੀ ਅਤੇ ਪਾਣੀ ਦੀ ਸਪਲਾਈ ਪੂਰਾ ਸਾਲ ਉਪਲਬੱਧ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਕਿਸਾਨਾਂ ਨੂੰ ਫ਼ਸਲਾਂ ਲਈ ਖਾਦਾਂ ਅਤੇ ਕੀਟਨਾਸ਼ਕ ਦੀ ਵਰਤੋਂ ਵੀ ਘੱਟ ਕਰਨੀ ਪਵੇਗੀ ਕਿਉਂਕਿ ਇਸ ਪਾਣੀ ਵਿਚ ਸਾਰੇ ਲੋੜੀਂਦੇ ਤੱਤ ਮੌਜੂਦ ਰਹਿਣਗੇ, ਜਿਸ ਨਾਲ ਉਨ੍ਹਾਂ ਨੂੰ ਵਿੱਤੀ ਬੱਚਤ ਵੀ ਹੋਵੇਗੀ।
ਇਸ ਮੌਕੇ ਪੁਰਹੀਰਾਂ ਤੋਂ ਅਮਰਜੀਤ ਚੌਧਰੀ ਨੇ ਸਾਰੇ ਕਿਸਾਨ ਵੀਰਾਂ ਦੀ ਤਰਫੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਕਿਸਾਨਾਂ ਦੀਆਂ ਸਿੰਚਾਈ ਲੋੜਾਂ ਵਿਚ ਕਿਸੇ ਕਿਸਮ ਦੀ ਔਕੜ ਨਹੀਂ ਆਵੇਗੀ।