Connect with us

punjab

ਪੰਜਾਬ ਪੁਲਿਸ ਨੇ ਦੀਵਾਲੀ ਦੀ ਪੂਰਵ ਸੰਧਿਆ ਨੂੰ ਇੱਕ ਹੋਰ ਸੰਭਾਵਿਤ ਅੱਤਵਾਦੀ ਹਮਲੇ ਨੂੰ ਕੀਤਾ ਨਾਕਾਮ ; ਤਿੰਨ ਗ੍ਰਿਫਤਾਰ, ਟਿਫਨ ਬੰਬ ਬਰਾਮਦ

Published

on

Punjab Police

ਚੰਡੀਗੜ੍ਹ, ਨਵੰਬਰ : ਸਰਹੱਦੀ ਸੂਬੇ ਪੰਜਾਬ ਵਿੱਚ ਇੱਕ ਹੋਰ ਸੰਭਾਵਿਤ ਅੱਤਵਾਦੀ ਹਮਲੇ ਨੂੰ ਨਾਕਾਮ ਕਰਦੇ ਹੋਏ ਪੰਜਾਬ ਪੁਲਿਸ ਨੇ ਦੀਵਾਲੀ ਦੀ ਪੂਰਵ ਸੰਧਿਆ ਨੂੰ ਜਿ਼ਲ੍ਹਾ ਫਿਰੋਜ਼ਪੁਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਸਥਿਤ ਪਿੰਡ ਅਲੀ ਕੇ ਵਿਖੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਇੱਕ ਹੋਰ ਟਿਫ਼ਨ ਬੰਬ ਬਰਾਮਦ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ , ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਨੇ ਸੋਮਵਾਰ ਨੂੰ ਦੋ ਵਿਅਕਤੀਆਂ ਨੂੰ ਜਲਾਲਾਬਾਦ ਬੰਬ ਧਮਾਕੇ ਮਾਮਲੇ ਵਿੱਚ ਦੋਸ਼ੀ ਰਣਜੀਤ ਸਿੰਘ ਉਰਫ਼ ਗੋਰਾ ਨੂੰ ਪਨਾਹ ਦੇਣ ਅਤੇ ਸਹਾਇਤਾ ਕਰਨ ਦੇ ਦੋਸ਼ ਤਹਿਤ ਗ੍ਰਿਫਤਾਰ ਕੀਤਾ ਸੀ।ਜਲਾਲਾਬਾਦ ਬੰਬ ਧਮਾਕਾ ਕੇਸ ਦੀ ਜਾਂਚ ਐਨਆਈਏ ਵਲੋਂ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਜਸਵੰਤ ਸਿੰਘ ਉਰਫ਼ ਸਿ਼ੰਦਾ ਬਾਬਾ ਵਾਸੀ ਪਿੰਡ ਝੁੱਗੇ ਨਿਹੰਗਾ ਵਾਲਾ, ਫਿਰੋਜ਼ਪੁਰ ਅਤੇ ਬਲਵੰਤ ਸਿੰਘ ਵਾਸੀ ਪਿੰਡ ਵਲੀਪੁਰ ਖੁਰਦ, ਲੁਧਿਆਣਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਜੀਤ ਸਿੰਘ ਉਰਫ ਗੋਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਜਿਕਰਯੋਗ ਹੈ ਕਿ ਪਿੰਡ ਝੁੱਗੇ ਨਿਹੰਗਾ ਵਾਲੇ ਦੇ ਬਲਵਿੰਦਰ ਸਿੰਘ ਉਰਫ ਬਿੰਦੂ ਦੀ 15 ਸਤੰਬਰ 2021 ਨੂੰ ਰਾਤ 8 ਵਜੇ ਦੇ ਕਰੀਬ ਜਲਾਲਾਬਾਦ ਸ਼ਹਿਰ ਵਿੱਚ ਇੱਕ ਮੋਟਰਸਾਈਕਲ ਧਮਾਕੇ ਵਿੱਚ ਮੌਤ ਹੋ ਗਈ ਸੀ। ਉਹ ਅਪਰਾਧਿਕ ਪਿਛੋਕੜ ਨਾਲ ਸਬੰਧਤ ਸੀ। ਜਲਾਲਾਬਾਦ ਬੰਬ ਧਮਾਕਾ ਮਾਮਲੇ ਵਿੱਚ ਪਹਿਲਾਂ ਹੀ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਕੋਲੋਂ 1 ਟਿਫ਼ਨ ਬੰਬ, 2 ਪੈੱਨ ਡਰਾਈਵਜ਼ ਅਤੇ 1 ਲੱਖ 15 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਦੋ ਦੋਸ਼ੀਆਂ ਕੋਲ ਇੱਕ ਟਿਫ਼ਨ ਬੰਬ ਸੀ, ਜੋ ਉਨ੍ਹਾਂ ਨੇ ਖੇਤਾਂ ਵਿੱਚ ਛੁਪਾ ਕੇ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਖੁਲਾਸੇ ਤੋਂ ਬਾਅਦ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਅਤੇ ਲੁਧਿਆਣਾ ਅਤੇ ਸੀ.ਆਈ.ਏ. ਜਗਰਾਉਂ ਦੀਆਂ ਟੀਮਾਂ ਵੱਲੋਂ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਪਿੰਡ ਅਲੀ ਕੇ ਵਿਖੇ ਇੱਕ ਸਾਂਝਾ ਸਰਚ ਆਪ੍ਰੇਸ਼ਨ ਚਲਾਇਆ ਗਿਆ ਅਤੇ ਟਿਫਿਨ ਬੰਬ ਬਰਾਮਦ ਕੀਤਾ ਗਿਆ।

ਏ.ਡੀ.ਜੀ.ਪੀ. (ਅੰਦਰੂਨੀ ਸੁਰੱਖਿਆ) ਆਰ.ਐਨ ਢੋਕੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਆਸ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਅੰਮ੍ਰਿਤਸਰ ਦਿਹਾਤੀ, ਕਪੂਰਥਲਾ, ਫਾਜਿ਼ਲਕਾ ਅਤੇ ਤਰਨਤਾਰਨ ਤੋਂ ਟਿਫਿਨ ਬੰਬ ਬਰਾਮਦ ਕੀਤੇ ਜਾ ਚੁੱਕੇ ਹਨ।

ਦੱਸਣਯੋਗ ਹੈ ਕਿ 1 ਨਵੰਬਰ, 2021 ਨੂੰ ਲੁਧਿਆਣਾ(ਦਿਹਾਤੀ) ਦੇ ਥਾਣਾ ਸਿੱਧਵਾਂ ਬੇਟ ਵਿਖੇ ਆਈਪੀਸੀ ਦੀ ਧਾਰਾ 212 ਅਤੇ 216 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ.) ਐਕਟ ਦੀਆਂ ਧਾਰਾਵਾਂ 18 ਅਤੇ 19 ਤਹਿਤ ਐਫਆਈਆਰ ਨੰਬਰ 181 ਦਰਜ ਕੀਤੀ ਗਈ ਸੀ।