Punjab
ਰੱਖੜਾ ਮਗਰੋਂ ਇਆਲੀ ਵੀ ਹੋ ਸਕਦੇ ਨੇ ਪੁਨਰ ਸੁਰਜੀਤ ਤੋਂ ਬਾਹਰ! ਕਿਸਨੇ ਕਿਹਾ ਮੈਂ ਗਿ. ਹਰਪ੍ਰੀਤ ਸਿੰਘ ਨੂੰ ਪ੍ਰਧਾਨ ਨਹੀਂ ਮੰਨਦਾ?
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਣਨ ਵੇਲੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਪਾਰਟੀ ਪੰਥਕ ਸੋਚ, ਸਿਧਾਂਤਕ ਰਾਜਨੀਤੀ ਅਤੇ ਸਾਂਝੀ ਲੀਡਰਸ਼ਿਪ ਦੇ ਆਧਾਰ ‘ਤੇ ਅੱਗੇ ਵਧੇਗੀ। ਅਕਾਲੀ ਦਲ ਬਾਦਲ ਤੋਂ ਨਾਰਾਜ਼ ਹੋਏ ਕਈ ਵੱਡੇ ਚਿਹਰੇ ਇੱਕ ਮੰਚ ਉੱਤੇ ਇਕੱਠੇ ਹੋਏ ਅਤੇ ਇਹ ਪ੍ਰਭਾਵ ਬਣਾਇਆ ਗਿਆ ਕਿ ਹੁਣ ਪੰਜਾਬ ਦੀ ਪੰਥਕ ਸਿਆਸਤ ਵਿੱਚ ਇੱਕ ਨਵਾਂ ਵਿਕਲਪ ਤਿਆਰ ਹੋ ਰਿਹਾ ਹੈ। ਪਰ ਪਾਰਟੀ ਬਣਨ ਤੋਂ ਕੁੱਝ ਹੀ ਸਮੇਂ ਬਾਅਦ ਅੰਦਰੂਨੀ ਟਕਰਾਅ ਅਤੇ ਲੀਡਰਸ਼ਿਪ ਨੂੰ ਲੈ ਕੇ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ।
ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਪਾਰਟੀ ਵਿੱਚੋਂ ਮੁਅੱਤਲ ਕਰਨਾ ਇਸ ਗੱਲ ਦਾ ਸਭ ਤੋਂ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ ਕਿ ਪੁਨਰ ਸੁਰਜੀਤ ਦੇ ਅੰਦਰ ਸਭ ਕੁੱਝ ਠੀਕ ਨਹੀਂ ਚੱਲ ਰਿਹਾ। ਪਿਛਲੇ ਕੁੱਝ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਰੱਖੜਾ ਆਮ ਆਦਮੀ ਪਾਰਟੀ ਨਾਲ ਸੰਪਰਕ ਵਿੱਚ ਹਨ ਅਤੇ ਜਲਦ ਹੀ ਆਪ ਵਿੱਚ ਸ਼ਾਮਲ ਹੋ ਸਕਦੇ ਹਨ। ਰੱਖੜਾ ਨੇ ਖੁਦ ਵੀ ਇਹ ਮੰਨਿਆ ਕਿ ਉਹ ਪੁਨਰ ਸੁਰਜੀਤ ਛੱਡ ਰਹੇ ਹਨ। ਇਸ ਤੋਂ ਬਾਅਦ ਪਾਰਟੀ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ।
