Punjab
ਅਕਾਲੀ–ਭਾਜਪਾ ਗਠਜੋੜ ਤੈਅ -ਨਸ਼ਾ ਤੇ ਗੈਂਗਸਟਰ ਕਲਚਰ ਹੋਣਗੇ ਚੁਣਾਵੀ ਮੁੱਦੇ, ਵੱਡੇ ਅਕਾਲੀ ਨੇਤਾ ਕਰਨਗੇ ਘਰ ਵਾਪਸੀ !
ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਓਵੇਂ ਓਵੇਂ ਸੂਬੇ ਦਾ ਸਿਆਸੀ ਮਾਹੌਲ ਵੀ ਤੇਜ਼ੀ ਨਾਲ ਬਦਲਦਾ ਨਜ਼ਰ ਆ ਰਿਹਾ ਹੈ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਸਿਆਸੀ ਮਾਹਿਰਾਂ ਵੱਲੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲ ਸਕਦੀਆਂ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡੀ ਚਰਚਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਗਠਜੋੜ ਨੂੰ ਲੈ ਕੇ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਸ਼ਿਆਂ ਅਤੇ ਗੈਂਗਸਟਰ ਕਲਚਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਮੁੱਖ ਮੁੱਦਾ ਬਣਾਇਆ ਜਾ ਸਕਦਾ ਹੈ।
ਇਹ ਅੰਦਾਜ਼ੇ ਮਹਿਜ ਅੰਦਾਜ਼ੇ ਹੀ ਨਹੀਂ ਹਨ, ਸਗੋਂ ਪਿਛਲੇ ਕੁਝ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਇਹ ਗੱਲਾਂ ਚਰਚਾ ਵਿੱਚ ਆਈਆਂ ਹਨ। ਬਿਕਰਮ ਸਿੰਘ ਮਜੀਠੀਆ ਦਾ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਭਾਜਪਾ ਦੇ ਕੁਝ ਵੱਡੇ ਨੇਤਾਵਾਂ ਦਾ ਧੰਨਵਾਦ ਕਰਨਾ, ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਉਨ੍ਹਾਂ ਨਾਲ ਮੁਲਾਕਾਤ ਕਰਨਾ ਅਤੇ ਮਜੀਠੀਆ ਦਾ ਡੇਰਾ ਬਿਆਸ ਜਾਣਾ—ਇਨ੍ਹਾਂ ਸਭ ਘਟਨਾਵਾਂ ਨੂੰ ਵੀ ਸਿਆਸੀ ਸੰਕੇਤਾਂ ਵਜੋਂ ਵੇਖਿਆ ਜਾ ਰਿਹਾ ਹੈ।
ਇਸ ਤੋਂ ਇਲਾਵਾ, ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਨਸ਼ਿਆਂ ਵਿਰੁੱਧ ਕੱਢੀ ਗਈ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹਾਜ਼ਰੀ ਨੂੰ ਵੀ ਕਈ ਵਿਸ਼ਲੇਸ਼ਕ ਸਿਆਸੀ ਤੌਰ ‘ਤੇ ਮਹੱਤਵਪੂਰਨ ਮੰਨ ਰਹੇ ਹਨ। ਭਾਵੇਂ ਰਾਜਪਾਲ ਦਾ ਅਹੁਦਾ ਪਾਰਟੀਬਾਜ਼ੀ ਤੋਂ ਉੱਪਰ ਹੁੰਦਾ ਹੈ, ਪਰ ਕਟਾਰੀਆ ਦੇ ਭਾਜਪਾ ਪਿਛੋਕੜ ਕਾਰਨ ਇਸ ਰੈਲੀ ਦੇ ਵੀ ਵੱਖ-ਵੱਖ ਸਿਆਸੀ ਅਰਥ ਕੱਢੇ ਜਾ ਰਹੇ ਹਨ। ਕੁਝ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਡੇਰਾ ਬਿਆਸ ਦੇ ਮੁਖੀ ਗਠਜੋੜ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।
ਦੂਜੇ ਪਾਸੇ, ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਅੰਦਰੂਨੀ ਹਾਲਾਤ ਵੀ ਚੰਗੇ ਨਹੀਂ ਦੱਸੇ ਜਾ ਰਹੇ। ਹਾਲ ਹੀ ਵਿੱਚ ਹੋਈ ਇੱਕ ਮੀਟਿੰਗ ਦੌਰਾਨ ਨੇਤਾਵਾਂ ਵਿੱਚ ਮੱਤਭੇਦ ਖੁੱਲ੍ਹ ਕੇ ਸਾਹਮਣੇ ਆਏ। ਮੀਟਿੰਗ ਤੋਂ ਪਹਿਲਾਂ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰੇ ਵਿੱਚ ਮੀਟਿੰਗ ਕਰਕੇ ਇਹ ਇਤਰਾਜ਼ ਜਤਾਇਆ ਗਿਆ ਕਿ ਉਨ੍ਹਾਂ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਜਾ ਰਿਹਾ।
ਮੀਟਿੰਗ ਦੌਰਾਨ ਇਯਾਲੀ ਗਰੁੱਪ ਵੱਲੋਂ ਸੁਝਾਅ ਦਿੱਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਇਕ ਹੋਰ ਕਮੇਟੀ ਬਣਾਈ ਜਾਵੇ, ਪਰ ਇਹ ਸੁਝਾਅ ਮਨਜ਼ੂਰ ਨਹੀਂ ਕੀਤਾ ਗਿਆ। ਬਾਅਦ ਵਿੱਚ ਬੀਬੀ ਸਤਵੰਤ ਕੌਰ ਨੂੰ ਨੇਤ੍ਰਿਤਵ ਨਾਲ ਜੋੜਨ ਦੀ ਗੱਲ ਵੀ ਰੱਖੀ ਗਈ, ਪਰ ਇਹ ਮੰਗ ਵੀ ਨਹੀਂ ਮੰਨੀ ਗਈ। ਕੁਝ ਆਗੂਆਂ ਵੱਲੋਂ ਤਿੱਖੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ, ਜਿਸ ਨਾਲ ਇਹ ਸਪੱਸ਼ਟ ਹੋਇਆ ਕਿ ਦਲ ਦੇ ਅੰਦਰ ਇਕਜੁਟਤਾ ਦੀ ਕਮੀ ਹੈ।
ਇਨ੍ਹਾਂ ਹਾਲਾਤਾਂ ਨੂੰ ਵੇਖਦਿਆਂ ਸਿਆਸੀ ਮਾਹਿਰ ਇਹ ਅੰਦਾਜ਼ੇ ਲਗਾ ਰਹੇ ਹਨ ਕਿ ਜੇਕਰ ਅਕਾਲੀ ਦਲ (ਬਾਦਲ) ਮੁੜ ਮਜ਼ਬੂਤ ਹੁੰਦਾ ਹੈ ਅਤੇ ਭਾਜਪਾ ਨਾਲ ਗਠਜੋੜ ਬਣਦਾ ਹੈ, ਤਾਂ ਪੁਨਰ ਸੁਰਜੀਤ ਦਲ ਦੇ ਕੁੱਝ ਵੱਡੇ ਆਗੂ ਘਰ ਵਾਪਸੀ ਕਰ ਸਕਦੇ ਹਨ।
ਫਿਲਹਾਲ ਇਹ ਸਭ ਸੰਭਾਵਨਾਵਾਂ ਅਤੇ ਅੰਦਾਜ਼ੇ ਹਨ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਿਆਸੀ ਮੌਸਮ ਵਿਭਾਗ ਦੇ ਇਹ ਅਨੁਮਾਨ ਕਿੰਨੇ ਸਹੀ ਸਾਬਤ ਹੁੰਦੇ ਹਨ ਅਤੇ ਪੰਜਾਬ ਦੀ ਰਾਜਨੀਤੀ ਕਿਹੜੀ ਨਵੀਂ ਦਿਸ਼ਾ ਵੱਲ ਵਧਦੀ ਹੈ।

