Connect with us

National

ਸੂਰਤਾ ਅਤੇ ਸੰਜੂ ਦੀ ਰੌਚਕ ਕਹਾਣੀ: ਬਹਾਦਰੀ ਤੋਂ ਸ਼ੌਹਰਤ ਤੱਕ ਔਰਤ ਦੀ ਅਟੱਲ ਤਰੱਕੀ ਦੀ ਦਾਸਤਾਨ

Published

on

ਕਿਸੇ ਕੌਮ ਦੀ ਤਰੱਕੀ ਨੂੰ ਕਈ ਵਾਰ ਵੱਡੇ ਬਿਆਨ ਜਾਂ ਸਰਕਾਰੀ ਰਿਪੋਰਟਾਂ ਨਹੀਂ, ਸਗੋਂ ਉਹ ਕਹਾਣੀਆਂ ਪ੍ਰਭਾਸ਼ਿਤ ਕਰਦੀਆਂ ਹਨ ਜੋ ਆਮ ਘਰਾਂ ਦੀਆਂ ਚੌਂਕੀਆਂ, ਪਾਣੀ ਨਾਲ ਭਰੀਆਂ ਨਦੀਆਂ ਅਤੇ ਧੂੜ ਨਾਲ ਭਰੇ ਖੇਡ ਮੈਦਾਨਾਂ ਵਿੱਚ ਜਨਮ ਲੈਂਦੀਆਂ ਹਨ। ਰਾਜਸਥਾਨ ਦੀ ਸੂਰਤਾ ਅਤੇ ਛੱਤੀਸਗੜ੍ਹ ਦੀ ਸੰਜੂ ਦੇਵੀ—ਇਹ ਦੋਵੇਂ ਔਰਤਾਂ ਭਾਰਤ ਦੀ ਬਦਲਦੀ ਤਸਵੀਰ ਦਾ ਉਹ ਰੌਸ਼ਨ ਚਿਹਰਾ ਹਨ ਜਿਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਅੱਜ ਦੀ ਭਾਰਤੀ ਔਰਤ ਨਾਂ ਸਿਰਫ ਘਰ ਦੀ ਲਾਜ ਹੈ, ਸਗੋਂ ਸਮਾਜ ਦੀ ਹਿੰਮਤ ਅਤੇ ਦੇਸ਼ ਦੀ ਸ਼ਾਨ ਵੀ ਹੈ।

