Punjab
ਬੇਅੰਤ ਤੇ ਗਿੱਲ ਦੀ ਜੋੜੀ ਦਾ ਜੰਗਲ ਰਾਜ; 32 ਸਾਲ ਬਾਅਦ ਮਿਲਿਆ ਨਿਆਂ ਵੀ ਅਨਿਆਂ ਬਰਾਬਰ !
ਪੰਜਾਬ ਅੰਦਰ 1992 ਤੋਂ 1995 ਤੱਕ ਉਸ ਵੇਲੇ ਦੇ ਮੁੱਖ ਮੰਤਰੀ ਬੇਅੰਤ ਸਿੰਘ ਅਤੇ ਪੁਲਿਸ ਮੁਖੀ ਕੇ ਪੀ ਐਸ ਗਿੱਲ ਨੇ ਅੱਤਵਾਦ ਨੂੰ ਖਤਮ ਕਰਨ ਦੇ ਨਾਮ ‘ਤੇ ਜੋ ਜ਼ੁਲਮ ਕੀਤੇ ਉਹ ਹਿਟਲਰ ਦੇ ਜ਼ੁਲਮਾਂ ਨੂੰ ਵੀ ਮਾਤ ਪਾਉਂਦੇ ਸਨ।ਪੁਲਿਸ ਨੂੰ ਖੁੱਲ੍ਹੀ ਛੂਟ ਦੇ ਦਿੱਤੀ ਗਈ ਸੀ। ਬਹੁਤੇ ਪੁਲਿਸ ਮੁਲਾਜ਼ਮਾਂ ਨੇ ਇਨਾਮ ਲੈਣ ਲਈ ਅਤੇ ਤਰੱਕੀਆਂ ਪਾਉਣ ਲਈ ਹਜ਼ਾਰਾਂ ਹੀ ਬੇਕਸੂਰ ਸਿੱਖ ਨੌਜਵਾਨਾਂ ਨੂੰ ਬੇਦਰਦੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। 1992 ਵਿੱਚ ਬੇਅੰਤ ਸਿੰਘ ਮੁੱਖ ਮੰਤਰੀ ਬਣਦਾ ਹੈ ਅਤੇ ਸੂਬੇ ਦੇ ਪੁਲਿਸ ਮੁਖੀ ਕੇ ਪੀ ਐਸ ਗਿੱਲ ਨੂੰ ਖੁੱਲ੍ਹੀ ਛੂਟ ਦੇ ਦਿੰਦਾ ਹੈ ਕਿ ਅੱਤਵਾਦ ਨੂੰ ਖਤਮ ਕਰਨ ਲਈ ਉਹ ਕੁੱਝ ਵੀ ਕਰ ਸਕਦਾ ਹੈ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬੇਅੰਤ ਸਿੰਘ ਖਾੜਕੂ ਜਥੇਬੰਦੀਆਂ ਦੇ ਗ਼ਲਤ ਫੈਸਲੇ ਕਾਰਨ ਮੁੱਖ ਮੰਤਰੀ ਬਣਿਆ ਕਿਉੰਕਿ ਖਾੜਕੂ ਜਥੇਬੰਦੀਆਂ ਨੇ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਸੀ। ਜ਼ਿਆਦਾਤਰ ਪੰਜਾਬ ਦੇ ਲੋਕਾਂ ਨੇ ਵੋਟਾਂ ਹੀ ਨਹੀਂ ਸਨ ਪਾਈਆਂ। ਪੁਲਿਸ ਨੇ ਨਾਂਮਾਤਰ ਲੋਕਾਂ ਦੀਆਂ ਵੋਟਾਂ ਲੋਕਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੂਥਾਂ ‘ਤੇ ਲਿਜਾ ਕੇ ਪਵਾਈਆਂ ਸਨ ਜਿਸ ਕਰਕੇ ਬੇਅੰਤ ਸਿੰਘ ਨੂੰ ਮੁੱਖ ਮੰਤਰੀ ਬਣਨ ਦਾ ਮੌਕਾ ਮਿਲ ਗਿਆ।92 ਤੋਂ 95 ਤੱਕ ਇਸ ਜੋੜੀ ਨੇ ਜਿਵੇਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਦਿਆਂ ਕਾਨੂੰਨ ਨੂੰ ਛਿੱਕੇ ਟੰਗ ਕੇ ਨਿਰਦੋਸ਼ ਲੋਕਾਂ ਦੇ ਝੂਠੇ ਪੁਲਿਸ ਮੁਕਾਬਲੇ ਕਰਵਾਏ ਉਸ ਦਰਦ ਨੂੰ ਲੋਕ ਅੱਜ ਵੀ ਮਹਿਸੂਸ ਕਰ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਦੇ ਸ . ਜਸਵੰਤ ਸਿੰਘ ਖਾਲੜਾ ਨੂੰ ਮਾਰ ਦਿੱਤਾ ਗਿਆ ਉਨ੍ਹਾਂ ਦਾ ਅੱਜ ਤੱਕ ਥਹੁ ਪਤਾ ਨਹੀਂ ਲੱਗਾ ।
ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਲਾਪਤਾ ਕਰ ਦਿੱਤਾ ਗਿਆ ਮਾਰ ਮੁਕਾਇਆ ਗਿਆ। ਬੀਤੇ ਦਿਨ ਸੀ ਬੀ ਆਈ ਦੀ ਵਿਸ਼ੇਸ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ 1993 ਵਿੱਚ ਸੱਤ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮੌਤ ਦੇ ਘਾਟ ਉਤਾਰਨ ਦੇ ਦੋਸ਼ ਤਹਿਤ ਤਤਕਾਲੀਨ ਐਸ ਐਸ ਪੀ ਅਤੇ ਡੀ ਐੱਸ ਪੀ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ । ਇਨ੍ਹਾਂ ਦੋਸ਼ੀਆਂ ਨੂੰ ਸਜ਼ਾਵਾਂ 4 ਅਗਸਤ ਨੂੰ ਸੁਣਾਈਆਂ ਜਾਣਗੀਆਂ। ਵਿਸ਼ੇਸ ਅਦਾਲਤ ਨੇ ਐੱਸ ਐੱਸ ਪੀ ਭੁਪਿੰਦਰਜੀਤ ਸਿੰਘ, ਇੰਸਪੈਕਟਰ ਰਘੁਬੀਰ ਸਿੰਘ, ਸੂਬਾ ਸਿੰਘ , ਏ ਐੱਸ ਆਈ ਦਵਿੰਦਰ ਸਿੰਘ ਅਤੇ ਗੁਰਬਰਗ ਸਿੰਘ ਨੂੰ ਆਈ ਪੀ ਸੀ ਦੀ ਧਾਰਾ 302,218,201 ਅਤੇ 120 ਤਹਿਤ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਕੇਸਾਂ ਵਿੱਚ ਕੁੱਲ 10 ਪੁਲਿਸ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਲੇਕਿਨ ਇਨ੍ਹਾਂ ਵਿਚੋਂ ਕੁੱਝ ਦੀ ਮੌਤ ਹੋ ਚੁੱਕੀ ਹੈ। ਸੀ ਬੀ ਆਈ ਨੇ ਇਸ ਮਾਮਲੇ ਵਿੱਚ 30ਮਈ 2002 ਨੂੰ ਚਾਰਜਸ਼ੀਟ ਦਾਖਲ ਕੀਤੀ ਗਈ ਸੀ। ਪਹਿਲਾ ਮਾਮਲਾ 27 ਜੁਨ 1993 ਦਾ ਹੈ ਜਿਸ ਵਿੱਚ ਇਨ੍ਹਾਂ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ ਅੰਮ੍ਰਿਤਸਰ ਤੋਂ ਐੱਸ ਪੀ ਓ ਸ਼ਿੰਦਰ ਸਿੰਘ, ਦੇਸਾ ਸਿੰਘ, ਬਲਕਾਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਚੁੱਕ ਲਿਆ ਅਤੇ 12 ਜੁਲਾਈ ਨੂੰ ਇਨ੍ਹਾਂ ਵਿੱਚੋਂ ਤਿੰਨ ਨੂੰ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਗਿਆ ਸੀ। ਦੂਜੇ ਮਾਮਲੇ ਵਿੱਚ ਥਾਣਾ ਵੈਰੋਵਾਲ ਦੇ ਇੰਸਪੈਕਟਰ ਰਘੁਬੀਰ ਸਿੰਘ ਅਤੇ ਸੂਬਾ ਸਿੰਘ ਦੀ ਟੀਮ ਨੇ 28 ਜੁਲਾਈ ਨੂੰ ਹਰਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰ ਮੁਕਾਇਆ ਸੀ। ਇਨ੍ਹਾਂ ਪੰਜ ਨੌਜਵਾਨਾਂ ਵਿੱਚੋਂ ਚਾਰ ਐਸ ਪੀ ਓ ਜਵਾਨ ਸਨ।
