Punjab
2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪਿੰਡ ਰਾਮਗੜ੍ਹ ਭੁੰਦੜ ਨੇ ਸਾਰੀਆਂ ਸਿਆਸੀ ਪਾਰਟੀਆਂ ਦਾ ਕੀਤਾ ਬਾਈਕਾਟ
5 ਅਪ੍ਰੈਲ 2024: ਦੇਸ਼ ਨੂੰ ਆਜ਼ਾਦ ਹੋਏ ਕਰੀਬ 75 ਸਾਲ ਦਾ ਸਮਾਂ ਹੋ ਚੁੱਕਿਆ ਹੈ । ਪਰ ਪੰਜਾਬ ਦਾ ਇੱਕ ਅਜਿਹਾ ਪਿੰਡ ਜੋ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਅੱਜ ਵੀ ਵਿਕਾਸ ਕਾਰਜਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਿਆ ਹੋਇਆ ਬਠਿੰਡੇ ਜ਼ਿਲ੍ਹੇ ਦਾ ਪਿੰਡ ਰਾਮਗੜ੍ਹ ਭੂੰਦੜ ਦੇ ਵਾਸੀਆਂ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਭਾਵੇਂ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਅੱਜ ਵੀ ਉਹ ਨਰਕ ਭਰੀ ਜ਼ਿੰਦਗੀ ਬਿਤਾਉਣ ਲਈ ਮਜਬੂਰ ਹਨ। ਕਿਉਂਕਿ ਉਹਨਾਂ ਦੇ ਪਿੰਡ ਵਿਚਕਾਰ ਬਣੇ ਗੰਦੇ ਟੋਬੇ ਨੇ ਸਾਰੇ ਪਿੰਡ ਦਾ ਜੀਣਾ ਬੇਹਾਲ ਕੀਤਾ ਹੋਇਆ। ਇਸ ਟੋਬੇ ਵਿੱਚੋਂ ਆਉਣ ਵਾਲੀ ਗੰਦੀ ਬਦਬੋ ਕਾਰਨ ਸਾਰੇ ਪਿੰਡ ਵਾਸੀ ਪਰੇਸ਼ਾਨ ਹਨ। ਇਸ ਦੇ ਨਾਲ ਹੀ ਧਰਤੀ ਹੇਠਲਾ ਪਾਣੀ ਖਾਰਾ ਹੋਣ ਕਾਰਨ ਪਿੰਡ ਵਾਸੀਆਂ ਨੂੰ ਪੀਣ ਦੇ ਸਾਫ ਪਾਣੀ ਦਾ ਵੀ ਪ੍ਰਬੰਧ ਦੂਰੋਂ ਨੇੜਿਓ ਕਰਨਾ ਪੈਂਦਾ ਹੈ।
ਸਿੱਖਿਆ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਪਿੰਡ ਵਿੱਚ ਅੱਠਵੀਂ ਤੱਕ ਦਾ ਸਕੂਲ ਹੈ। ਅੱਠਵੀਂ ਤੋਂ ਬਾਅਦ ਪਿੰਡ ਦੇ ਬੱਚਿਆਂ ਨੂੰ ਦੂਸਰੇ ਪਿੰਡਾਂ ਵਿੱਚ ਉਚੇਰੀ ਸਿੱਖਿਆ ਲਈ ਜਾਣਾ ਪੈਂਦਾ ਹੈ । ਜਿਸ ਕਾਰਨ ਪਿੰਡ ਵਾਸੀਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਹਰ ਵਾਰ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਸਿਆਸੀ ਲੋਕ ਉਨਾਂ ਨਾਲ ਵਾਅਦਾ ਕਰ ਜਾਂਦੇ ਹਨ। ਪਰ ਇਹ ਵਾਅਦਾ ਪੂਰਾ ਨਹੀਂ ਕਰਦੇ ,ਜਿਸ ਕਾਰਨ ਪਿੰਡ ਵਾਸੀ ਪਰੇਸ਼ਾਨ ਹਨ।
ਪਿੰਡ ਵਾਸੀਆਂ ਨੇ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਉਨਾਂ ਦੇ ਪਿੰਡ ਵਿੱਚ ਕੋਈ ਵੀ ਸਿਆਸੀ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਜਾਂ ਆਜ਼ਾਦ ਉਮੀਦਵਾਰ ਵੋਟਾਂ ਮੰਗਣ ਆਵੇਗਾ ਤਾਂ ਉਸਦਾ ਸ਼ਾਂਤਮਈ ਵਿਰੋਧ ਕੀਤਾ ਜਾਵੇਗਾ। ਸਮੁੱਚੇ ਪਿੰਡ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਦਾ ਸ਼ਾਂਤਮਈ ਬਾਈਕਾਟ ਕੀਤਾ ਜਾਵੇਗਾ। ਅਤੇ ਕੋਈ ਵੀ ਪਿੰਡ ਵਾਸੀ ਵੋਟ ਪਾਉਣ ਨਹੀਂ ਜਾਵੇਗਾ। ਇਸ ਦੇ ਨਾਲ ਹੀ ਉਹ ਆਪਣੇ ਪਿੰਡ ਵਿੱਚ ਕਿਸੇ ਵੀ ਸਿਆਸੀ ਪਾਰਟੀ ਦਾ ਬੂਥ ਨਹੀਂ ਲੱਗਣ ਦੇਣਗੇ।