ਰਾਜਸਥਾਨ ਦੇ ਡੂੰਗਰਪੁਰ ਵਿੱਚ ਸੂਰਤਾ ਆਪਣੀ ਬੇਟੀ ਦੇ ਨਾਲ ਘਰ ਦੇ ਵਿਹੜੇ ਵਿੱਚ ਬੈਠੀ ਸੀ ਕਿ ਇਕ ਅਚਾਨਕ ਧੱਡਮ ਦੀ ਉੱਚੀ ਆਵਾਜ਼ ਨੇ ਉਸਦੀ ਰੂਹ ਨੂੰ ਹਿਲਾ ਦਿੱਤਾ। ਬਾਲਾ ਜੀ ਨਗਰ ਦੇ ਰਹਿਣ ਵਾਲੇ ਧਰਮਿੰਦਰ, ਉਸਦੀ ਪਤਨੀ ਸ਼ਿਲਪਾ ਅਤੇ ਉਨ੍ਹਾਂ ਦਾ ਅੱਠ ਮਹੀਨੇ ਦਾ ਬੱਚਾ ਆਪਣੀ ਕਾਰ ਸਮੇਤ ਪੂਲੀ ਤੋਂ ਦਸ ਫੁੱਟ ਹੇਠਾਂ ਪਾਣੀ ਵਿੱਚ ਡਿੱਗ ਪਏ ਸਨ। ਕਾਰ ਹੌਲੀ–ਹੌਲੀ ਡੁੱਬ ਰਹੀ ਸੀ ਅਤੇ ਬੇਰਹਿਮ ਹਕੀਕਤ ਇਹ ਸੀ ਕਿ ਭੀੜ ਬਚਾਉਣ ਦੀ ਬਜਾਏ ਮੋਬਾਈਲਾਂ ਨਾਲ ਵੀਡੀਓ ਬਣਾਉਣ ਵਿੱਚ ਮਸਤ ਸੀ। ਪਰ ਜਿੱਥੇ ਸੈਂਕੜੇ ਲੋਕ ਮੋਬਾਈਲ ਦੀ ਲਾਈਟ ਨਾਲ ਦ੍ਰਿਸ਼ ਦੀਆਂ ਵੀਡੀਓ ਬਣਾਉਂਦੇ ਖੜੇ ਸਨ, ਉੱਥੇ ਇਕ ਔਰਤ ਨੇ ਮਨੁੱਖਤਾ ਦੀ ਲਾਟ ਬਾਲੀ। ਸੂਰਤਾ ਨੇ ਬਿਨਾਂ ਇਕ ਪਲ ਗਵਾਏ ਪਾਣੀ ਵਿੱਚ ਛਾਲ ਮਾਰ ਦਿੱਤੀ। ਉਸਨੇ ਕਾਰ ਦੇ ਸੀਸੇ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਕੱਚ ਨਹੀਂ ਟੁੱਟਿਆ। ਉਸਨੇ ਭੀੜ ਵੱਲ ਤੱਕ ਕੇ ਮਦਦ ਮੰਗੀ, ਜਿਸ ‘ਤੇ ਦੋ ਨੌਜਵਾਨ ਵੀ ਪਾਣੀ ਵਿੱਚ ਕੁੱਦੇ ਅਤੇ ਤਿੰਨਾਂ ਨੇ ਸੀਸੇ ਤੋੜ ਕੇ ਉਸ ਪਰਿਵਾਰ ਨੂੰ ਮੌਤ ਦੇ ਮੁੰਹ ਵਿੱਚੋਂ ਕੱਢ ਲਿਆ। ਅੱਜ ਸੂਰਤਾ ਦੀ ਬਹਾਦਰੀ ਦੀ ਚਰਚਾ ਇਲਾਕੇ ਦੀ ਹਰ ਗਲੀ–ਮੋੜ ‘ਤੇ ਹੈ, ਅਤੇ ਲੋਕ ਉਸ ਭੀੜ ਨੂੰ ਕੋਸ ਰਹੇ ਹਨ ਜੋ ਡੁੱਬ ਰਹੀਆਂ ਮਨੁੱਖੀ ਜ਼ਿੰਦਗੀਆਂ ਨੂੰ ਮੋਬਾਈਲ ਸਕਰੀਨ ਦੇ ਫਰੇਮ ਵਿੱਚ ਕੈਦ ਕਰ ਰਹੀ ਸੀ।

ਇਸੇ ਦੇਸ਼ ਦੇ ਦੂਜੇ ਕੋਨੇ ਵਿੱਚ, ਇਕ ਹੋਰ ਲੜਾਈ ਚੱਲ ਰਹੀ ਸੀ—ਪਰ ਇਹ ਲੜਾਈ ਪਾਣੀ ਦੀ ਨਹੀਂ, ਗਰੀਬੀ ਅਤੇ ਹਾਲਾਤਾਂ ਦੀ ਸੀ। ਛੱਤੀਸਗੜ੍ਹ ਦੀ ਰਾਏਪੁਰ ਦੀ ਰਹਿਣ ਵਾਲੀ ਸੰਜੂ ਦੇਵੀ ਦਿਹਾੜੀਦਾਰ ਪਿਤਾ ਦੀ ਝੌਂਪੜੀ ਵਿੱਚ ਪਲਦੀ ਵੱਡੀ ਹੋਈ। ਸੁਪਨੇ ਵੱਡੇ ਸਨ, ਪਰ ਹਾਲਾਤ ਪੈਰਾਂ ਵਿੱਚ ਬੇੜੀਆਂ ਵਾਂਗ ਸਨ। ਢਾਕਾ ਵਿੱਚ ਹੋ ਰਹੇ ਕੱਬਡੀ ਵਰਲਡ ਕੱਪ ਵਿੱਚ ਜਾਣ ਲਈ ਉਸਨੇ ਪੰਜ ਹਜ਼ਾਰ ਰੁਪਏ ਉਧਾਰ ਲਏ—ਕਿਉਂਕਿ ਸੁਪਨਾ ਗਰੀਬੀ ਤੋਂ ਵੱਡਾ ਸੀ। ਤਾਇਵਾਨ ਖ਼ਿਲਾਫ਼ ਮੈਚ ਦੇ ਪਹਿਲੇ ਹਾਫ ਵਿੱਚ ਸੰਜੂ ਨੇ ਚਾਰ ਪੁਆਇੰਟ ਦੀ ਸੁਪਰ ਰੇਡ ਮਾਰੀ ਅਤੇ ਭਾਰਤ ਨੂੰ ਉਹ ਬੜ੍ਹਤ ਦਿੱਤੀ ਜਿਸ ‘ਤੇ ਪੂਰਾ ਵਰਲਡ ਕੱਪ ਖੜ੍ਹਾ ਸੀ। ਇਕ ਝੌਂਪੜੀ ਦੀ ਲੜਕੀ ਨੇ ਦੇਸ਼ ਨੂੰ ਵਿਸ਼ਵ ਕੱਪ ਜਿਤਾਇਆ—ਇਹ ਨਾਂ ਕੇਵਲ ਖੇਡ ਦੀ ਜਿੱਤ ਸੀ, ਇਹ ਉਸ ਸੋਚ ਦੀ ਜਿੱਤ ਸੀ ਜੋ ਕਹਿੰਦੀ ਹੈ ਕਿ ਮੌਕੇ ਇੰਝ ਹੀ ਨਹੀਂ ਬਣਦੇ ਸਗੋਂ ਮਨ ਦੇ ਹੌਸਲੇ ਰਾਹ ਬਣਾਉਂਦੇ ਹਨ।

