Connect with us

News

TRUMP ਦੇ ਮੂੰਹ ਵਿੱਚ ਕੋਹੜ ਕਿਰਲੀ, ਈਰਾਨ ਦੀ ਅੜੀ ਤੇ ਪੰਜਾਬ ਦੇ ਕਿਸਾਨ ਲਈ ਸੰਕਟ !

Published

on

ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਨੇ ਇਸ ਸਮੇਂ ਦੁਨੀਆ ਦੀ ਰਾਜਨੀਤੀ, ਅਰਥਵਿਵਸਥਾ ਅਤੇ ਆਮ ਲੋਕਾਂ ਦੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਾਇਆ ਹੋਇਆ ਹੈ। ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਬਣੀ ਤਣਾਅਪੂਰਨ ਸਥਿਤੀ ਨੇ ਦੁਨੀਆ ਨੂੰ ਇੱਕ ਅਜਿਹੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ ਜਿੱਥੇ ਹਰ ਦੇਸ਼ ਆਪਣਾ-ਆਪਣਾ ਹਿੱਸਾ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ Donald Trump ਦੀ ਹਾਲਤ ਉਸ ਸੱਪ ਵਰਗੀ ਦਿਖਾਈ ਦੇ ਰਹੀ ਹੈ ਜਿਸਦੇ ਮੂੰਹ ਵਿੱਚ ਕੋਹੜ ਕਿਰਲੀ ਹੋਵੇ, ਜਿਸਨੂੰ ਨਾ ਉਹ ਨਿਗਲ ਸਕਦਾ ਹੈ ਅਤੇ ਨਾ ਹੀ ਉਗਲ ਸਕਦਾ ਹੈ। ਇੱਕ ਪਾਸੇ ਅਮਰੀਕਾ ਆਪਣੀ ਸੁਪਰ ਪਾਵਰ ਵਾਲੀ ਛਵੀ ਬਚਾਉਣ ਲਈ ਈਰਾਨ ਉੱਤੇ ਦਬਾਅ ਬਣਾਉਣਾ ਚਾਹੁੰਦਾ ਹੈ, ਦੂਜੇ ਪਾਸੇ ਈਰਾਨ ਅੜੀ ਪਾ ਕੇ ਖੜ੍ਹਾ ਹੈ ਅਤੇ ਪਿੱਛੇ ਹਟਣ ਨੂੰ ਤਿਆਰ ਨਹੀਂ। ਇਸ ਕਾਰਨ ਟਰੰਪ ਅਤੇ ਅਮਰੀਕਾ ਦੋਵੇਂ ਇੱਕ ਵੱਡੀ ਉਲਝਣ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ।
ਸਟ੍ਰੇਟ ਆਫ ਹੋਰਮੁਜ਼, ਜੋ ਦੁਨੀਆ ਦੀ ਤੇਲ ਸਪਲਾਈ ਲਈ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਮੰਨਿਆ ਜਾਂਦਾ ਹੈ, ਇਸ ਵੇਲੇ ਤਣਾਅ ਦਾ ਕੇਂਦਰ ਬਣਿਆ ਹੋਇਆ ਹੈ। ਇੱਥੋਂ ਦੁਨੀਆ ਦਾ ਵੱਡਾ ਹਿੱਸਾ ਤੇਲ ਅਤੇ ਗੈਸ ਲੈ ਕੇ ਲੰਘਦਾ ਹੈ। ਜੇ ਇਸ ਰਸਤੇ ਵਿੱਚ ਕੋਈ ਰੁਕਾਵਟ ਆ ਜਾਂਦੀ ਹੈ ਜਾਂ ਇੱਥੇ ਟੈਕਸ, ਪਾਬੰਦੀਆਂ ਜਾਂ ਸੈਨਿਕ ਟਕਰਾਅ ਵਧ ਜਾਂਦਾ ਹੈ ਤਾਂ ਉਸਦਾ ਅਸਰ ਸਿਰਫ ਮਿਡਲ ਈਸਟ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਦਾ ਹੈ। ਈਰਾਨ ਦੀ ਅੜੀ ਕਾਰਨ ਇਹ ਖ਼ਤਰਾ ਬਣਿਆ ਹੋਇਆ ਹੈ ਕਿ ਜੇ ਹਾਲਾਤ ਹੋਰ ਖਰਾਬ ਹੋਏ ਤਾਂ ਤੇਲ ਦੀਆਂ ਕੀਮਤਾਂ ਅਚਾਨਕ ਅਸਮਾਨ ਛੂਹ ਸਕਦੀਆਂ ਹਨ। ਅਜਿਹੇ ਹਾਲਾਤਾਂ ਵਿੱਚ ਅਮਰੀਕਾ ਲਈ ਵੀ ਪਿੱਛੇ ਹਟਣਾ ਆਸਾਨ ਨਹੀਂ ਕਿਉਂਕਿ ਉਸਦੀ ਸੁਪਰ ਪਾਵਰ ਵਾਲੀ ਛਵੀ ਨੂੰ ਝਟਕਾ ਲੱਗ ਸਕਦਾ ਹੈ ਅਤੇ ਅੱਗੇ ਵਧਣਾ ਵੀ ਮੁਸ਼ਕਲ ਹੈ ਕਿਉਂਕਿ ਇਹ ਜੰਗ ਪੂਰੇ ਮਿਡਲ ਈਸਟ ਨੂੰ ਅੱਗ ਵਿੱਚ ਸੁੱਟ ਸਕਦੀ ਹੈ।
ਟਰੰਪ ਲਈ ਮੁਸ਼ਕਲ ਇਹ ਵੀ ਹੈ ਕਿ ਅਮਰੀਕਾ ਦੇ ਆਪਣੇ ਲੋਕ ਇਸ ਤਰ੍ਹਾਂ ਦੀ ਲੰਬੀ ਜੰਗ ਦੇ ਹੱਕ ਵਿੱਚ ਨਹੀਂ ਹਨ। ਅਮਰੀਕੀ ਜਨਤਾ ਪਹਿਲਾਂ ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਅੰਦਰੂਨੀ ਮੁੱਦਿਆਂ ਨਾਲ ਜੂਝ ਰਹੀ ਹੈ। ਜੇਕਰ ਇੱਕ ਹੋਰ ਵੱਡਾ ਯੁੱਧ ਛਿੜਦਾ ਹੈ ਤਾਂ ਇਸਦਾ ਖਰਚਾ ਅਮਰੀਕਾ ਦੀ ਜਨਤਾ ਨੂੰ ਭੁਗਤਣਾ ਪਵੇਗਾ। ਦੂਜੇ ਪਾਸੇ ਮਿਡਲ ਈਸਟ ਦੇ ਕਈ ਦੇਸ਼, ਖ਼ਾਸ ਕਰਕੇ ਸਾਊਦੀ ਅਰਬ, ਕਤਰ ਅਤੇ ਹੋਰ ਖਾੜੀ ਦੇਸ਼ ਵੀ ਨਹੀਂ ਚਾਹੁੰਦੇ ਕਿ ਇਲਾਕੇ ਵਿੱਚ ਵੱਡੀ ਜੰਗ ਹੋਵੇ ਕਿਉਂਕਿ ਉਨ੍ਹਾਂ ਦੀ ਅਰਥਵਿਵਸਥਾ ਤੇਲ ਅਤੇ ਵਪਾਰ ਉੱਤੇ ਨਿਰਭਰ ਕਰਦੀ ਹੈ। ਜੰਗ ਦਾ ਮਤਲਬ ਹੈ ਕਿ ਜਹਾਜ਼ਾਂ ਦੀ ਆਵਾਜਾਈ ਰੁਕਣਾ, ਬੀਮਾ ਮਹਿੰਗਾ ਹੋਣਾ, ਵਪਾਰ ਠੱਪ ਹੋਣਾ ਅਤੇ ਨਿਵੇਸ਼ ਭੱਜ ਜਾਣਾ। ਇਸ ਕਰਕੇ ਇਹ ਦੇਸ਼ ਵੀ ਖੁੱਲ੍ਹੇ ਤੌਰ ‘ਤੇ ਨਹੀਂ ਚਾਹੁੰਦੇ ਕਿ ਹਾਲਾਤ ਕਾਬੂ ਤੋਂ ਬਾਹਰ ਜਾਣ।
ਇਸ ਤਣਾਅ ਦਾ ਸਭ ਤੋਂ ਵੱਡਾ ਅਸਰ ਏਸ਼ੀਆ ਦੇ ਦੇਸ਼ਾਂ ਉੱਤੇ ਪੈ ਸਕਦਾ ਹੈ ਕਿਉਂਕਿ ਭਾਰਤ, ਪਾਕਿਸਤਾਨ, ਚੀਨ, ਜਪਾਨ ਅਤੇ ਹੋਰ ਕਈ ਦੇਸ਼ ਆਪਣੀ ਊਰਜਾ ਦੀ ਲੋੜ ਲਈ ਮਿਡਲ ਈਸਟ ਦੇ ਤੇਲ ਉੱਤੇ ਨਿਰਭਰ ਹਨ। ਜਿਵੇਂ ਹੀ ਤੇਲ ਦੀ ਕੀਮਤ ਵਧਦੀ ਹੈ, ਹਰ ਚੀਜ਼ ਮਹਿੰਗੀ ਹੋਣ ਲੱਗ ਪੈਂਦੀ ਹੈ। ਟਰਾਂਸਪੋਰਟ ਮਹਿੰਗਾ, ਖਾਦ ਮਹਿੰਗੀ, ਬਿਜਲੀ ਮਹਿੰਗੀ ਅਤੇ ਉਦਯੋਗਾਂ ਦੀ ਲਾਗਤ ਵਧ ਜਾਂਦੀ ਹੈ। ਇਸ ਨਾਲ ਆਰਥਿਕ ਮੰਦਹਾਲੀ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਪਹਿਲਾਂ ਹੀ ਕਈ ਏਸ਼ੀਆਈ ਦੇਸ਼ ਕਰਜ਼ੇ, ਮਹਿੰਗਾਈ ਅਤੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ। ਜੇ ਮਿਡਲ ਈਸਟ ਦੀ ਜੰਗ ਫਿਰ ਭੜਕਦੀ ਹੈ ਤਾਂ ਇਹ ਹਾਲਾਤ ਹੋਰ ਵੀ ਖ਼ਤਰਨਾਕ ਹੋ ਸਕਦੇ ਹਨ।
ਭਾਰਤ ਲਈ ਵੀ ਇਹ ਮਾਮਲਾ ਸਿਰਫ ਵਿਦੇਸ਼ੀ ਰਾਜਨੀਤੀ ਦਾ ਮੁੱਦਾ ਨਹੀਂ, ਸਗੋਂ ਸਿੱਧਾ ਆਮ ਲੋਕਾਂ ਦੀ ਜੇਬ ਨਾਲ ਜੁੜਿਆ ਹੋਇਆ ਹੈ। ਭਾਰਤ ਆਪਣਾ ਵੱਡਾ ਹਿੱਸਾ ਕੱਚਾ ਤੇਲ ਬਾਹਰੋਂ ਮੰਗਵਾਉਂਦਾ ਹੈ। ਜਿਵੇਂ ਹੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਮਹਿੰਗਾ ਹੁੰਦਾ ਹੈ, ਉਸਦਾ ਅਸਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉੱਤੇ ਪੈਂਦਾ ਹੈ। ਡੀਜ਼ਲ ਮਹਿੰਗਾ ਹੋਣ ਦਾ ਮਤਲਬ ਹੈ ਕਿ ਟਰੱਕਾਂ ਦਾ ਭਾੜਾ ਵਧੇਗਾ, ਖੇਤੀਬਾੜੀ ਦੀ ਲਾਗਤ ਵਧੇਗੀ ਅਤੇ ਹਰ ਰੋਜ਼ ਦੀ ਵਰਤੋਂ ਵਾਲੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਇਸਦਾ ਸਿੱਧਾ ਝਟਕਾ ਆਮ ਲੋਕਾਂ ਅਤੇ ਖ਼ਾਸ ਕਰਕੇ ਕਿਸਾਨਾਂ ਨੂੰ ਲੱਗਦਾ ਹੈ।
