punjab
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਪਹੁੰਚੇ ਦਿੱਲੀ,ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਉਹਨਾਂ ਦੀ ਰਿਹਾਇਸ਼ ਤੇ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਿਰ ਪਹੁੰਚੇ ਦਿੱਲੀ
ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਉਹਨਾਂ ਦੀ ਰਿਹਾਇਸ਼ ਤੇ
ਥੋੜ੍ਹੀ ਦੇਰ ਵਿੱਚ ਸ਼ੁਰੂ ਹੋਵੇਗੀ ਰਸਮੀ ਗੱਲਬਾਤ
ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਕਾਂਗਰਸ ਹਾਈ ਕਮਾਨ ਚਿੰਤਤ
ਚੰਡੀਗੜ੍ਹ, 28 ਅਕਤੂਬਰ (ਵਿਸ਼ਵ ਵਾਰਤਾ)- ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਕਾਂਗਰਸੀਆਂ ਵਿੱਚ ਮੁਲਾਕਾਤਾਂ ਦਾ ਦੌਰ ਜਾਰੀ ਹੈ। ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ,ਰਾਹੁਲ ਗਾਂਧੀ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ਤੇ ਪੁੱਜੇ ਹਨ। ਥੋੜ੍ਹੀ ਦੇਰ ਵਿੱਚ ਹੀ ਰਸਮੀ ਗੱਲਬਾਤ ਸ਼ੁਰੂ ਹੋਵੇਗੀ। ਇਹ ਗੱਲ ਵਰਨਣਯੋਗ ਹੈ ਕਿ ਕੱਲ੍ਹ ਰਾਹੁਲ ਗਾਂਧੀ ਨਾਲ ਕਾਂਗਰਸ ਦੇ ਕਈ ਆਗੂਆਂ ਤੇ ਵਿਧਾਇਕਾਂ ਨੇ ਦਿੱਲੀ ਵਿਖੇ ਮੁਲਾਕਾਤ ਕੀਤੀ ਸੀ। ਜਿਸ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਤੇ ਰਾਣਾ ਗੁਰਮੀਤ ਸਿੰਘ ਸੋਢੀ ਸ਼ਾਮਲ ਸਨ। ਪਤਾ ਲੱਗਿਆ ਹੈ ਕਿ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਗਾਵਤੀ ਸੁਰਾਂ ਅਪਨਾਉਣ ਤੋਂ ਬਾਅਦ ਕਾਫੀ ਚਿੰਤਤ ਦਿਖਾਈ ਦੇ ਰਹੀ ਹੈ। ਇਸ ਲਈ ਹਾਈਕਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਦੇ ਨਜ਼ਦੀਕੀਆਂ ਨੂੰ ਉਹਨਾਂ ਦੇ ਨਾਲ ਜਾਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਹੀ ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਇਹ ਦਾਅਵਾ ਕੀਤਾ ਗਿਆ ਸੀ ਕਿ ਭਾਰੀ ਕਾਂਗਰਸੀ ਆਗੂ ਤੇ ਵਿਧਾਇਕ ਉਹਨਾਂ ਦੇ ਨਾਲ ਹਨ, ਜਿਹਨਾਂ ਦੇ ਨਾਮਾਂ ਦਾ ਉਹ ਅਜੇ ਖੁਲਾਸਾ ਨਹੀਂ ਕਰਨਗੇ।