punjab
ਮੁੱਖ ਚੋਣ ਅਫ਼ਸਰ ਪੰਜਾਬ ਨੇ ਬੂਥ ਲੈਵਲ ਅਧਿਕਾਰੀਆਂ ਨਾਲ ਕੀਤੀ ਵਰਚੁਅਲ ਮੀਟਿੰਗ
ਚੰਡੀਗੜ੍ਹ, 24 ਸਤੰਬਰਪੰਜਾਬ ਦੇ ਮੁੱਖ ਚੋਣ ਅਫ਼ਸਰ ਡਾ. ਐਸ. ਕਰੁਣਾ ਰਾਜੂ ਨੇ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੂਥ ਲੈਵਲ ਅਫਸਰਾਂ (ਬੀਐਲਓਜ਼) ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨਾਲ ਵਰਚੁਅਲ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਹੈ। ਇਹ ਮੀਟਿੰਗਾਂ ਸਾਰੇ 23 ਜ਼ਿਲ੍ਹਿਆਂ ਦੇ ਬੀਐਲਓਜ਼ ਨਾਲ ਪੜਾਅਵਾਰ ਢੰਗ ਨਾਲ ਕੀਤੀਆਂ ਜਾਣਗੀਆਂ ਜਿਸ ਤਹਿਤ ਫਿਰੋਜ਼ਪੁਰ ਅਤੇ ਬਰਨਾਲਾ ਜ਼ਿਲ੍ਹਿਆਂ ਦੇ ਬੀਐਲਓਜ਼ ਨਾਲ ਪਹਿਲੀ ਅਜਿਹੀ ਵਰਚੁਅਲ ਮੀਟਿੰਗ ਕੀਤੀ ਗਈ।
ਭਾਰਤੀ ਚੋਣ ਕਮਿਸ਼ਨ ਲਈ ਬੀਐਲਓਜ਼ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਆਪਣੇ ਖੇਤਰ ਦੀਆਂ ਵੋਟਰ ਸੂਚੀਆਂ ਦੇ ਪ੍ਰਬੰਧਨ ਲਈ ਜ਼ਿੰਮੇਵਾਰ ਹੁੰਦੇ ਹਨ। ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਡਾ: ਰਾਜੂ ਨੇ ਉਨ੍ਹਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ।
ਬੀਐਲਓਜ਼ ਨੂੰ ਘੱਟੋ ਘੱਟ ਸੁਵਿਧਾਵਾਂ (ਏਐਮਐਫ) ਜਿਵੇਂ ਕਿ ਪੋਲਿੰਗ ਸਟੇਸ਼ਨਾਂ ਵਿਖੇ ਰੈਂਪਾਂ ਵਾਲੇ ਢੁੱਕਵੇਂ ਬੁਨਿਆਦੀ ਢਾਂਚੇ, ਪਖਾਨੇ ਆਦਿ ਦੀ ਉਪਲਬਧਤਾ ਬਾਰੇ ਜਾਣੂ ਕਰਵਾਉਂਦਿਆਂ, ਡਾ: ਰਾਜੂ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਉਹ ਉਪਲਬਧ ਸੇਵਾਵਾਂ ਦੀ ਤਸਦੀਕ ਕਰਨ ਅਤੇ ਨਿਰਧਾਰਤ ਫਾਰਮੈਟ ਵਿੱਚ ਮਿਲੀਆਂ ਕਮੀਆਂ ਸਬੰਧੀ ਰਿਪੋਰਟ ਦੇਣ। ਡਾ: ਰਾਜੂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਇਹ ਮਾਮਲਾ ਸਬੰਧਤ ਉੱਚ ਅਥਾਰਟੀ ਕੋਲ ਉਠਾਇਆ ਜਾਵੇਗਾ ਤਾਂ ਜੋ ਕਮੀਆਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾ ਸਕੇ।
ਭਾਰਤੀ ਚੋਣ ਕਮਿਸ਼ਨ ਦੀ ਪੋਲਿੰਗ ਬੂਥਾਂ ਦੇ ਸੁਧਾਰ ਸਬੰਧੀ ਅਪਣਾਈ ਉਸਾਰੂ ਤਬਦੀਲੀ ਬਾਰੇ ਵੇਰਵੇ ਦਿੰਦਿਆਂ ਡਾ: ਰਾਜੂ ਨੇ ਜ਼ੋਰ ਦੇ ਕੇ ਕਿਹਾ ਕਿ ਈਸੀਆਈ ਨੇ ਬੂਥ ਕੇਂਦਰਿਤ ਪਹੁੰਚ ਅਪਣਾਈ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਈਸੀਆਈ ਵੱਲੋਂ ਇੱਕ ਬੂਥ ਤੋਂ ਸੂਬਾ ਪੱਧਰੀ ਪਹੁੰਚ ਸਬੰਧੀ ਦ੍ਰਿਸ਼ਟੀਕੋਣ ਅਪਣਾਉਣ ਨਾਲ ਉਨ੍ਹਾਂ ਦਾ ਕੰਮ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਬੂਥ ਨੂੰ ਸਵੀਪ ਹੱਬ ਬਣਾਉਣ ਲਈ ਸਿਸਟੇਮੈਟਿਕ ਵੋਟਰਸ ਐਜੂਕੇਸ਼ਨ ਐਂਡ ਇਲੈਕਟੋਰਲ ਪਾਰਟੀਸਿਪੇਸ਼ਨ (ਸਵੀਪ) ਦੀਆਂ ਗਤੀਵਿਧੀਆਂ ਨੂੰ ਬੂਥ ਪੱਧਰ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਡਾ: ਰਾਜੂ ਨੇ ਉਨ੍ਹਾਂ ਨੂੰ ਬੂਥ ਪੱਧਰ ‘ਤੇ ਵੱਖ -ਵੱਖ ਸਵੀਪ ਪਹਿਲਕਦਮੀਆਂ ਜਿਵੇਂ ਸੱਭਿਆਚਾਰਕ ਗਤੀਵਿਧੀਆਂ, ਕੁਈਜ਼ ਅਤੇ ਵੱਖ -ਵੱਖ ਮੁਕਾਬਲੇ ਕਰਵਾਉਣ ਲਈ ਕਿਹਾ।ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਤੋਂ ਇਲਾਵਾ, ਬੀਐਲਓ ਮੌਜੂਦਾ ਵੋਟਰਾਂ ਦੀ ਤਸਦੀਕ ਕਰਨ, ਮ੍ਰਿਤਕ ਵੋਟਰਾਂ ਜਾਂ ਸਥਾਈ ਰੂਪ ਵਿੱਚ ਨਿਵਾਸ ਸਥਾਨ ਬਦਲਣ ਵਾਲੇ ਵੋਟਰਾਂ ਦਾ ਨਾਂ ਹਟਾਉਣ ਲਈ ਵੋਟਰ ਸੂਚੀਆਂ ਦੀ ਸਮੀਖਿਆ ਸਬੰਧੀ ਮਹੱਤਵਪੂਰਨ ਕਾਰਜ ਕਰਦੇ ਹਨ। ਬੀਐਲਓਜ਼ ਨੂੰ ਨਾਗਰਿਕਾਂ ਨੂੰ ਵੋਟਾਂ ਤੋਂ 10-15 ਦਿਨ ਪਹਿਲਾਂ ਵੋਟਰ ਸਲਿੱਪ ਦੇਣ ਦਾ ਕੰਮ ਵੀ ਸੌਂਪਿਆ ਜਾਂਦਾ ਹੈ।