Connect with us

punjab

ਡੀਏਪੀ ਦੀ ਕਮੀ ਜਲਦ ਪੂਰੀ ਹੋਵੇਗੀ : ਰਣਦੀਪ ਨਾਭਾ

Published

on

ਕੇਂਦਰ ਸਰਕਾਰ ਵੱਲੋਂ ਪ੍ਰਤੀ ਦਿਨ ਸੱਤ ਰੈਕ ਦੇਣ ਦਾ ਭਰੋਸਾ

ਚੰਡੀਗੜ੍ਹ, 15 ਨਵੰਬਰ : ਪੰਜਾਬ ਦੇ ਖੇਤੀਬਾੜੀ ਮੰਤਰੀ ਰਣਦੀਪ ਸਿੰਘ ਨਾਭਾ ਦੇ ਅਣਥੱਕ ਯਤਨਾਂ ਸਦਕਾ ਕੇਂਦਰ ਸਰਕਾਰ ਨੇ ਅੱਜ ਤੋਂ ਡਾਈ-ਅਮੋਨੀਅਮ ਫਾਸਫੇਟ (ਡੀ.ਏ.ਪੀ.) ਦੇ ਸੱਤ ਰੈਕ ਪ੍ਰਤੀ ਦਿਨ ਦੇਣ ਦਾ ਭਰੋਸਾ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸ੍ਰੀ ਰਣਦੀਪ ਨਾਭਾ ਨੇ ਦੱਸਿਆ ਕਿ ਇਸ ਖੇਪ ਨਾਲ ਅਸੀਂ ਇੱਕ ਹਫ਼ਤੇ ਅੰਦਰ ਹੀ ਮੌਜੂਦਾ ਸਥਿਤੀ ਨਾਲ ਨਜਿੱਠਣ ਯੋਗ ਹੋ ਗਏ ਹਾਂ ਕਿਉਂਕਿ ਭਾਰਤ ਸਰਕਾਰ ਵੱਲੋਂ ਅੱਜ ਤੋਂ ਰੋਜ਼ਾਨਾ ਸੱਤ ਰੈਕ ਦੇਣ ਦਾ ਵਾਅਦਾ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਸਾਰੇ ਜ਼ਿਲ੍ਹਿਆਂ ਦੇ ਕੁੱਲ 42 ਰੈਕ ਬਕਾਇਆ ਹਨ। ਜੇਕਰ ਹਰ ਰੋਜ਼ ਸੱਤ ਰੈਕ ਆਉਣਗੇ, ਤਾਂ ਅਸੀਂ ਇੱਕ ਹਫ਼ਤੇ ਵਿੱਚ ਸਾਰੀ ਘਾਟ ਪੂਰੀ ਕਰ ਲਵਾਂਗੇ।

ਖੇਤੀਬਾੜੀ ਮੰਤਰੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਅੱਜ ਪੰਜਾਬ ਨੂੰ ਡੀਏਪੀ ਦੀ ਸਪਲਾਈ ਦੇ ਸਬੰਧ ਵਿੱਚ ਭਾਰਤ ਸਰਕਾਰ ਦੇ ਸਕੱਤਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਵੱਲੋਂ ਇਸ ਅਲਾਟਮੈਂਟ ਦਾ ਭਰੋਸਾ ਦਿੱਤਾ ਗਿਆ। ਇਸ ਉਪਰੰਤ ਮੰਤਰੀ ਨੇ ਅੱਜ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫੀਲਡ ਸਟਾਫ ਨੂੰ ਜਮ੍ਹਾਂਖੋਰੀ/ਕਾਲੇਬਾਜ਼ਾਰੀ ਅਤੇ ਵੱਧ ਕੀਮਤ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਫੀਲਡ ਸਟਾਫ ਨੂੰ ਕਿਸਾਨ ਯੂਨੀਅਨਾਂ ਦੇ ਸੰਪਰਕ ਵਿੱਚ ਰਹਿਣ ਅਤੇ ਭਾਰਤ ਸਰਕਾਰ ਦੁਆਰਾ ਡੀਏਪੀ ਦੀ ਨਵੀਨਤਮ ਅਲਾਟਮੈਂਟ ਯੋਜਨਾ ਬਾਰੇ ਜਾਣੂ ਕਰਵਾਉਣ ਲਈ ਵੀ ਕਿਹਾ ਤਾਂ ਜੋ ਕੋਈ ਵਿਰੋਧ ਨਾ ਹੋਵੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਅਤ ਲੁਹਾਈ ਨੂੰ ਯਕੀਨੀ ਬਣਾਉਣ।

ਡੀ.ਏ.ਪੀ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਾਈਕਰੋ ਪਲਾਨਿੰਗ ਬਾਰੇ ਗੱਲ ਕਰਦਿਆਂ ਸ੍ਰੀ ਨਾਭਾ ਨੇ ਕਿਹਾ ਕਿ ਨਿਯਮਿਤ ਸਟਾਕ ਦੀ ਜਾਂਚ ਕਰਨ ਲਈ ਉਨ੍ਹਾਂ ਵੱਲੋਂ ਸੂਬੇ ਦੇ ਸਮੂਹ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਇੱਕ ਵਰਚੁਅਲ ਮੀਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਡੀਏਪੀ ਸਪਲਾਇਰ ਕੰਪਨੀਆਂ ਵੱਲੋਂ 15 ਤੋਂ 20 ਨਵੰਬਰ ਤੱਕ ਦੇ 32 ਡੀਏਪੀ ਰੈਕ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਨੂੰ ਭਾਰਤ ਸਰਕਾਰ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਸਬੰਧਤ ਡੀਏਪੀ ਸਪਲਾਇਰਾਂ ਨੂੰ ਮੰਗ ਪੱਤਰ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਹਨਾਂ ਅੱਗੇ ਕਿਹਾ ਕਿ ਕੁੱਲ 2.56 ਲੱਖ ਮੀਟਰਕ ਟਨ ਦੀ ਵੰਡ ਦੇ ਮੁਕਾਬਲੇ, ਹੁਣ ਤੱਕ 32 ਰੈਕ (87744 ਮੀਟਰਿਕ ਟਨ) ਪ੍ਰਾਪਤ ਹੋ ਚੁੱਕੇ ਹਨ ਅਤੇ 6 ਹੋਰ ਰੈਕ (18095 ਮੀਟਰਿਕ ਟਨ) ਆ ਰਹੇ ਹਨ ਅਤੇ ਜਿਹਨਾਂ ਦੇ ਜਲਦ ਹੀ ਪ੍ਰਾਪਤ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਵੱਖ-ਵੱਖ ਕੰਪਨੀਆਂ ਵੱਲੋਂ 14 ਹੋਰ ਰੈਕਾਂ (41514 ਮੀਟਰਕ ਟਨ) ਦੀ ਮੰਗ ਕੀਤੀ ਗਈ ਹੈ।

Continue Reading

©2024 World Punjabi TV