punjab
ਨਸ਼ੇ ਦੀ ਓਵਰਡੋਜ਼ ਨੇ ਲਈ ਬਠਿੰਡਾ ਦੇ ਇੱਕ ਹੋਰ ਨੌਜਵਾਨ ਦੀ ਜਾਨ

ਨਸ਼ਿਆਂ ਨਾਲ ਮੌਤਾਂ ਦਾ ਹੋਣਾ ਹੁਣ ਸੁਭਾਵਿਕ ਹੋ ਗਿਆ ਹੈ। ਨਸ਼ੇ ਨਾਲ ਹੋ ਰਹੀਆਂ ਮੌਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਵੀਰਵਾਰ ਬਠਿੰਡਾ ਵਿੱਚ ਨਸ਼ੇ ਨਾਲ ਇੱਕ ਹੋਰ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਹੈ। ਨੌਜਵਾਨ ਦੀ ਲਾਸ਼ ਠੰਢੀ ਸੜਕ ‘ਤੇ ਇੱਕ ਕਾਰ ਵਿੱਚੋਂ ਮਿਲੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਿਛਲੀ ਰਾਤ ਤੋਂ ਲਾਪਤਾ ਸੀ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਅਰੰਭ ਦਿੱਤੀ। ਮ੍ਰਿਤਕ ਨੌਜਵਾਨ ਦੀ ਲਾਸ਼ ਉਸ ਦੀ ਕਾਰ ਵਿੱਚੋਂ ਮਿਲੀ। ਨਾਲ ਹੀ ਕੋਲੋਂ ਸਰਿੰਜ ਅਤੇ ਇੱਕ ਨਸ਼ੀਲਾ ਪਦਾਰਥ ਮਿਲਿਆ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟ ਮਾਰਟਮ ਲਈ ਪਹੁੰਚਾ ਦਿੱਤਾ ਹੈ।
ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਹੈ ਕਿ ਰਾਜਨ ਕੁਮਾਰ ਨੇ ਹੀ ਉਸ ਦੇ ਭਰਾ ਨੂੰ ਸਰਿੰਜ ਅਤੇ ਨਸ਼ਾ ਮੁਹੱਈਆ ਕਰਵਾਇਆ ਹੈ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਮ੍ਰਿਤਕ ਦੇ ਭਰਾ ਦੇ ਬਿਆਨਾਂ ‘ਤੇ ਰਾਜਨ ਕੁਮਾਰ ਨਾਂ ਦੇ ਇੱਕ ਮੈਡੀਕਲ ਸੰਚਾਲਕ ਵਿਰੁੱਧ ਧਾਰਾ 304 ਤਹਿਤ ਕੇਸ ਦਰਜ ਕੀਤਾ ਹੈ, ਜੋ ਪ੍ਰਤਾਪ ਨਗਰ ਵਿੱਚ ਮੈਡੀਕਲ ਦੀ ਦੁਕਾਨ ਕਰਦਾ ਹੈ। ਜਾਂਚ ਅਧਿਕਾਰੀ ਏਐਸਆਈ ਪ੍ਰਕਾਸ਼ ਸਿੰਘ ਨੇ ਕਿਹਾ ਕਿ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਹੈ ਅਤੇ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।