Connect with us

Iran–Israel war

ਮਿਡਲ ਈਸਟ ਦਾ ਨਵਾਂ ਖ਼ਤਰਾ: ਪ੍ਰਮਾਣੂ ਹਥਿਆਰਾਂ ਨਾਲੋਂ ਵੀ ਭਿਆਨਕ ਬਣਦੀ ਪਾਣੀ ਦੀ ਜੰਗ! 

Published

on

ਮਿਡਲ ਈਸਟ ਵਿੱਚ ਚੱਲ ਰਹੀ ਤਣਾਓਪੂਰਨ ਸਥਿਤੀ ਹੁਣ ਸਿਰਫ਼ ਰਵਾਇਤੀ ਜੰਗੀ ਹਥਿਆਰਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਹੌਲੀ-ਹੌਲੀ ਇੱਕ ਅਜਿਹੇ ਖ਼ਤਰਨਾਕ ਮੋੜ ਵੱਲ ਵਧ ਰਹੀ ਹੈ ਜਿੱਥੇ ਪਾਣੀ ਸਭ ਤੋਂ ਵੱਡਾ ਹਥਿਆਰ ਬਣਦਾ ਜਾ ਰਿਹਾ ਹੈ। ਇਤਿਹਾਸ ਵਿੱਚ ਅਸੀਂ ਅਕਸਰ ਪ੍ਰਮਾਣੂ ਹਥਿਆਰਾਂ ਨੂੰ ਸਭ ਤੋਂ ਵੱਡਾ ਖ਼ਤਰਾ ਮੰਨਦੇ ਰਹੇ ਹਾਂ, ਪਰ ਮੌਜੂਦਾ ਹਾਲਾਤ ਦਰਸਾ ਰਹੇ ਹਨ ਕਿ ਜੇਕਰ ਪਾਣੀ ਦੀ ਸਪਲਾਈ ਅਤੇ ਇਸ ਨਾਲ ਜੁੜੇ ਢਾਂਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਸਦਾ ਅਸਰ ਹੋਰ ਵੀ ਵਿਨਾਸ਼ਕਾਰੀ ਹੋ ਸਕਦਾ ਹੈ।

ਮਿਡਲ ਈਸਟ ਦੇ ਬਹੁਤ ਸਾਰੇ ਦੇਸ਼ ਪਹਿਲਾਂ ਹੀ ਪਾਣੀ ਦੀ ਕਮੀ ਨਾਲ ਜੂਝ ਰਹੇ ਹਨ। ਇਜ਼ਰਾਈਲ, ਸਾਊਦੀ ਅਰਬ, ਯੂਏਈ ਵਰਗੇ ਦੇਸ਼ ਆਪਣੇ ਪੀਣ ਵਾਲੇ ਪਾਣੀ ਲਈ ਵੱਡੇ ਪੱਧਰ ‘ਤੇ ਸਮੁੰਦਰੀ ਪਾਣੀ ਨੂੰ ਸਾਫ਼ ਕਰਨ ਵਾਲੇ ਡੀਸਲਿਨੇਸ਼ਨ ਪਲਾਂਟਾਂ ‘ਤੇ ਨਿਰਭਰ ਹਨ। ਜੇਕਰ ਜੰਗ ਦੇ ਦੌਰਾਨ ਇਹ ਪਲਾਂਟ ਨਿਸ਼ਾਨਾ ਬਣਦੇ ਹਨ, ਤਾਂ ਲੱਖਾਂ ਨਹੀਂ, ਕਰੋੜਾਂ ਲੋਕ ਇਕ ਝਟਕੇ ਵਿੱਚ ਪਾਣੀ ਤੋਂ ਵਾਂਝੇ ਹੋ ਸਕਦੇ ਹਨ। ਇਹ ਸਥਿਤੀ ਕਿਸੇ ਵੀ ਪ੍ਰਮਾਣੂ ਹਮਲੇ ਤੋਂ ਘੱਟ ਖ਼ਤਰਨਾਕ ਨਹੀਂ ਹੋਵੇਗੀ, ਕਿਉਂਕਿ ਇੱਥੇ ਮੌਤ ਤੁਰੰਤ ਨਹੀਂ, ਪਰ ਹੌਲੀ-ਹੌਲੀ ਤੜਫ਼ ਕੇ ਹੋਵੇਗੀ।

