Connect with us

punjab

ਰਜ਼ੀਆ ਸੁਲਤਾਨਾ ਵੱਲੋਂ ਬਜ਼ੁਰਗਾਂ ਦੀ ਸਹਾਇਤਾ ਲਈ ਹੈਲਪਲਾਈਨ ਜਾਰੀ

Published

on

razia sultana mla

ਚੰਡੀਗੜ੍ਹ, ਅਕਤੂਬਰ : ਪੰਜਾਬ ਦੇ ਵਸਨੀਕ ਬਜ਼ੁਰਗ ਹੁਣ ਆਪਣੀ ਕਿਸੇ ਵੀ ਸਮੱਸਿਆ ਲਈ 14567 ਨੰਬਰ ‘ਤੇ ਕਾਲ ਕਰ ਸਕਦੇ ਹਨ। ਇਸ ਹੈਲਪਲਾਈਨ ਦਾ ਉਦਘਾਟਨ ਅੱਜ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਰਜ਼ੀਆ ਸੁਲਤਾਨਾ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਇਸ ਹੈਲਪਲਾਈਨ ਵਿੱਚ ਹਦਾਇਤਾਂ ਅਨੁਸਾਰ ਇੱਕ ਕਾਲ ਸੈਂਟਰ ਬਣਾਇਆ ਗਿਆ ਹੈ, ਜਿੱਥੇ ਕਨੈਕਟ ਆਫੀਸਰ ਬਜ਼ੁਰਗਾਂ ਨਾਲ ਫੋਨ ‘ਤੇ ਗੱਲ ਕਰਦੇ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਮੁਸ਼ਕਿਲਾਂ ਨੂੰ ਸੁਣਦੇ ਹਨ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਫੀਲਡ ਆਫੀਸਰ ਤਾਇਨਾਤ ਹਨ ਜੋ ਜ਼ਮੀਨੀ ਪੱਧਰ ‘ਤੇ ਬਜ਼ੁਰਗਾਂ ਦੇ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੇ ਹਨ। ਭਾਰਤ ਸਰਕਾਰ, ਹੈਲਪਏਜ਼ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਮਿਲ ਕੇ ਇਸ ਹੈਲਪਲਾਈਨ ਨੂੰ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਹੈਲਪ ਲਾਈਨ ਪੰਜਾਬ ਸਰਕਾਰ ਦੇ ਵੱਖ-ਵੱਖ ਅਦਾਰਿਆਂ ਜਿਵੇਂ ਕਿ ਪੁਲਿਸ, ਸਿਹਤ ਵਿਭਾਗ, ਪੰਜਾਬ ਲੀਗਲ ਸਰਵਿਸ ਅਥਾਰਟੀ, ਮੇਨਟੇਨੈਂਸ ਐਕਟ ਅਧੀਨ ਬਣੇ ਟ੍ਰਿਬਿਊਨਲ, ਡਿਪਟੀ ਕਮਿਸ਼ਨਰ, ਸੀਨੀਅਰ ਨਾਗਰਿਕਾਂ ਦੇ ਸਮੂਹ, ਗੈਰ ਸਰਕਾਰੀ ਸੰਸਥਾਵਾਂ, ਬਿਰਧ ਘਰ ਆਦਿ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਲੋੜ ਵੇਲੇ ਬਜ਼ੁਰਗਾਂ ਲਈ ਇਨ੍ਹਾਂ ਅਦਾਰਿਆਂ ਤੋਂ ਮਦਦ ਲਈ ਜਾ ਸਕੇ।

ਮੰਤਰੀ ਨੇ ਦੱਸਿਆ ਕਿ ਬਜ਼ੁਰਗਾਂ ਦੀ ਭਲਾਈ ਨੂੰ ਮੱਦੇਨਜ਼ਰ ਰੱਖਦਿਆਂ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬਜ਼ੁਰਗਾਂ ਲਈ ਇਕ ਬਿਰਧ ਘਰ ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਬਰਨਾਲਾ ਅਤੇ ਮਾਨਸਾ ਵਿਖੇ ਬਿਰਧ ਘਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸ ਤੋ ਇਲਾਵਾ ਰਾਜ ਦੇ ਬਾਕੀ ਜ਼ਿਲ੍ਹਿਆਂ ਵਿਚ ਬਿਰਧ ਘਰ ਚਲਾਉਣ ਲਈ ਗੈਰ ਸਰਕਾਰੀ ਸੰਸਥਾਵਾ ਨੂੰ ਗ੍ਰਾਂਟ ਇਨ ਏਡ ਦਿੱਤੀ ਜਾਵੇਗੀ। ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਰਾਜ ਦੇ ਬਜ਼ੁਰਗ ਵਿਅਕਤੀਆਂ, ਵਿਧਵਾਵਾਂ, ਦਿਵਿਆਂਜਨਾਂ ਦੀ ਭਲਾਈ ਲਈ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਜੁਲਾਈ 2021 ਤੋਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਪੈਨਸ਼ਨ ਦੀ ਰਾਸ਼ੀ 750 ਰੁਪਏ ਪ੍ਰਤੀ ਮਹੀਨਾ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ 26 ਲੱਖ 92 ਹਜ਼ਾਰ ਤੋਂ ਜ਼ਿਆਦਾ ਲਾਭਪਾਤਰੀਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ । ਇਨ੍ਹਾਂ ਵਿੱਚੋਂ 18.15 ਲੱਖ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਹਨ। ਸਤੰਬਰ 2021 ਤੱਕ ਦੀ ਪੈਨਸ਼ਨ ਲਾਭਪਤਾਰੀਆਂ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2021-22 ਲਈ 4000 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਗਿਆ ਹੈ। ਸਰਕਾਰ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਅਦਾਇਗੀ ਹਰ ਮਹੀਨੇ ਸਮੇਂ ਸਿਰ ਭੇਜਣ ਲਈ ਯਤਨਸ਼ੀਲ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਪ੍ਰਮੁੱਖ ਸਕੱਤਰ ਰਾਜੀ ਪੀ. ਸ੍ਰੀਵਾਸਤਵਾ, ਡਾਇਰੈਕਟਰ ਬੀ. ਸ੍ਰੀਨਿਵਾਸਨ, ਐਡੀਸ਼ਨਲ ਡਾਇਰੈਕਟਰ ਲਿਲੀ ਚੌਧਰੀ, ਜੁਆਇੰਟ ਡਾਇਰੈਕਟਰ ਚਰਨਜੀਤ ਸਿੰਘ ਮਾਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।