ਰੱਖੜਾ ਦੇ ਜਾਣ ਨੂੰ ਸਿਰਫ ਇੱਕ ਆਗੂ ਦਾ ਪਾਰਟੀ ਛੱਡਣਾ ਨਹੀਂ ਮੰਨਿਆ ਜਾ ਰਿਹਾ, ਸਗੋਂ ਇਸਨੂੰ ਪੁਨਰ ਸੁਰਜੀਤ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਮਾਲਵਾ ਖੇਤਰ ਵਿੱਚ ਰੱਖੜਾ ਦੀ ਆਪਣੀ ਪਕੜ ਮੰਨੀ ਜਾਂਦੀ ਹੈ ਅਤੇ ਉਹ ਲੰਮੇ ਸਮੇਂ ਤੋਂ ਅਕਾਲੀ ਸਿਆਸਤ ਦਾ ਜਾਣਿਆ ਪਛਾਣਿਆ ਚਿਹਰਾ ਰਹੇ ਹਨ। ਅਜਿਹੇ ਸਮੇਂ ਜਦੋਂ ਪੁਨਰ ਸੁਰਜੀਤ ਆਪਣੇ ਆਪ ਨੂੰ ਪੰਜਾਬ ਵਿੱਚ ਇੱਕ ਵੱਡੇ ਪੰਥਕ ਬਦਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਉਸ ਵੇਲੇ ਵੱਡੇ ਆਗੂਆਂ ਦਾ ਨਿਕਲਣਾ ਪਾਰਟੀ ਲਈ ਨੁਕਸਾਨਦਾਇਕ ਮੰਨਿਆ ਜਾ ਰਿਹਾ ਹੈ।
ਇਸ ਸਾਰੇ ਮਾਮਲੇ ਵਿੱਚ ਸਭ ਤੋਂ ਵੱਡੀ ਚਰਚਾ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਸਮਰਾਲਾ ਦੀ ਇੱਕ ਮੀਟਿੰਗ ਦੌਰਾਨ ਪਾਰਟੀ ਦੇ ਇੱਕ ਵੱਡੇ ਆਗੂ ਨੇ ਕਿਹਾ ਸੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਪ੍ਰਧਾਨ ਹੀ ਨਹੀਂ ਮੰਨਦਾ। ਹਾਲਾਂਕਿ ਉਨ੍ਹਾਂ ਨੇ ਕਿਸੇ ਦਾ ਨਾਮ ਨਹੀਂ ਲਿਆ, ਪਰ ਉਨ੍ਹਾਂ ਦੇ ਬਿਆਨ ਨੂੰ ਪਾਰਟੀ ਅੰਦਰ ਵੱਡੇ ਬਗਾਵਤੀ ਸੰਕੇਤ ਵਜੋਂ ਦੇਖਿਆ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਕੁੱਝ ਲੋਕਾਂ ਦਾ ਸਿਧਾਂਤ ਸਿਰਫ ਪੈਸਾ ਹੁੰਦਾ ਹੈ ਅਤੇ ਅਜਿਹੇ ਲੋਕ ਕਿਸੇ ਵੀ ਪਾਰਟੀ ਵਿੱਚ ਜਾ ਸਕਦੇ ਹਨ। ਇਹ ਟਿੱਪਣੀ ਸਿੱਧੇ ਤੌਰ ‘ਤੇ ਰੱਖੜਾ ਵੱਲ ਇਸ਼ਾਰਾ ਮੰਨੀ ਗਈ।
ਹੁਣ ਸੂਤਰਾਂ ਦੇ ਹਵਾਲੇ ਨਾਲ ਜੋ ਨਾਮ ਸਾਹਮਣੇ ਆ ਰਿਹਾ ਹੈ ਉਹ ਮਨਪ੍ਰੀਤ ਸਿੰਘ ਇਆਲੀ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਦੀ ਮੀਟਿੰਗ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਉੱਤੇ ਸਵਾਲ ਚੁੱਕਣ ਵਾਲੇ ਇਆਲੀ ਹੀ ਸਨ। ਜੇਕਰ ਇਹ ਗੱਲ ਸਹੀ ਸਾਬਤ ਹੁੰਦੀ ਹੈ ਤਾਂ ਇਹ ਪੁਨਰ ਸੁਰਜੀਤ ਲਈ ਹੋਰ ਵੱਡਾ ਸੰਕਟ ਬਣ ਸਕਦਾ ਹੈ, ਕਿਉਂਕਿ ਇਆਲੀ ਵੀ ਅਕਾਲੀ ਸਿਆਸਤ ਦਾ ਵੱਡਾ ਨਾਮ ਮੰਨੇ ਜਾਂਦੇ ਹਨ ਅਤੇ ਮਾਝਾ-ਦੋਆਬਾ ਖੇਤਰ ਵਿੱਚ ਉਨ੍ਹਾਂ ਦਾ ਅਸਰ ਮੰਨਿਆ ਜਾਂਦਾ ਹੈ।