ਸੂਰਤਾ ਅਤੇ ਸੰਜੂ ਦੋਵੇਂ ਇੱਕ ਵੱਡਾ ਸੱਚ ਸਾਡੇ ਸਾਹਮਣੇ ਰੱਖਦੇ ਹਨ—ਭਾਰਤ ਦੀ ਔਰਤ ਹੁਣ ਡਰਦੀ ਨਹੀਂ, ਡਿਗਦੀ ਨਹੀਂ ਅਤੇ ਕਿਸੇ ਤੋਂ ਪਿੱਛੇ ਨਹੀਂ। ਉਹ ਜਾਨਾਂ ਵੀ ਬਚਾਉਂਦੀ ਹੈ, ਦੇਸ਼ ਦਾ ਝੰਡਾ ਵੀ ਉੱਚਾ ਕਰਦੀ ਹੈ । ਇਕ ਔਰਤ ਜਦੋਂ ਖੜ੍ਹਦੀ ਹੈ ਤਾਂ ਉਹ ਸਿਰਫ ਆਪਣੇ ਲਈ ਨਹੀਂ, ਪੂਰੀ ਕੌਮ ਲਈ ਰਾਹ ਬਣਾਉਂਦੀ ਹੈ।

ਇਹ ਦੋ ਕਹਾਣੀਆਂ ਸਿਰਫ ਪ੍ਰੇਰਨਾ ਨਹੀਂ, ਇਕ ਜਿੰਦਾ ਸਬੂਤ ਹਨ ਕਿ ਭਾਰਤ ਦੀ ਤਰੱਕੀ ਉਸ ਵੇਲੇ ਪੂਰੀ ਹੋਵੇਗੀ ਜਦੋਂ ਹਰ ਸੂਰਤਾ ਨਿਡਰ ਹੋ ਕੇ ਕਦਮ ਚੁੱਕ ਸਕੇਗੀ ਅਤੇ ਹਰ ਸੰਜੂ ਨੂੰ ਆਪਣੇ ਸੁਪਨਿਆਂ ਤੱਕ ਪਹੁੰਚਣ ਲਈ ਮੌਕਾ ਮਿਲੇਗਾ।
ਜਿੱਥੇ ਸੂਰਤਾ ਅਤੇ ਸੰਜੂ ਵਰਗੀਆਂ ਔਰਤਾਂ ਜਨਮ ਲੈਂਦੀਆਂ ਹਨ, ਉਹ ਭਾਰਤ ਕਦੇ ਹਾਰ ਨਹੀਂ ਸਕਦਾ।

ਕੁਲਵੰਤ ਸਿੰਘ ਗੱਗੜਪੁਰੀ