ਉਨ੍ਹਾਂ ਦਿਨਾਂ ਵਿੱਚ ਜ਼ਾਲਮ ਪੁਲਿਸ ਅਧਿਕਾਰੀ ਬਹੁਤੀ ਵਾਰੀ ਤਾਂ ਅਮੀਰ ਘਰਾਂ ਦੇ ਨੌਜਵਾਨਾਂ ਨੂੰ ਚੁੱਕ ਲੈਂਦੇ ਸਨ ਤੇ ਫਿਰ ਉਸਦੇ ਅੱਤਵਾਦੀਆਂ ਨਾਲ ਸਬੰਧ ਦੱਸ ਕੇ ਉਨ੍ਹਾਂ ਦੇ ਵਾਰਸਾਂ ਨੂੰ ਕਹਿੰਦੇ ਸਨ ਕਿ ਜਾਂ ਤਾਂ ਉਹ ਉਨ੍ਹਾਂ ਨੂੰ ਮੋਟੀ ਰਕਮ ਦੇ ਦੇਣ ਨਹੀਂ ਤਾਂ ਉਨ੍ਹਾਂ ਦੇ ਪੁੱਤਰ ਨੂੰ ਪੁਲਿਸ ਮੁਕਾਬਲਾ ਬਣਾ ਕੇ ਮਾਰ ਦਿੱਤਾ ਜਾਵੇਗਾ। ਕੁੱਝ ਘਟਨਾਵਾਂ ਐਸੀਆਂ ਵੀ ਵਾਪਰੀਆਂ ਕਿ ਪੁਲਿਸ ਅਧਿਕਾਰੀਆਂ ਵੱਲੋਂ ਵੱਡੇ ਕਿਸਾਨਾਂ ਦੇ ਲੜਕਿਆਂ ਨੂੰ ਚੁੱਕ ਲੈਂਦੇ ਸਨ ਅਤੇ ਅੱਤਵਾਦੀਆਂ ਨਾਲ ਸੰਬੰਧ ਦੱਸ ਕੇ ਉਨ੍ਹਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰਦੇ। ਮੇਰੇ ਕੁੱਝ ਜਾਣਕਾਰ ਕਿਸਾਨਾਂ ਨੇ ਜ਼ਮੀਨਾਂ ਵੇਚ ਕੇ ਆਪਣੇ ਪੁੱਤਰਾਂ ਨੂੰ ਛੁਡਵਾਇਆ ਸੀ। ਮੈਂ। ਕਈ ਐਸੇ ਪੁਲਿਸ ਅਧਿਕਾਰੀਆਂ ਨੂੰ ਵੀ ਜਾਣਦਾ ਹਾਂ ਜਿਨ੍ਹਾਂ ਨੇ ਲੋਕਾਂ ਨੂੰ ਅੱਤਵਾਦੀ ਦੱਸ ਕੇ ਜਾਂ ਮੁਕਾਬਲੇ ਬਣਾ ਕੇ ਮਾਰਿਆ ਉਨ੍ਹਾਂ ਦੇ ਬੱਚੇ ਮੰਦਬੁੱਧੀ ਨਿਕਲੇ ਅਤੇ ਕਈਆਂ ਦੇ ਬੱਚੇ ਖ਼ੁਦਕੁਸ਼ੀਆਂ ਕਰ ਗਏ। ਇੱਥੇ ਇਹ ਫੁਰਮਾਨ ਸਹੀ ਢੁੱਕਦਾ ਹੈ,
“ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ।” ਪੈਸਾ ਇਕੱਠਾ ਕਰਨ ਲਈ ਪੁਲਿਸ ਵਾਲੇ ਕਿਸੇ ਵੀ ਅਮੀਰ ਵਿਅਕਤੀ ਦੇ ਲੜਕੇ ਨੂੰ ਚੁੱਕ ਕੇ ਮੋਟੀਆਂ ਰਕਮਾਂ ਲੈ ਕੇ ਛੱਡਦੇ ਸਨ ਅਤੇ ਤਰੱਕੀਆਂ ਅਤੇ ਇਨਾਮ ਲੈਣ ਲਈ ਸਿੱਖ ਨੌਜਵਾਨਾਂ ਨੂੰ ਮਾਰ ਕੇ ਪੁਲਿਸ ਮੁਕਾਬਲਾ ਦਿਖਾ ਦਿੱਤਾ ਜਾਂਦਾ ਸੀ। ਇਹ ਪੁਲਿਸ ਅਧੀਕਾਰੀ ਇੰਨੇ ਵਹਿਸ਼ੀ ਹੋ ਗਏ ਸਨ ਕਿ ਆਪਣੇ ਨਾਲ ਡਿਊਟੀ ਕਰਦੇ ਐੱਸ ਪੀ ਓ ਨੂੰ ਵੀ ਅੱਤਵਾਦੀ ਦੱਸ ਕੇ ਮਾਰ ਦਿੰਦੇ ਸਨ ਅਤੇ ਇਨਾਮ ਲੈ ਲੈਂਦੇ ਸਨ ਤੇ ਤਰੱਕੀ ਪਾ ਲੈਂਦੇ ਸਨ। ਹੁਣ ਪੰਜ ਨੌਜਵਾਨ ਜਿਨ੍ਹਾਂ ਨੂੰ 1993 ਵਿੱਚ ਪੁਲਿਸ ਵਾਲਿਆਂ ਨੇ ਮਾਰ ਮੁਕਾਇਆ ਸੀ ਉਨ੍ਹਾਂ ਦੇ ਵਾਰਸਾਂ ਨੂੰ ਇਨਸਾਫ ਤਾਂ ਮਿਲਿਆ ਹੈ ਲੇਕਿਨ ਦੇਰੀ ਨਾਲ ਮਿਲਿਆ ਨਿਆਂ ਵੀ ਅਨਿਆਂ ਬਰਾਬਰ ਹੀ ਹੁੰਦਾ ਹੈ।

