Punjab
RAM RAHIM ਨੂੰ ਵਾਰ ਵਾਰ ਪੈਰੋਲ; ਵੋਟ ਦੀ ਤਾਕਤ; ਲੋਕਤੰਤਰਿਕ ਦੇਸ਼ ਦਾ ਦੋਗਲਾ ਕਾਨੂੰਨ!
RAM RAHIM : ਅੱਜ ਅਸੀਂ ਅਜਿਹੇ ਮੁੱਦੇ ਉੱਪਰ ਗੱਲ ਕਰਨ ਜਾ ਰਹੇ ਹਾਂ ਜੋ ਸਿਰਫ ਧਾਰਮਿਕ ਜਾਂ ਰਾਜਨੀਤਕ ਮਸਲਾ ਨਹੀਂ ਸਗੋਂ ਇਨਸਾਫ਼ ਅਤੇ ਨੈਤਿਕਤਾ ਦਾ ਮਸਲਾ ਹੈ। ਸਿਰਸੇ ਵਾਲੇ ਸਾਧ ਰਾਮ ਰਹੀਮ ਜੋ ਬਲਾਤਕਾਰ ਅਤੇ ਕਤਲਾਂ ਵਰਗੇ ਸੰਗੀਨ ਜੁਰਮਾਂ ਤਹਿਤ ਸਜ਼ਾ ਕੱਟ ਰਿਹਾ ਹੈ ਨੂੰ ਵਾਰ ਵਾਰ ਪੈਰੋਲ ਦਿੱਤੀ ਜਾ ਰਹੀ ਹੈ ਕੀ ਇਹ ਵੋਟ ਦੀ ਤਾਕਤ ਹੈ ? ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਲੋਕਤੰਤਰਿਕ ਦੇਸ਼ ਭਾਰਤ ਵਿੱਚ ਦੋਗਲਾ ਕਾਨੂੰਨ ਹੈ ਕਿਉੰਕਿ ਇੱਕ ਬਲਾਤਕਾਰੀ ਅਤੇ ਕਾਤਲ ਨੂੰ ਵਾਰ ਵਾਰ ਜੇਲ੍ਹ ਤੋਂ ਬਾਹਰ ਭੇਜਿਆ ਰਿਹਾ ਹੈ ਪਰ ਦੂਜੇ ਪਾਸੇ ਧਰਮ ਦੀ ਲੜਾਈ ਲੜਨ ਵਾਲੇ ਬੰਦੀ ਸਿੱਖਾਂ ਨੂੰ ਸਜ਼ਾਵਾਂ ਪੂਰੀਆਂ ਕਰ ਲੈਣ ਦੇ ਬਾਵਜੂਦ ਰਿਹਾਅ ਨਹੀਂ ਕੀਤਾ ਜਾ ਰਿਹਾ। ਇਹ ਸਿੱਖ ਸਿਆਸਤ ਦੇ ਨਕਾਰਾ ਹੋਣ ਦਾ ਵੀ ਸਬੂਤ ਹੈ ਅਤੇ ਸਿੱਖ ਸਿਆਸਤਦਾਨਾਂ ਦੀ ਸਿੱਖ ਕੌਮ ਪ੍ਰਤੀ ਗੈਰ ਸੰਜੀਦਗੀ ਅਤੇ ਜਵਾਬਦੇਹੀ ਨਾ ਹੋਣ ਨੂੰ ਦਰਸਾਉਂਦਾ ਹੈ। ਰਾਮ ਰਹੀਮ ਜੇਲ੍ਹ ਵਿੱਚ ਵੀ ਮਜ਼ੇ ਕਰ ਰਿਹਾ ਹੈ ਅਤੇ ਆਪਣਾ ਜਨਮ ਦਿਨ ਮਨਾਉਣ ਲਈ ਵੀ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਪਰ ਬੰਦੀ ਸਿੰਘਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ਸਮੇਂ ਵੀ ਕੇਵਲ ਘੰਟਿਆਂ ਦੇ ਹਿਸਾਬ ਨਾਲ ਪੈਰੋਲ ਮਿਲਦੀ ਹੈ। ਲੇਕਿਨ ਰਾਮ ਰਹੀਮ 30 -30,40-40 ਦਿਨ ਲਈ ਇਸ ਤਰ੍ਹਾਂ ਜੇਲ੍ਹ ਚੋਂ ਬਾਹਰ ਆਉਂਦਾ ਹੈ ਜਿਵੇਂ ਉਹ ਫੌਜ ਵਿੱਚੋਂ ਛੁੱਟੀ ਆ ਰਿਹਾ ਹੋਵੇ।