ਪੰਜਾਬ ਦਾ ਕਿਸਾਨ ਤਾਂ ਇਸ ਸਮੇਂ ਪਹਿਲਾਂ ਹੀ ਸੰਕਟਾਂ ਨਾਲ ਘਿਰਿਆ ਹੋਇਆ ਹੈ। ਇੱਕ ਪਾਸੇ ਕਰਜ਼ੇ ਦੀ ਮਾਰ, ਦੂਜੇ ਪਾਸੇ ਮਹਿੰਗੀ ਖਾਦ, ਬੀਜ ਅਤੇ ਦਵਾਈਆਂ, ਉੱਤੇ ਤੋਂ ਜੇ ਡੀਜ਼ਲ ਦੀ ਕੀਮਤ ਹੋਰ ਵਧ ਜਾਂਦੀ ਹੈ ਤਾਂ ਝੋਨੇ ਦੀ ਲਵਾਈ ਅਤੇ ਖੇਤਾਂ ਦੀ ਤਿਆਰੀ ਦਾ ਖਰਚਾ ਕਈ ਗੁਣਾ ਵਧ ਜਾਵੇਗਾ। ਜੂਨ ਦਾ ਮਹੀਨਾ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਕਿਉਂਕਿ ਝੋਨੇ ਦੀ ਲਵਾਈ ਦੀ ਤਿਆਰੀ ਚਰਮ ‘ਤੇ ਹੁੰਦੀ ਹੈ। ਟਰੈਕਟਰ, ਟਿਊਬਵੈੱਲ, ਮਸ਼ੀਨਾਂ—ਸਭ ਕੁਝ ਡੀਜ਼ਲ ਅਤੇ ਬਿਜਲੀ ਉੱਤੇ ਨਿਰਭਰ ਹੈ। ਜੇ ਡੀਜ਼ਲ ਮਹਿੰਗਾ ਜਾਂ ਘੱਟ ਮਿਲਣ ਲੱਗ ਪਏ ਤਾਂ ਕਿਸਾਨ ਲਈ ਖੇਤੀ ਕਰਨੀ ਹੋਰ ਔਖੀ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਕਿਸਾਨ ਦੀ ਲਾਗਤ ਵਧੇਗੀ ਪਰ ਫਸਲ ਦਾ ਰੇਟ ਉਹੋ ਜਿਹਾ ਰਹੇਗਾ, ਜਿਸ ਨਾਲ ਉਸਦਾ ਨੁਕਸਾਨ ਹੋਰ ਵਧੇਗਾ।
ਇਸ ਕਰਕੇ ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਇਹ ਖਿੱਚਤਾਣ ਸਿਰਫ ਤਿੰਨ ਦੇਸ਼ਾਂ ਦੀ ਲੜਾਈ ਨਹੀਂ, ਸਗੋਂ ਇਸਦਾ ਅਸਰ ਪੰਜਾਬ ਦੇ ਪਿੰਡਾਂ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ। ਜੇ ਹਾਲਾਤ ਹੋਰ ਵਿਗੜਦੇ ਹਨ ਤਾਂ ਸਿਰਫ ਕਿਸਾਨ ਹੀ ਨਹੀਂ, ਸਗੋਂ ਟਰਾਂਸਪੋਰਟਰ, ਉਦਯੋਗਪਤੀ, ਦੁਕਾਨਦਾਰ ਅਤੇ ਆਮ ਘਰਾਂ ਦੀ ਰਸੋਈ ਵੀ ਪ੍ਰਭਾਵਿਤ ਹੋਵੇਗੀ। ਦੁਨੀਆ ਦੀ ਵੱਡੀ ਰਾਜਨੀਤੀ ਦਾ ਝਟਕਾ ਆਖ਼ਰਕਾਰ ਆਮ ਲੋਕਾਂ ਦੀ ਜੇਬ ਅਤੇ ਜੀਵਨ ਉੱਤੇ ਹੀ ਪੈਂਦਾ ਹੈ। ਇਸ ਵੇਲੇ ਸਭ ਦੀਆਂ ਨਜ਼ਰਾਂ ਇਸ ਗੱਲ ਉੱਤੇ ਹਨ ਕਿ ਕੀ ਅਮਰੀਕਾ ਅਤੇ ਈਰਾਨ ਪਿੱਛੇ ਹਟਣਗੇ ਜਾਂ ਆਪਣੀ-ਆਪਣੀ ਅੜੀ ਕਾਰਨ ਦੁਨੀਆ ਨੂੰ ਇੱਕ ਹੋਰ ਵੱਡੇ ਸੰਕਟ ਵਿੱਚ ਧੱਕ ਦੇਣਗੇ। ਪੰਜਾਬ ਦਾ ਕਿਸਾਨ ਵੀ ਇਸ ਵੱਡੀ ਦੁਨੀਆਵੀ ਖਿੱਚਤਾਣ ਦੇ ਨਤੀਜੇ ਦੀ ਉਡੀਕ ਕਰ ਰਿਹਾ ਹੈ, ਕਿਉਂਕਿ ਜੇ ਤੇਲ ਦੀ ਅੱਗ ਭੜਕੀ ਤਾਂ ਉਸਦੀ ਲਪੇਟ ਵਿੱਚ ਖੇਤਾਂ ਦੀ ਹਰਿਆਵਲੀ ਵੀ ਆ ਸਕਦੀ ਹੈ।

 

ਕੁਲਵੰਤ ਸਿੰਘ ਗੱਗੜਪੁਰੀ