ਹਾਲੀਆ ਟਕਰਾਵਾਂ ਵਿੱਚ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਇਕ ਦੂਜੇ ਦੇ ਊਰਜਾ ਪਲਾਂਟਾਂ ਨਾਲ ਨਾਲ ਪਾਣੀ ਸਪਲਾਈ ਨਾਲ ਜੁੜੇ ਢਾਂਚਿਆਂ ਨੂੰ ਵੀ ਨਿਸ਼ਾਨਾ ਬਣਾਉਣ ਲੱਗ ਪਏ ਹਨ। ਊਰਜਾ ਪਲਾਂਟਾਂ ਉੱਤੇ ਹਮਲਿਆਂ ਦਾ ਸਿੱਧਾ ਅਸਰ ਪਾਣੀ ਉੱਤੇ ਪੈਂਦਾ ਹੈ, ਕਿਉਂਕਿ ਡੀਸਲਿਨੇਸ਼ਨ ਪਲਾਂਟਾਂ ਨੂੰ ਚਲਾਉਣ ਲਈ ਵੱਡੀ ਮਾਤਰਾ ਵਿੱਚ ਬਿਜਲੀ ਦੀ ਲੋੜ ਹੁੰਦੀ ਹੈ। ਜਿਵੇਂ ਹੀ ਬਿਜਲੀ ਘੱਟਦੀ ਹੈ, ਪਾਣੀ ਬਣਾਉਣ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਇਸ ਤਰ੍ਹਾਂ ਇੱਕ ਹਮਲਾ ਦੋਹਰਾ ਨੁਕਸਾਨ ਕਰਦਾ ਹੈ—ਊਰਜਾ ਵੀ ਗਈ ਤੇ ਪਾਣੀ ਵੀ।

ਗਾਜ਼ਾ ਪੱਟੀ ਵਿੱਚ ਪਹਿਲਾਂ ਹੀ ਇਸ ਤਰ੍ਹਾਂ ਦੀ ਸਥਿਤੀ ਦੇਖਣ ਨੂੰ ਮਿਲ ਚੁੱਕੀ ਹੈ, ਜਿੱਥੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕ ਗੰਦੇ ਪਾਣੀ ਪੀਣ ਲਈ ਮਜਬੂਰ ਹੋਏ, ਜਿਸ ਨਾਲ ਬਿਮਾਰੀਆਂ ਫੈਲਣ ਲੱਗੀਆਂ। ਯੂਨਾਈਟਡ ਨੇਸ਼ਨਜ਼ ਦੀਆਂ ਰਿਪੋਰਟਾਂ ਮੁਤਾਬਕ, ਜਦੋਂ ਸਾਫ਼ ਪਾਣੀ ਦੀ ਕਮੀ ਹੁੰਦੀ ਹੈ ਤਾਂ ਕਾਲਰਾ, ਡਾਇਰੀਆ ਅਤੇ ਹੋਰ ਘਾਤਕ ਬਿਮਾਰੀਆਂ ਤੇਜ਼ੀ ਨਾਲ ਫੈਲਦੀਆਂ ਹਨ, ਜੋ ਜੰਗ ਨਾਲੋਂ ਵੀ ਵੱਧ ਜਾਨਾਂ ਲੈ ਸਕਦੀਆਂ ਹਨ।
ਇਰਾਨ ਅਤੇ ਇਜ਼ਰਾਈਲ ਵਿਚਾਲੇ ਵਧ ਰਹੇ ਤਣਾਅ ਦੇ ਮੱਦੇਨਜ਼ਰ ਇਹ ਡਰ ਹੋਰ ਵੀ ਵੱਧ ਗਿਆ ਹੈ ਕਿ ਜੇਕਰ ਸਿੱਧੀ ਜੰਗ ਛਿੜਦੀ ਹੈ ਤਾਂ ਸਿਰਫ਼ ਫੌਜੀ ਢਾਂਚੇ ਹੀ ਨਹੀਂ, ਸਿਵਲ ਇੰਫਰਾਸਟਰੱਕਚਰ ਵੀ ਨਿਸ਼ਾਨੇ ‘ਤੇ ਹੋਵੇਗਾ। ਇਰਾਨ ਦੇ ਕੋਲ ਮਿਸਾਈਲ ਸਮਰੱਥਾ ਹੈ ਜੋ ਦੂਰ ਤੱਕ ਮਾਰ ਕਰ ਸਕਦੀ ਹੈ, ਜਦਕਿ ਇਜ਼ਰਾਈਲ ਦੇ ਕੋਲ ਉੱਚ-ਤਕਨੀਕੀ ਹਮਲਾਵਰ ਅਤੇ ਰੱਖਿਆ ਪ੍ਰਣਾਲੀਆਂ ਹਨ। ਇਸ ਤਕਨੀਕੀ ਜੰਗ ਵਿੱਚ ਪਾਣੀ ਦੇ ਸਰੋਤਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਰਣਨੀਤਕ ਚਾਲ ਬਣ ਸਕਦੀ ਹੈ।

