Uncategorized
ਸਾਵਧਾਨ! ਪੰਜਾਬ ਦਾ ਪਾਣੀ ਜ਼ਹਿਰ ਬਣ ਰਿਹੈ ; ਮਾਲਵਾ ‘ਚ ਕੈਂਸਰ ਵਾਲਾ ਪਾਣੀ- ਕਿਵੇਂ ਬਚਾਈਏ ਪੰਜਾਬ ਨੂੰ ?
ਪੰਜਾਬ ਦੀ ਧਰਤੀ ਅੱਜ ਇੱਕ ਖਾਮੋਸ਼ ਸੰਕਟ ਵਿੱਚੋਂ ਗੁਜ਼ਰ ਰਹੀ ਹੈ—ਪਾਣੀ ਜ਼ਹਿਰੀਲਾ ਹੋ ਰਿਹਾ ਹੈ, ਮਿੱਟੀ ਬਿਮਾਰ ਹੋ ਰਹੀ ਹੈ ਅਤੇ ਮਾਲਵਾ ਦੀ ਹਵਾ ਵਿੱਚ ਵੀ ਇੱਕ ਅਜਿਹਾ ਘੁਟਣ ਵਾਲਾ ਤੱਤ ਵਧਦਾ ਜਾ ਰਿਹਾ ਹੈ ਜੋ ਮਨੁੱਖੀ ਸਿਹਤ ਲਈ ਗੰਭੀਰ ਖ਼ਤਰਾ ਹੈ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਅਗਲੇ ਕੁਝ ਸਾਲਾਂ ਤੱਕ ਪੰਜਾਬ ਦਾ ਬਹੁਤ ਸਾਰਾ ਪਾਣੀ ਪੀਣ ਯੋਗ ਨਹੀਂ ਰਹੇਗਾ। ਇਹ ਕੇਵਲ ਕੋਈ ਅੰਦਾਜ਼ਾ ਨਹੀਂ, ਸਗੋਂ ਸੈਂਕੜਿਆਂ ਟੈਸਟਾਂ, ਰਿਪੋਰਟਾਂ ਅਤੇ ਮਾਲਵਾ ਬੈਲਟ ਵਿੱਚ ਵਧ ਰਹੇ ਕੈਂਸਰ ਦੇ ਮਾਮਲਿਆਂ ਦੀ ਸਚਾਈ ’ਤੇ ਆਧਾਰਿਤ ਇੱਕ ਕੌੜੀ ਹਕੀਕਤ ਹੈ।
ਪਾਣੀ ਦੀ ਇਹ ਦੁਰਦਸ਼ਾ ਕਿਸੇ ਇੱਕ ਦਿਨ ਦੀ ਗਲਤੀ ਨਹੀਂ, ਇਹ ਦਹਾਕਿਆਂ ਤੋਂ ਚੱਲਦੇ ਆ ਰਹੇ ਬੇਤਹਾਸਾ ਰਸਾਇਣਾਂ ਦੇ ਇਸਤੇਮਾਲ, ਉਦਯੋਗਿਕ ਕਚਰੇ ਦੀ ਬੇ ਰੋਕ ਟੋਕ ਡੰਪਿੰਗ ਅਤੇ ਖੇਤੀਬਾੜੀ ਵਿੱਚ ਕੀਟਨਾਸ਼ਕਾਂ ਦੀ ਅਤਿ ਨਾਲ ਜੁੜੀ ਹੋਈ ਹੈ। ਮਾਲਵਾ ਖ਼ਾਸ ਕਰਕੇ ਇਸ ਸੰਕਟ ਦਾ ਕੇਂਦਰ ਇਸ ਲਈ ਬਣਿਆ ਕਿਉਂਕਿ ਇੱਥੇ ਬੇਅੰਤ ਪੈਸਟੀਸਾਈਡ ਵਰਤੇ ਗਏ, ਜ਼ਮੀਨ ਦਾ ਸ਼ੋਸ਼ਣ ਜ਼ਿਆਦਾ ਹੋਇਆ , ਧਰਤੀ ਹੇਠਲੇ ਪਾਣੀ ਦਾ ਪੱਧਰ ਪਹਿਲਾਂ ਹੀ ਡਿੱਗਿਆ ਹੋਇਆ ਸੀ। ਇਹ ਰਸਾਇਣ ਮਿੱਟੀ ਰਾਹੀਂ ਪਾਣੀ ਤੱਕ ਪਹੁੰਚੇ ਅਤੇ ਹੁਣ ਘਰਾਂ ਦੇ ਨਲਕਿਆਂ ਤੋਂ ਲੈ ਕੇ ਟਿਊਬਵੈੱਲਾਂ ਤੱਕ ਜ਼ਹਿਰ ਬਣ ਕੇ ਵਹਿ ਰਹੇ ਹਨ।
