punjab
ਹੁਸ਼ਿਆਰਪੁਰ ਤੋਂ ਦਿੱਲੀ ਹਿੰਸਾ ਦਾ ਇਕ ਹੋਰ ਮੁਲਜ਼ਮ ਇਕਬਾਲ ਸਿੰਘ ਗ੍ਰਿਫ਼ਤਾਰ, 50 ਹਜ਼ਾਰ ਦਾ ਸੀ ਇਨਾਮ
ਕਿਸਾਨ ਅੰਦੋਲਨ ਦੌਰਾਨ ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ‘ਤੇ ਕੀਤੇ ਗਏ ਹੰਗਾਮੇ ‘ਚ ਜੋ ਮੁਲਜ਼ਮ ਸੀ, ਉਨ੍ਹਾਂ ਨੂੰ ਗਿਫ਼ਤਾਰ ਕੀਤਾ ਜਾ ਰਿਹਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਦਿੱਲੀ ਹਿੰਸਾ ਦੇ ਮੁਲਜ਼ਮਾਂ ਦੀ ਭਾਲ ‘ਚ ਛਾਪੇਮਾਰੀ ਜਾਰੀ ਹੈ। ਮੰਗਲਵਾਰ ਦੇਰ ਰਾਤ ਦਿੱਲੀ ਪੁਲਿਸ ਨੇ ਹੁਸ਼ਿਆਰਪੁਰ ਤੋਂ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਹੜਾ ਇਸ ਮਾਮਲੇ ‘ਚ ਲੋੜੀਂਦਾ ਸੀ। ਇਕਬਾਲ ਸਿੰਘ ਸਿਰ ਦਿੱਲੀ ਪੁਲਿਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ।
ਗਣਤੰਤਰ ਦਿਵਸ ‘ਤੇ ਲਾਲ ਕਿਲ੍ਹੇ ‘ਤੇ ਹੰਗਾਮੇ ਦਾ ਮਾਸਟਰ ਮਾਈਂਡ ਦੀਪ ਸਿੱਧੂ ਆਖਰਕਾਰ 15 ਦਿਨਾਂ ਬਾਅਦ ਮੰਗਲਵਾਰ ਸਵੇਰੇ ਗਿ੍ਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਨੇ ਹਰਿਆਣਾ ਦੇ ਕਰਨਾਲ ਤੋਂ ਉਸ ਨੂੰ ਦਬੋਚ ਲਿਆ। ਗਿ੍ਫ਼ਤਾਰੀ ਤੋਂ ਬਾਅਦ ਦੀਪ ਨੂੰ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਜਿੱਥੋਂ ਉਸ ਨੂੰ ਸੱਤ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਉਸ ‘ਤੇ ਇਕ ਲੱਖ ਰੁਪਏ ਦਾ ਇਨਾਮ ਵੀ ਐਲਾਨਿਆ ਗਿਆ ਸੀ। ਪੁਲਿਸ ਅਧਿਕਾਰੀਆਂ ਮੁਤਾਬਕ ਦੀਪ ਕੋਲੋਂ ਉਸ ਦਾ ਮੋਬਾਈਲ ਫੋਨ ਬਰਾਮਦ ਨਹੀਂ ਹੋਇਆ। ਪੁਲਿਸ ਲਈ ਅਗਲੀ ਚੁਣੌਤੀ ਉਸ ਦਾ ਮੋਬਾਈਲ ਬਰਾਮਦ ਕਰਨਾ ਹੈ। ਦੀਪ ਦੀ ਪਤਨੀ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਮੁਕੱਦਮਾ ਦਰਜ ਹੋਣ ਤੋਂ ਬਾਅਦ ਸਿੱਧੂ ਪੰਜਾਬ, ਯੂਪੀ, ਝਾਰਖੰਡ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਮਹਾਰਾਸ਼ਟਰ ਵਿਚ ਲੁਕਦਾ ਰਿਹਾ। ਇਨ੍ਹਾਂ ਥਾਵਾਂ ‘ਤੇ ਪੁਲਿਸ ਦੀ ਟੀਮ ਛਾਪੇਮਾਰੀ ਕਰ ਰਹੀ ਸੀ। ਜਦੋਂ ਦੀਪ ਨੂੰ ਗਿ੍ਫ਼ਤਾਰ ਕੀਤਾ ਗਿਆ ਤਾਂ ਉਸ ਵੇਲੇ ਉਹ ਆਪਣੇ ਕਿਸੇ ਜਾਣੂ ਨੂੰ ਮਿਲਣ ਜਾ ਰਿਹਾ ਸੀ।