ਇਹ ਬਲਾਤਕਾਰੀ ਸਾਧ ਅੱਠ ਸਾਲਾਂ ਵਿੱਚ 14 ਵਾਰ ਪੈਰੋਲ ਤੇ ਰਿਹਾਅ ਹੋ ਚੁੱਕਾ ਹੈ। ਹੁਣ 5 ਅਗਸਤ ਨੂੰ ਉਹ 40 ਦਿਨ ਲਈ ਪੈਰੋਲ ਤੇ ਰਿਹਾਅ ਹੋ ਕੇ ਆਇਆ ਹੈ। ਇਹ ਪੈਰੋਲ ਉਸਨੂੰ ਆਪਣਾ ਜਨਮ ਦਿਨ ਮਨਾਉਣ ਲਈ ਮਿਲੀ ਹੈ। ਇੱਕ ਕਾਤਲ ਅਤੇ ਬਲਾਤਕਾਰੀ ਸਾਧ ਨੂੰ ਵਾਰ ਵਾਰ ਪੈਰੋਲ ਦੇਣ ਦਾ ਵੱਡਾ ਕਾਰਨ ਹੈ ਕਿ ਹਰਿਆਣਾ ਵਿੱਚ ਇਸ ਸਾਧ ਦੇ ਚੇਲਿਆਂ ਦੀ ਗਿਣਤੀ ਲੱਖਾਂ ਵਿੱਚ ਹੈ ਜੋ ਸੂਬੇ ਦੀ ਸਰਕਾਰ ਬਣਾਉਣ ਲਈ game changer ਮੰਨੇ ਜਾਂਦੇ ਹਨ। ਇਸ ਸਮੇਂ ਰਾਮ ਰਹੀਮ ਹਰਿਆਣਾ ਦੀ ਸੁਣਾਰੀਆ ਜੇਲ੍ਹ ਵਿੱਚ ਹੈ। ਹਰਿਆਣਾ ਸਰਕਾਰ ਨੇ ਸੱਤ ਵਾਰ ਇਸਨੂੰ ਚੋਣਾਂ ਤੋਂ ਪਹਿਲਾਂ ਜੇਲ੍ਹ ਵਿੱਚੋਂ ਬਾਹਰ ਕੱਢਿਆ ਹੈ। ਇਸ ਲਈ ਸਰਕਾਰ ਦੀ ਅਲੋਚਨਾ ਵੀ ਹੁੰਦੀ ਆ ਰਹੀ ਹੈ ਪਰ ਜਿਨ੍ਹਾਂ ਦੀਆਂ ਵੋਟਾਂ ਨਾਲ ਸਰਕਾਰ ਬਣੀ ਹੈ ਉਨ੍ਹਾਂ ਦੀਆਂ ਭਾਵਨਾਵਾਂ ਅੱਗੇ ਨੈਤਿਕਤਾ ਨੂੰ ਛਿੱਕੇ ਟੰਗਣਾ ਤੇ ਆਲੋਚਨਾ ਸਹਿਣ ਕਰਨਾ ਕੋਈ ਔਖਾ ਨਹੀਂ ਹੈ ਇਨ੍ਹਾਂ ਸਿਆਸਤਦਾਨਾਂ ਲਈ। ਹੁਣ ਜੇਕਰ ਸਿੱਖਾਂ ਦੀ ਗੱਲ ਕਰੀਏ ਤਾਂ ਵੋਟਾਂ ਤਾਂ ਸਿੱਖਾਂ ਦੀਆਂ ਵੀ ਨੇ ਪਰ ਗੁੱਟਬਾਜ਼ੀ ਕਾਰਨ ਸਿੱਖਾਂ ਦੀ ਵੋਟ ਛੋਟੇ ਛੋਟੇ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇਸਦੇ ਨਾਲ ਹੀ ਸਿੱਖ ਲੀਡਰ ਸਿੱਖ ਕੌਮ ਪ੍ਰਤੀ ਗੈਰ ਸੰਜ਼ੀਦਾ ਹਨ ਅਤੇ ਕੌਮ ਪ੍ਰਤੀ ਜਵਾਬਦੇਹੀ ਨਹੀਂ ਸਮਝਦੇ। ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਪੰਥਕ ਪਾਰਟੀ ਦੱਸਦਾ ਹੈ ਨੇ ਵੀ ਬੰਦੀ ਸਿੱਖਾਂ ਦੀ ਰਿਹਾਈ ਲਈ ਕੁੱਝ ਨਹੀਂ ਕੀਤਾ ਹਾਲਾਂ ਕਿ ਅਕਾਲੀ ਦਲ ਕੇਂਦਰ ਸਰਕਾਰ ਨਾਲ ਦੋ ਵਾਰ ਭਾਈਵਾਲ ਵੀ ਰਿਹਾ ਹੈ। ਅਕਾਲੀ ਦਲ ਜਦੋਂ ਸੱਤਾ ਚੋਂ ਬਾਹਰ ਹੁੰਦਾ ਰਿਹਾ ਹੈ ਉਦੋਂ ਬੰਦੀ ਸਿੱਖਾਂ ਦੀ ਰਿਹਾਈ ਦੇ ਨਾਅਰੇ ਮਾਰਦਾ ਰਿਹਾ ਹੈ ਅਤੇ ਸੱਤਾ ਮਿਲਦਿਆਂ ਹੀ ਇਸ ਮੁੱਦੇ ਨੂੰ ਵਿਸਾਰ ਦਿੰਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੀ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ ਉਨ੍ਹਾਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਸਿੱਖ ਵੋਟਰ ਵੀ ਬੰਦੀ ਸਿੱਖਾਂ ਦੀ ਰਿਹਾਈ ਲਈ ਪੂਰੀ ਤਰ੍ਹਾਂ ਸੰਜ਼ੀਦਾ ਨਹੀਂ ਲੱਗਦੇ ਕਿਉੰਕਿ ਜਿਵੇਂ ਪੰਜਾਬ ਦੇ ਲੋਕਾਂ ਨੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਅੰਦੋਲਨ ਛੇੜ ਕੇ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ ਪਰ ਓਵੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਦੇ ਵੀ ਇਸ ਤਰ੍ਹਾਂ ਦਾ ਅੰਦੋਲਨ ਨਹੀਂ ਛੇੜਿਆ ਗਿਆ। ਕੁੱਝ ਮੁੱਠੀ ਭਰ ਲੋਕ ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਗਾਈ ਬੈਠੇ ਹਨ ਲੇਕਿਨ ਸਮੁੱਚੀ ਸਿੱਖ ਸੰਗਤ ਵੱਲੋਂ ਕੋਈ ਖਾਸ ਪ੍ਰੋਗਰਾਮ ਇਸ ਸੰਬੰਧ ਵਿੱਚ ਨਹੀਂ ਉਲੀਕਿਆ ਗਿਆ। ਭਾਈ ਗੁਰਬਖਸ਼ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ਰੱਖਿਆ ਸੀ ਪਰ ਉਨ੍ਹਾਂ ਦਾ ਸਾਥ ਪੂਰੇ ਪੰਜਾਬ ਦੇ ਸਿੱਖਾਂ ਨੇ ਨਹੀਂ ਦਿੱਤਾ। ਇਸੇ ਮਾਮਲੇ ਨੂੰ ਲੈ ਕੇ ਸਿੱਖ ਕੌਮ ਜਗਾਉਣ ਲਈ ਭਾਈ ਗੁਰਬਖਸ਼ ਸਿੰਘ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਅਕਾਲ ਚਲਾਣਾ ਕਰ ਗਏ ਪਰ ਕੌਮ ਫਿਰ ਵੀ ਨਹੀਂ ਜਾਗੀ। ਹੁਣ ਜੇਕਰ ਰਾਮ ਰਹੀਮ ਦੀ ਗੱਲ ਕਰੀਏ ਤਾਂ ਉਹ ਅਨੈਤਿਕ ਜੁਰਮ ਕਰਕੇ ਸਜ਼ਾ ਭੁਗਤ ਰਿਹਾ ਹੈ ਲੇਕਿਨ ਬੰਦੀ ਸਿੰਘ ਧਰਮ ਅਤੇ ਕੌਮ ਲਈ ਕੰਮ ਕਰਦੇ ਜੇਲ੍ਹਾਂ ਵਿੱਚ ਗਏ ਹਨ। ਇੱਕ ਬਲਾਤਕਾਰੀ ਹੋਣ ਦੇ ਬਾਵਜੂਦ ਰਾਮ ਰਹੀਮ ਦੇ ਚੇਲੇ ਉਸ ਨਾਲ ਚਟਾਨ ਵਾਂਗ ਖੜ੍ਹੇ ਹਨ ਪਰ ਕੌਮ ਲਈ ਲੜਨ ਵਾਲਿਆਂ ਬੰਦੀ ਸਿੰਘਾਂ ਨਾਲ ਮੁੱਠੀ ਭਰ ਲੋਕ ਖੜ੍ਹੇ ਹਨ। ਹੁਣ 11 ਅਗਸਤ ਨੂੰ ਬਾਗੀ ਅਕਾਲੀ ਆਗੂਆਂ ਵੱਲੋਂ ਨਵੀਂ ਪਾਰਟੀ ਬਣਾਈ ਜਾ ਰਹੀ ਹੈ, ਉਨ੍ਹਾਂ ਤੋਂ ਆਸ ਰੱਖੀ ਜਾ ਰਹੀ ਹੈ ਕਿ ਉਹ ਬੰਦੀ ਸਿੱਖਾਂ ਲਈ ਆਵਾਜ਼ ਉਠਾਉਣਗੇ। ਆਖਿਰ ਵਿੱਚ ਇਹ ਹੀ ਕਹਾਂਗੇ ਕਿ ਲੋਕਤੰਤਰ ਦਾ ਮਾੜਾ ਪੱਖ ਹੈ ਭੀੜਤੰਤਰ ਜਿੱਥੇ ਵੋਟਾਂ ਲਈ ਕਾਨੂੰਨ ਦੀ ਗ਼ਲਤ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਨੂੰ ਦੋਗਲੇਪਣ ਨਾਲ ਵਰਤਿਆ ਜਾਂਦਾ ਹੈ। ਇਹ ਜੋ ਵੀ ਹੋ ਰਿਹਾ ਹੈ ਅਨੈਤਿਕ ਗੈਰ ਸਿਧਾਂਤਕ ਹੈ।