ਇਸ ਤੋਂ ਇਲਾਵਾ, ਮਿਡਲ ਈਸਟ ਦੇ ਕਈ ਮਹੱਤਵਪੂਰਨ ਦਰਿਆ ਜਿਵੇਂ ਟਾਈਗ੍ਰਿਸ ਅਤੇ ਯੂਫਰੇਟਿਸ ਪਹਿਲਾਂ ਹੀ ਉ੍ਹਾਂਰਾਜਨੀਤਿਕ ਵਿਵਾਦਾਂ ਦਾ ਕੇਂਦਰ ਰਹੇ ਹਨ। ਤੁਰਕੀ, ਸੀਰੀਆ ਅਤੇ ਇਰਾਕ ਵਿਚਾਲੇ ਪਾਣੀ ਦੀ ਵੰਡ ਨੂੰ ਲੈ ਕੇ ਤਣਾਅ ਪਹਿਲਾਂ ਹੀ ਮੌਜੂਦ ਹੈ। ਜੇਕਰ ਜੰਗੀ ਹਾਲਾਤਾਂ ਵਿੱਚ ਬੰਨ੍ਹਾਂ ਜਾਂ ਨਹਿਰਾਂ ਨੂੰ ਨੁਕਸਾਨ ਪਹੁੰਚਦਾ ਹੈ, ਤਾਂ ਖੇਤੀਬਾੜੀ ਤਬਾਹ ਹੋ ਸਕਦੀ ਹੈ ਅਤੇ ਖੁਰਾਕ ਦੀ ਕਮੀ ਵੀ ਪੈਦਾ ਹੋ ਸਕਦੀ ਹੈ।
ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਜੰਗ ਹੁਣ ਸਿਰਫ਼ ਫੌਜਾਂ ਤੱਕ ਸੀਮਿਤ ਨਹੀਂ ਰਹੀ, ਸਗੋਂ ਆਮ ਲੋਕ ਇਸਦਾ ਸਿੱਧਾ ਸ਼ਿਕਾਰ ਬਣ ਰਹੇ ਹਨ। ਪਾਣੀ ਦੀ ਕਮੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਾਂਗ ਹੈ, ਕਿਉਂਕਿ ਪਾਣੀ ਜੀਵਨ ਦੀ ਬੁਨਿਆਦੀ ਲੋੜ ਹੈ। ਜੇਕਰ ਇਸਨੂੰ ਹਥਿਆਰ ਵਜੋਂ ਵਰਤਿਆ ਜਾਂਦਾ ਹੈ, ਤਾਂ ਇਹ ਜੰਗ ਨੂੰ ਪੂਰੀ ਤਰ੍ਹਾਂ ਗੈਰ-ਮਾਨਵੀ ਬਣਾ ਦਿੰਦਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੰਗਾਂ ਦਾ ਕੇਂਦਰ ਤੇਲ ਤੋਂ ਹਟ ਕੇ ਪਾਣੀ ਬਣ ਸਕਦਾ ਹੈ। ਜਿੱਥੇ ਪਹਿਲਾਂ ਦੇਸ਼ ਤੇਲ ਦੇ ਖੇਤਰਾਂ ‘ਤੇ ਕਬਜ਼ਾ ਕਰਨ ਲਈ ਲੜਦੇ ਸਨ, ਹੁਣ ਪਾਣੀ ਦੇ ਸਰੋਤ ਸਭ ਤੋਂ ਕੀਮਤੀ ਸੰਪਤੀ ਬਣ ਰਹੇ ਹਨ। ਮੌਸਮਾਂ ਦੀ ਤਬਦੀਲੀ ਕਾਰਨ ਵੀ ਮਿਡਲ ਈਸਟ ਵਿੱਚ ਸੋਕਾ ਵੱਧ ਰਿਹਾ ਹੈ, ਜਿਸ ਨਾਲ ਇਹ ਸੰਕਟ ਹੋਰ ਵੀ ਗੰਭੀਰ ਹੋ ਸਕਦਾ ਹੈ।
ਜੇਕਰ ਅੰਤਰਰਾਸ਼ਟਰੀ ਭਾਈਚਾਰਾ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ, ਤਾਂ ਮਿਡਲ ਈਸਟ ਵਿੱਚ ਚੱਲ ਰਹੀ ਇਹ ਜੰਗ ਇੱਕ ਅਜਿਹੀ ਦਿਸ਼ਾ ਵੱਲ ਵਧ ਸਕਦੀ ਹੈ ਜਿੱਥੇ ਗੋਲੀਆਂ ਅਤੇ ਬੰਬਾਂ ਨਾਲੋਂ ਵੱਧ ਖ਼ਤਰਨਾਕ ਹਥਿਆਰ ਪਾਣੀ ਦੀ ਕਮੀ ਹੋਵੇਗੀ। ਇਸਦਾ ਨਤੀਜਾ ਸਿਰਫ਼ ਮੌਤਾਂ ਹੀ ਨਹੀਂ, ਸਗੋਂ ਪੂਰੀ ਮਨੁੱਖਤਾ ਲਈ ਇੱਕ ਵੱਡਾ ਸੰਕਟ ਹੋਵੇਗਾ।

 

 

ਕੁਲਵੰਤ ਸਿੰਘ ਗੱਗੜਪੁਰੀ