ਸੂਤਰ ਇਹ ਵੀ ਦੱਸ ਰਹੇ ਹਨ ਕਿ ਜਲੰਧਰ ਦੇ ਪ੍ਰੋਗਰਾਮ ਤੋਂ ਪਹਿਲਾਂ ਹੋਈ ਇੱਕ ਮੀਟਿੰਗ ਵਿੱਚ ਮਨਪ੍ਰੀਤ ਸਿੰਘ ਇਆਲੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਫ਼ੀ ਤਿੱਖੀ ਚਰਚਾ ਹੋਈ ਸੀ। ਕਈ ਆਗੂਆਂ ਨੇ ਦੋਸ਼ ਲਾਇਆ ਕਿ ਇਆਲੀ ਪਾਰਟੀ ਦੇ ਆਪਣੇ ਪ੍ਰੋਗਰਾਮਾਂ ਵਿੱਚ ਘੱਟ ਨਜ਼ਰ ਆਉਂਦੇ ਹਨ ਪਰ “ਵਾਰਿਸ ਪੰਜਾਬ ਦੇ” ਅਤੇ ਹੋਰ ਪੰਥਕ ਇਕੱਠਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਇਹ ਵੀ ਕਿਹਾ ਗਿਆ ਕਿ ਉਹ ਪਾਰਟੀ ਦੀ ਲਾਈਨ ਤੋਂ ਹਟ ਕੇ ਆਪਣੀ ਮਰਜ਼ੀ ਨਾਲ ਚੱਲ ਰਹੇ ਹਨ।
ਇਸ ਮੀਟਿੰਗ ਦੌਰਾਨ ਸੁੱਚਾ ਸਿੰਘ ਛੋਟੇਪੁਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਇਹ ਰਾਏ ਦਿੱਤੀ ਗਈ ਕਿ ਜਿਹੜੇ ਆਗੂ ਪਾਰਟੀ ਦੇ ਫੈਸਲਿਆਂ ਅਤੇ ਲਾਈਨ ਨਾਲ ਨਹੀਂ ਚੱਲਦੇ, ਉਨ੍ਹਾਂ ਨੂੰ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਇਹ ਚਰਚਾ ਹੋਰ ਤੇਜ਼ ਹੋ ਗਈ ਕਿ ਰੱਖੜਾ ਤੋਂ ਬਾਅਦ ਹੁਣ ਇਆਲੀ ਉੱਤੇ ਵੀ ਕਾਰਵਾਈ ਹੋ ਸਕਦੀ ਹੈ।
ਦਿਲਚਸਪ ਗੱਲ ਇਹ ਹੈ ਕਿ ਪੁਨਰ ਸੁਰਜੀਤ ਬਣਾਉਣ ਵਾਲੇ ਜ਼ਿਆਦਾਤਰ ਆਗੂ ਪਹਿਲਾਂ ਹੀ ਅਕਾਲੀ ਦਲ ਬਾਦਲ ਵਿੱਚ ਲੀਡਰਸ਼ਿਪ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕਰਦੇ ਰਹੇ ਹਨ। ਉਸ ਵੇਲੇ ਕਿਹਾ ਜਾਂਦਾ ਸੀ ਕਿ ਅਕਾਲੀ ਦਲ ਬਾਦਲ ਵਿੱਚ ਕੁੱਝ ਲੋਕਾਂ ਦੇ ਹੱਥਾਂ ਵਿੱਚ ਸਾਰੀ ਤਾਕਤ ਕੇਂਦਰਿਤ ਹੋ ਗਈ ਹੈ ਅਤੇ ਵਰਕਰਾਂ ਜਾਂ ਹੋਰ ਆਗੂਆਂ ਦੀ ਸੁਣਵਾਈ ਨਹੀਂ ਹੁੰਦੀ। ਪਰ ਹੁਣ ਪੁਨਰ ਸੁਰਜੀਤ ਦੇ ਅੰਦਰ ਵੀ ਉਹੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ ਜਿੱਥੇ ਲੀਡਰਸ਼ਿਪ ਨੂੰ ਲੈ ਕੇ ਅਸਹਿਮਤੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।
