Punjab
ਕਾਂਗਰਸ ਦੇ ਨਵੇਂ ਨਿਯਮ-ਵਧੇਗੀ ਬਗਾਵਤ; ਸਿੱਧੂ ਜੋੜਾ ਬਣਾਏਗਾ ਨਾਰਾਜ਼ ਲੋਕਾਂ ਨੂੰ ਲੈ ਕੇ ਨਵੀਂ ਪਾਰਟੀ!
ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਟਿਕਟ ਵੰਡ ਲਈ ਨਵੇਂ ਪ੍ਰਸਤਾਵਿਤ ਨਿਯਮਾਂ ਦੀ ਚਰਚਾ ਸਿਆਸੀ ਗਲਿਆਰਿਆਂ ਵਿੱਚ ਤੇਜ਼ ਹੋ ਗਈ ਹੈ। ਇਹ ਨਿਯਮ ਪਾਰਟੀ ਦੀ ਨਵੀਂ ਰਣਨੀਤੀ ਦਾ ਹਿੱਸਾ ਮੰਨੇ ਜਾ ਰਹੇ ਹਨ, ਜਿਸਦਾ ਮੁੱਖ ਮਕਸਦ ਨਵੇਂ ਚਿਹਰਿਆਂ ਨੂੰ ਮੌਕਾ ਦੇਣਾ, ਚੁਣਾਵੀ ਕਾਰਗੁਜ਼ਾਰੀ ਦੇ ਆਧਾਰ ’ਤੇ ਟਿਕਟਾਂ ਦੇਣਾ ਅਤੇ ਸੰਗਠਨ ਵਿੱਚ ਪੀੜ੍ਹੀ ਬਦਲਾਅ ਲਿਆਉਣਾ ਦੱਸਿਆ ਜਾ ਰਿਹਾ ਹੈ। ਪਰ ਨਾਲ ਹੀ ਇਹ ਨਿਯਮ ਪੰਜਾਬ ਵਿੱਚ ਕਾਂਗਰਸ ਲਈ ਵੱਡੀ ਅੰਦਰੂਨੀ ਚੁਣੌਤੀ ਖੜੀ ਕਰ ਸਕਦੇ ਹਨ।
ਪ੍ਰਸਤਾਵਿਤ ਨਿਯਮਾਂ ਅਨੁਸਾਰ ਦੋ ਵਾਰ ਚੋਣ ਹਾਰ ਚੁੱਕੇ ਉਮੀਦਵਾਰਾਂ ਨੂੰ ਟਿਕਟ ਨਾ ਦੇਣ, ਪਿਛਲੀਆਂ ਚੋਣਾਂ ਵਿੱਚ ਪੰਜ ਹਜ਼ਾਰ ਤੋਂ ਘੱਟ ਵੋਟਾਂ ਲੈਣ ਵਾਲਿਆਂ ਨੂੰ ਬਾਹਰ ਰੱਖਣ ਅਤੇ ਸੰਸਦ ਮੈਂਬਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟ ਨਾ ਦੇਣ ਵਰਗੇ ਫ਼ੈਸਲੇ ਸ਼ਾਮਲ ਹਨ। ਇਸਦੇ ਨਾਲ ਹੀ ਪੰਜਾਹ ਫ਼ੀਸਦੀ ਟਿਕਟਾਂ ਨੌਜਵਾਨਾਂ ਨੂੰ ਦੇਣ ਅਤੇ ਨੌਜਵਾਨ ਦੀ ਉਮਰ ਹੱਦ ਪੰਜਾਹ ਸਾਲ ਨਿਰਧਾਰਿਤ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਇੱਕ ਹੋਰ ਨਿਯਮ ਤਹਿਤ ਜਿੱਥੇ ਇੱਕ ਹਲਕੇ ਤੋਂ ਕਈ ਦਾਅਵੇਦਾਰ ਹੋਣਗੇ, ਉੱਥੇ ਟਿਕਟ ਨਾ ਮਿਲਣ ਵਾਲਿਆਂ ਨੂੰ ਸਰਕਾਰ ਬਣਨ ’ਤੇ ਚੇਅਰਮੈਨੀ ਜਾਂ ਹੋਰ ਅਹੁਦਿਆਂ ਨਾਲ ਅਡਜਸਟ ਕਰਨ ਦਾ ਭਰੋਸਾ ਦਿੱਤਾ ਜਾਵੇਗਾਪਰ ਜੇਕਰ ਚੋਣ ਲੜਨ ਵਾਲਾ ਉਮੀਦਵਾਰ ਹਾਰ ਜਾਂਦਾ ਹੈ ਤਾਂ ਉਸਨੂੰ ਕਿਸੇ ਅਹੁਦੇ ’ਤੇ ਅਡਜਸਟ ਨਹੀਂ ਕੀਤਾ ਜਾਵੇਗਾ।
ਇਹ ਮਾਡਲ ਪਹਿਲਾਂ ਕੇਰਲਾ ਵਿੱਚ ਲਾਗੂ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਅਤੇ ਸੰਭਾਵਨਾ ਹੈ ਕਿ ਪੰਜਾਬ ਵਿੱਚ ਵੀ ਇਸੇ ਰੂਪ ਵਿੱਚ ਲਾਗੂ ਕੀਤਾ ਜਾਵੇ। ਪਰ ਪੰਜਾਬ ਦੀ ਸਿਆਸੀ ਹਕੀਕਤ ਕੇਰਲਾ ਨਾਲੋਂ ਵੱਖਰੀ ਹੋਣ ਕਰਕੇ ਇਨ੍ਹਾਂ ਨਿਯਮਾਂ ਦੇ ਪ੍ਰਭਾਵ ਵੀ ਵੱਖਰੇ ਹੋ ਸਕਦੇ ਹਨ। ਪੰਜਾਬ ਕਾਂਗਰਸ ਪਹਿਲਾਂ ਹੀ ਧੜਾਬੰਦੀ ਅਤੇ ਅੰਦਰੂਨੀ ਖਿੱਚਤਾਣ ਦਾ ਸਾਹਮਣਾ ਕਰ ਰਹੀ ਹੈ, ਇਸ ਲਈ ਟਿਕਟ ਵੰਡ ਦੇ ਸਖ਼ਤ ਮਾਪਦੰਡ ਵੱਡੀ ਬਗਾਵਤ ਨੂੰ ਜਨਮ ਦੇ ਸਕਦੇ ਹਨ।
ਇਸ ਪਿਛੋਕੜ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਦੀ ਭੂਮਿਕਾ ਖ਼ਾਸ ਚਰਚਾ ਵਿੱਚ ਆ ਗਈ ਹੈ। ਸਿੱਧੂ ਜੋੜੇ ਵੱਲੋਂ ਨਾਰਾਜ਼ ਆਗੂਆਂ ਨਾਲ ਸੰਪਰਕ ਬਣਾਉਣ ਦੀਆਂ ਖ਼ਬਰਾਂ ਨੇ ਇਹ ਅਟਕਲਾਂ ਹੋਰ ਮਜ਼ਬੂਤ ਕਰ ਦਿੱਤੀਆਂ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਕੋਈ ਨਵਾਂ ਸਮੀਕਰਨ ਬਣ ਸਕਦਾ ਹੈ। ਸਿੱਧੂ ਜੋੜੇ ਦੇ ਮੀਡੀਆ ਸਲਾਹਕਾਰ ਵੱਲੋਂ ਇੱਕ ਯੂਟਿਊਬ ਚੈਨਲ ’ਤੇ ਇਹ ਦਾਅਵਾ ਕੀਤਾ ਗਿਆ ਕਿ ਕਈ ਨਾਰਾਜ਼ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਲੁਧਿਆਣਾ, ਫਿਰੋਜ਼ਪੁਰ ਅਤੇ ਕਪੂਰਥਲਾ ਵਰਗੇ ਖੇਤਰਾਂ ਦੇ ