News
ਕਿਹੜੇ ਨੇਤਾ ਨੂੰ ਗਾਂਧੀ ਨੇ ਕੁੱਟ ਪਵਾਈ ਤੇ ਕੌਣ ਹੈ ਜੋ ਸਿਆਸਤ ‘ਚ ਆਉਣ ਤੋਂ ਪਹਿਲਾਂ 40 ਲੱਖ ਮਹੀਨਾ ਕਮਾਉਂਦਾ ਸੀ? –
ਸਿਆਸਤ ਵਿੱਚ ਬਿਆਨਾਂ ਦੀ ਗਰਮੀ ਕਈ ਵਾਰ ਚੁਣਾਵੀ ਮੌਸਮ ਤੋਂ ਵੀ ਵੱਧ ਤਪਦੀ ਹੈ। ਕਦੇ ਕੋਈ ਨੇਤਾ ਆਪਣੇ ਉੱਤੇ ਹੋਈ ਘਟਨਾ ਦਾ ਹੈਰਾਨ ਕਰਨ ਵਾਲਾ ਖੁਲਾਸਾ ਕਰਦਾ ਹੈ ਤੇ ਕਦੇ ਕੋਈ ਆਪਣੇ ਪੁਰਾਣੇ ਰੁਤਬੇ ਅਤੇ ਕਮਾਈ ਦੇ ਅੰਕੜੇ ਸਾਹਮਣੇ ਰੱਖ ਕੇ ਚਰਚਾ ਦਾ ਕੇਂਦਰ ਬਣ ਜਾਂਦਾ ਹੈ। ਹਾਲ ਹੀ ਵਿੱਚ ਪੰਜਾਬ ਦੀ ਸਿਆਸਤ ਵਿੱਚ ਦੋ ਅਜਿਹੇ ਬਿਆਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ—ਇੱਕ ਪਾਸੇ ਰਵਨੀਤ ਸਿੰਘ ਬਿੱਟੂ ਦਾ ਇਹ ਦਾਅਵਾ ਕਿ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਨੂੰ ਪ੍ਰਿਯੰਕਾ ਗਾਂਧੀ ਵੱਲੋਂ ਭੇਜਿਆ ਗਿਆ ਅਤੇ ਉੱਥੇ ਉਨ੍ਹਾਂ ਨਾਲ ਮਾਰ ਕੁੱਟ ਹੋਈ । ਉਨ੍ਹਾਂ ਇਹ ਵੀ ਕਿਹਾ ਕਿ ਪ੍ਰਿਅੰਕਾ ਨੂੰ ਪਤਾ ਸੀ ਕਿ ਉੱਥੇ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ ਫਿਰ ਉਹ ਜਾਣ ਬੁੱਝ ਹੈ ਮੈਨੂੰ ਕਿਸਾਨ ਅੰਦੋਲਨ ਵਿੱਚ ਭੇਜਿਆ ਗਿਆ ਤੇ ਦੂਜੇ ਪਾਸੇ ਡਾ. ਨਵਜੋਤ ਕੌਰ ਸਿੱਧੂ ਦਾ ਇਹ ਕਹਿਣਾ ਕਿ ਉਹ ਸਿਆਸਤ ਵਿੱਚ ਆਉਣ ਤੋਂ ਪਹਿਲਾਂ। 40 ਲੱਖ ਰੁਪਏ ਮਹੀਨਾ ਅਤੇ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧ 25 ਲੱਖ ਰੁਪਏ ਮਹੀਨਾ ਕਮਾਉਂਦੇ ਸਨ।
ਇਹੋ ਜਿਹੇ ਬਿਆਨ ਸਿਰਫ਼ ਖ਼ਬਰ ਨਹੀਂ ਬਣਦੇ, ਸਗੋਂ ਸਿਆਸੀ ਮੰਚਾਂ, ਚਾਹ ਦੀਆਂ ਟੱਪਰੀਆਂ, ਪਿੰਡਾਂ ਦੀਆਂ ਸੱਥਾਂ ਅਤੇ ਸੋਸ਼ਲ ਮੀਡੀਆ ‘ਤੇ ਵੀ ਤਿੱਖੀ ਚਰਚਾ ਨੂੰ ਜਨਮ ਦੇਂਦੇ ਹਨ। ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਸਿਆਸੀ ਸਗੁਫੇ ਹਨ ਜਾਂ ਇਨ੍ਹਾਂ ਦੇ ਪਿੱਛੇ ਕੋਈ ਵੱਡਾ ਸਿਆਸੀ ਸੰਦੇਸ਼ ਵੀ ਲੁਕਿਆ ਹੋਇਆ ਹੈ? ਹੁਣ ਪਹਿਲਾਂ ਗੱਲ ਕਰਦੇ ਹਾਂ ਰਵਨੀਤ ਬਿੱਟੂ ਦੀ ਉਹ ਜਦੋਂ ਕਾਂਗਰਸ ਪਾਰਟੀ ਵਿੱਚ ਸਨ ਤਾਂ ਉਹ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੇ ਸੋਹਿਲੇ ਗਾਉਂਦੇ ਸਨ। ਰਾਹੁਲ ਗਾਂਧੀ ਬਾਰੇ ਤਾਂ ਇੱਥੋਂ ਤੱਕ ਕਹਿੰਦੇ ਰਹੇ ਕਿ ਇਨ੍ਹਾਂ ਦੀ ਪ੍ਰੇਰਣਾ ਨਾਲ ਉਨ੍ਹਾਂ ਨੇ ਪੱਗ ਬੰਨਣੀ ਸ਼ੁਰੂ ਕੀਤੀ ਸੀ ਅਤੇ ਹਾਲ ਵਿੱਚ ਉਨ੍ਹਾਂ ਨੇ ਇਹ ਦੋਸ਼ ਲਗਾਇਆ ਸੀ ਰਾਹੁਲ ਗਾਂਧੀ ਨੇ ਉਨ੍ਹਾਂ ਦੀ ਪੱਗ ਲਾਹੁਣ ਦੀ ਕੋਸ਼ਿਸ ਕੀਤੀ। ਹੁਣ ਬੀਤੇ ਦਿਨ ਉਨ੍ਹਾਂ ਨੇ ਇਹ ਕਹਿ ਦਿੱਤਾ ਕਿ ਉਨ੍ਹਾਂ ਨੂੰ ਕਿਸਾਨਾਂ ਤੋ ਕੁੱਟ ਪ੍ਰਿਅੰਕਾ ਗਾਂਧੀ ਦੀ ਵਜ੍ਹਾਂ ਨਾਲ ਪਈ ਸੀ। ਜੇਕਰ ਸੱਚਮੁੱਚ ਉਨ੍ਹਾਂ ਨੂੰ ਕੁੱਟ ਪ੍ਰਿਅੰਕਾ ਗਾਂਧੀ ਕਰਕੇ ਪਈ ਸੀ ਅਤੇ ਪ੍ਰਿਅੰਕਾ ਗਾਂਧੀ ਨੇ ਜਾਣ ਬੁੱਝ ਕੇ ਕੁੱਟ ਪਵਾਈ ਸੀ ਤਾ ਇਹ ਗੱਲ ਛੇ ਸੱਤ ਸਾਲ ਬਾਅਦ ਹੀ ਯਾਦ ਕਿਉਂ ਆਈ ਉਨ੍ਹਾਂ ਨੇ ਉਦੋਂ ਪਾਰਟੀ ਕਿਉਂ ਨਹੀਂ ਸੀ ਛੱਡੀ। ਦੂਜੇ ਪਾਸੇ ਬੀਬੀ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਚਾਲੀ ਲੱਖ ਰੁਪਏ ਅਤੇ ਨਵਜੋਤ ਸਿੰਘ ਸਿੱਧੂ 25 ਲੱਖ ਰੁਪਏ ਮਹੀਨਾ ਕਮਾਉਂਦੇ ਸਨ। ਇਹ ਬਿਆਨ ਉਨ੍ਹਾਂ ਦੱਖਣ ਵਿੱਚ ਇਕ ਪ੍ਰੋਗਰਾਮ ਦੌਰਾਨ ਦਿੱਤਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਵਿਚਾਰ ਚੰਗੇ ਹਨ ਪਰ ਕੰਮ ਚੰਗੇ ਨਹੀ। ਨਾਲ ਹੀ ਉਨ੍ਹਾਂ ਨੇ ਹੋਰ ਕਿਹਾ ਕਿ ਰਾਹੁਲ ਗਾਂਧੀ ਨਾਲੋਂ ਨਰਿੰਦਰ ਮੋਦੀ ਕਿਤੇ ਬਿਹਤਰ ਹਨ। ਡਾਕਟਰ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਨੂੰ ਗਹਿਰਾਈ ਨਾਲ ਵਾਚੀਏ ਤਾਂ ਇੰਝ ਲੱਗਦਾ ਹੈ ਕਿ ਉਹ ਕਦੇ ਕੁੱਝ ਬੋਲਦੇ ਹਨ ਅਤੇ ਕਦੇ ਕੁੱਝ ਪਹਿਲੇ ਬਿਆਨ ਦੇ ਖਿਲਾਫ। ਜਦੋਂ ਉਨ੍ਹਾਂ ਨੇ ਇਹ ਬਿਆਨ ਦਿੱਤਾ ਸੀ ਕਿ ਪੰਜ ਸੌ ਕਰੋੜ ਰੁਪਏ ਦੀ ਅਟੈਚੀ ਨਾਲ ਮੁੱਖ ਮੰਤਰੀ ਦੀ ਕੁਰਸੀ ਮਿਲਦੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਉਨ੍ਹਾਂ ਕੋਲ ਬਹੁਤਾ ਪੈਸਾ ਨਹੀਂ। 65 ਲੱਖ ਰੁਪਏ ਮਹੀਨਾ ਕਮਾਉਣ ਵਾਲਿਆਂ ਕੋਲ ਬਹੁਤਾ ਪੈਸਾ ਕਿਉਂ ਨਹੀਂ? ਇੱਕ ਪੱਖ ਇਹ ਵੀ ਸੋਚਣ ਵਾਲਾ ਹੈ ਕਿ ਇੱਕ ਡਾਕਟਰ ਇੰਨ੍ਹਾ ਜ਼ਿਆਦਾ ਪੈਸਾ ਕਮਾਉਂਦਾ ਹੈ ਅਤੇ ਜੇਕਰ ਉਹ ਇੰਨਾ ਜ਼ਿਆਦਾ ਪੈਸਾ ਕਮਾਉਂਦੇ ਰਹੇ ਹਨ ਤਾਂ ਕੀ ਇਸ ਪੈਸੇ ਦਾ ਇਨਕਮ ਟੈਕਸ ਕਿੰਨਾ ਭਰਦੇ ਰਹਿ ਹੋਣਗੇ? ਅਗਲੀ ਗੱਲ ਕਿ ਰਾਹੁਲ ਨਾਲੋਂ ਨਰਿੰਦਰ ਮੋਦੀ ਕੀਤੇ ਬਿਹਤਰ ਹਨ। ਜਦੋਂ ਮੈਡਮ ਕਾਂਗਰਸ ਵਿੱਚ ਸਨ ਉਦੋਂ ਰਾਹੁਲ ਮੋਦੀ ਨਾਲੋਂ ਬਿਹਤਰ ਸਨ। ਇਨ੍ਹਾਂ ਬਿਆਨਾਂ ਤੋਂ ਇੰਝ ਲੱਗਦਾ ਹੈ ਕਿ ਸਿਆਸਤਦਾਨ ਮੌਕੇ ਦੇ ਹਿਸਾਬ ਨਾਲ ਆਪਣਾ ਕਿਰਦਾਰ ਬਦਲ ਲੈਂਦੇ ਹਨ, ਭਾਸ਼ਾ ਬਦਲ ਲਾਉਂਦੇ ਹਨ ਅਤੇ ਕਿਸੇ ਬਾਰੇ ਆਪਣੀ ਰਾਇ ਬਦਲ ਲੈਂਦੇ ਹਨ। ਦੋਸਤੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੁਹਾਨੂੰ ਇਸ ਤਰ੍ਹਾਂ ਦੇ ਦਿਲਚਸਪ ਬਿਆਨ ਹੋਰ ਵੀ ਨੇਤਾਵਾਂ ਤੋਂ ਸੁਣਨ ਨੂੰ ਮਿਲਣਗੇ।ਹੁਣ ਪਰਖ ਤੁਸੀਂ ਕਰਨੀ ਹੈ ਕਿ ਇਨ੍ਹਾਂ ਦੇ ਪਹਿਲਾਂ ਵਾਲੇ ਬਿਆਨ ਸਹੀ ਸੀ ਜਾਂ ਹੁਣ ਵਾਲੇ।