ਦੂਜੇ ਪਾਸੇ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਫੈਸਲੇ ਨੂੰ ਸਿਧਾਂਤਕ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਖੜ੍ਹੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮਾਣਾ ਵਿਖੇ ਮੋਰਚਾ ਲੱਗਾ ਸੀ ਅਤੇ ਇੱਕ ਸਿੰਘ ਟਾਵਰ ਉੱਤੇ ਚੜ੍ਹ ਕੇ ਇਸ ਮੰਗ ਲਈ ਸੰਘਰਸ਼ ਕਰਦਾ ਰਿਹਾ। ਰੱਖੜਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਆਪ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਪਾਰਟੀ ਦਾ ਸਾਥ ਦੇਣਗੇ।
ਪਰ ਸਿਆਸੀ ਮਾਹਿਰ ਇਸਨੂੰ ਸਿਰਫ ਸਿਧਾਂਤਕ ਮਾਮਲਾ ਨਹੀਂ ਮੰਨ ਰਹੇ। ਕਈਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਸਭ ਤੋਂ ਮਜ਼ਬੂਤ ਸਥਿਤੀ ਵਿੱਚ ਨਜ਼ਰ ਆ ਰਹੀ ਹੈ ਅਤੇ ਕਈ ਆਗੂ ਆਪਣੇ ਭਵਿੱਖ ਨੂੰ ਦੇਖਦੇ ਹੋਏ ਨਵੇਂ ਸਿਆਸੀ ਵਿਕਲਪਾਂ ਵੱਲ ਵੱਧ ਰਹੇ ਹਨ। ਇਸ ਕਰਕੇ ਪੁਨਰ ਸੁਰਜੀਤ ਲਈ ਆਪਣੇ ਵੱਡੇ ਆਗੂਆਂ ਨੂੰ ਇਕੱਠੇ ਰੱਖਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ।
ਹੁਣ ਸਭ ਦੀ ਨਜ਼ਰ ਇਸ ਗੱਲ ਉੱਤੇ ਹੈ ਕਿ ਕੀ ਪੁਨਰ ਸੁਰਜੀਤ ਲੀਡਰਸ਼ਿਪ ਖ਼ਿਲਾਫ਼ ਬੋਲਣ ਵਾਲੇ ਆਗੂਆਂ ਖ਼ਿਲਾਫ਼ ਹੋਰ ਸਖ਼ਤ ਫੈਸਲੇ ਲੈਂਦੀ ਹੈ ਜਾਂ ਫਿਰ ਅੰਦਰੂਨੀ ਮਤਭੇਦਾਂ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਹ ਗੱਲ ਸਪੱਸ਼ਟ ਹੋ ਚੁੱਕੀ ਹੈ ਕਿ ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਹੁਣ ਖੁੱਲ੍ਹ ਕੇ ਜਨਤਕ ਹੋ ਚੁੱਕੀ ਹੈ ਅਤੇ ਇਸਦਾ ਅਸਰ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪੰਥਕ ਸਿਆਸਤ ਉੱਤੇ ਵੀ ਪੈ ਸਕਦਾ ਹੈ।

ਕੁਲਵੰਤ ਸਿੰਘ ਗੱਗੜਪੁਰੀ