ਕਾਰਖਾਨਿਆਂ ਤੋਂ ਨਿਕਲਣ ਵਾਲੇ ਰਸਾਇਣਾਂ ਨੇ ਇਸ ਸੰਕਟ ਨੂੰ ਹੋਰ ਭਿਆਨਕ ਬਣਾਇਆ। ਲੁਧਿਆਣਾ, ਮੋਗਾ, ਬਠਿੰਡਾ, ਡੇਰਾ ਬਸੀ, ਫ਼ਿਰੋਜ਼ਪੁਰ ਅਤੇ ਹੋਰ ਉਦਯੋਗਿਕ ਖੇਤਰਾਂ ਤੋਂ ਨਿਕਲਣ ਵਾਲਾ untreated effluent ਸਿੱਧਾ ਨਦੀਆਂ, ਨਾਲਿਆਂ ਅਤੇ ਜ਼ਮੀਨ ਵਿੱਚ ਰਿਸਦਾ ਰਿਹਾ। ਇਸ ਉਦਯੋਗਿਕ ਕਚਰੇ ਵਿੱਚ ਸੀਸਾ (Lead), ਕ੍ਰੋਮਿਯਮ (Chromium), ਕੈਡਮਿਯਮ (Cadmium), ਆਰਸੇਨਿਕ (Arsenic), ਨਿਕਲ (Nickel), ਪਾਰਾ (Mercury) ਜਿਹੀਆਂ ਭਾਰੀ ਧਾਤਾਂ ਸ਼ਾਮਲ ਹਨ। ਕਈ textile dyeing units, electroplating units ਅਤੇ metal industries ਆਪਣੇ waste ਵਿੱਚ ਫੀਨੋਲ, ਬੈਂਜ਼ੀਨ, ਟੋਲੂਇਨ, ਏਮੋਨੀਆ ਨਾਈਟਰੇਟਸ ਅਤੇ ਸਿਲਵਰ ਨਾਈਟਰੇਟ ਵਰਗੇ ਕੈਮੀਕਲ ਛੱਡਦੇ ਹਨ, ਜੋ ਜ਼ਮੀਨ ਦੇ ਪਾਣੀ ਨੂੰ ਹੌਲੇ-ਹੌਲੇ ਜ਼ਹਿਰ ਬਣਾਉਂਦੇ ਹਨ।
ਇਸਦੇ ਨਾਲ ਹੀ ਮਾਲਵਾ ਦੇ ਪਾਣੀ ਵਿੱਚ ਯੂਰੈਨੀਅਮ ਦੀ ਮਾਤਰਾ ਦਾ ਵੱਧ ਜਾਣਾ ਇਹ ਵੱਡਾ ਕਾਰਨ ਹੈ। ਯੂਰੈਨੀਅਮ ਲੰਮੇ ਸਮੇਂ ਤੱਕ ਸਰੀਰ ਵਿੱਚ ਹੌਲੀ ਰਹਿ ਕੇ ਕੈਂਸਰ, kidney failure ਅਤੇ ਬੱਚਿਆਂ ਵਿੱਚ ਜਨਮ–ਜਾਤ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਸਭ ਦੇ ਮਿਲੇਜੁਲੇ ਪ੍ਰਭਾਵ ਕਰਕੇ ਮਾਲਵਾ ਬੈਲਟ ਵਿੱਚ ਕੈਂਸਰ ਦੀ ਦਰ ਦੇਸ਼ ਵਿੱਚ ਸਭ ਤੋਂ ਵੱਧ ਹੈ। ਕਈ ਪਿੰਡਾਂ ਵਿੱਚ ਹਰ ਘਰ ਤੋਂ ਇੱਕ ਜਾਂ ਦੋ ਲੋਕ ਕੈਂਸਰ ਨਾਲ ਲੜ ਰਹੇ ਹਨ, “ਕੈਂਸਰ ਟ੍ਰੇਨ” ਇਸੀ ਸੱਚਾਈ ਦੀ ਗਵਾਹੀ ਦਿੰਦੀ ਹੈ। ਇਹ ਟਰੇਨ ਬਠਿੰਡਾ ਤੋਂ ਬੀਕਾਨੇਰ ਜਾਂਦੀ ਹੈ। ਬਠਿੰਡਾ ਤੋਂ ਲੋਕ ਬੀਕਾਨੇਰ ਕੈਂਸਰ ਦਾ ਇਲਾਜ ਕਰਵਾਉਣ ਜਾਂਦੇ ਹਨ। ਇਸ ਟਰੇਨ ਵਿੱਚ ਜ਼ਿਆਦਾਤਰ ਕੈਂਸਰ ਦੇ ਮਰੀਜ਼ ਹੀ ਜਾਂਦੇ ਹਨ ਇਸ ਲਈ ਇਸ ਦਾ ਨਾਮ ਹੀ ਕੈਂਸਰ ਟਰੇਨ ਪੈ ਗਿਆ।
ਪਾਣੀ ਵਿੱਚ ਮਿਲ ਰਹੇ ਜ਼ਹਿਰੀਲੇ ਤੱਤ—ਭਾਰੀ ਧਾਤਾਂ, ਕੀਟਨਾਸ਼ਕ, ਖਾਦਾਂ ਦੇ ਨਾਈਟਰੇਟਸ, ਉਦਯੋਗਿਕ ਕੈਮੀਕਲ ਅਤੇ ਬੈਕਟੀਰੀਆ—ਸਰੀਰ ਦੇ ਲਿਵਰ, ਕਿਡਨੀ, ਹੱਡੀਆਂ, ਨਸਾਂ ਅਤੇ ਰਕਤ ਪ੍ਰਭਾਹ ’ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਇਸ ਤਰ੍ਹਾਂ ਦੇ ਪਾਣੀ ਨੂੰ ਉਬਾਲਣਾ ਵੀ ਕੋਈ ਹੱਲ ਨਹੀਂ ਕਿਉਂਕਿ Heavy Metals ਅਤੇ ਰਸਾਇਣ ਉਬਾਲਣ ਨਾਲ ਨਹੀਂ ਮੁੱਕਦੇ। ਇਹੀ ਕਾਰਨ ਹੈ ਕਿ ਅਗਲੇ ਕਈ ਸਾਲਾਂ ਤੱਕ ਜੇਕਰ ਕੋਈ ਵੱਡਾ ਤਕਨੀਕੀ, ਸਰਕਾਰੀ ਅਤੇ ਸਮਾਜਕ ਪੱਧਰ ਦਾ ਬਦਲਾਅ ਨਹੀਂ ਆਇਆ ਤਾਂ ਪਾਣੀ ਦੀ ਗੁਣਵੱਤਾ ਹੋਰ ਵੀ ਗਿਰੇਗੀ ਅਤੇ ਖਤਰੇ ਵਧਣਗੇ।
ਹਾਲਾਂਕਿ ਇਸ ਸੰਕਟ ਤੋਂ ਬਚਣਾ ਸੰਭਵ ਹੈ ਪਰ ਉਸ ਲਈ ਸਾਂਝੀ ਜ਼ਿੰਮੇਵਾਰੀ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ। ਘਰਾਂ ਵਿੱਚ RO+UV ਵਾਲੇ ਫਿਲਟਰ ਲਾਜ਼ਮੀ ਹੋਣ ਚਾਹੀਦੇ ਹਨ, ਟਿਊਬਵੈੱਲ ਦੇ ਪਾਣੀ ਦੀ ਨਿਯਮਿਤ ਜਾਂਚ ਹੋਣੀ ਚਾਹੀਦੀ ਹੈ ਅਤੇ ਬੇਤਹਾਸਾ ਰਸਾਇਣ ਵਰਤੋਂ ਨੂੰ ਤੁਰੰਤ ਘਟਾਉਣਾ ਪਵੇਗਾ। ਉਦਯੋਗਾਂ ’ਤੇ ਸਰਕਾਰ ਨੂੰ ਕਰੜੀ ਨਿਗਰਾਨੀ ਰੱਖਣੀ ਪਵੇਗੀ ਅਤੇ untreated waste ਨਦੀਆਂ ਵਿੱਚ ਸੁੱਟਣ ਵਾਲੇ ਯੂਨਿਟਾਂ ਨੂੰ ਬੰਦ ਕਰਨਾ ਪਵੇਗਾ। ਪਿੰਡ ਪੱਧਰ ’ਤੇ ਰੋਜ਼ਾਨਾ ਪਾਣੀ ਟੈਸਟਿੰਗ, ਨਾਲਿਆਂ ਦੀ ਸਫਾਈ, ਨਵੀਆਂ ਟ੍ਰੀਟਮੈਂਟ ਯੂਨਿਟਾਂ ਅਤੇ ਨਦੀਆਂ ਦੇ ਪਾਣੀ ਦੀ ਸ਼ੁੱਧਤਾ ਦੀ ਯੋਜਨਾ ਤੁਰੰਤ ਲਾਗੂ ਕੀਤੀ ਜਾਵੇ।
ਮਾਲਵਾ ਦੀ ਧਰਤੀ ਨੇ ਦਹਾਕਿਆਂ ਤੱਕ ਦੇਸ਼ ਦੇ ਅਨਾਜ ਦਾ ਬੋਝ ਢੋਹਿਆ ਹੈ, ਹੁਣ ਇਸ ਧਰਤੀ ਨੂੰ ਸਾਫ਼ ਪਾਣੀ ਉਪਲਭਧ ਕਰਵਾਉਣਾ ਸਾਡਾ ਫਰਜ਼ ਹੈ। ਜੇ ਅਸੀਂ ਅੱਜ ਨਹੀਂ ਜਾਗੇ ਤਾਂ ਕੱਲ੍ਹ ਇਹ ਜ਼ਹਿਰ ਸਾਡੇ ਘਰ, ਪਰਿਵਾਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ।
ਪਾਣੀ ਬਚਾਉਣਾ ਹੁਣ ਸਿਰਫ਼ ਸਲੋਗਨ ਨਹੀਂ ਪਾਣੀ ਦੀ ਸ਼ੁੱਧਤਾ ਇੱਕ ਸਲੋਗਨ ਹੈ ਅਤੇ ਇਹ ਇੱਕ ਜ਼ਰੂਰੀ ਲੜਾਈ ਹੈ, ਜੋ ਅਸੀਂ ਮਿਲ ਕੇ ਹੀ ਜਿੱਤ ਸਕਦੇ ਹਾਂ।

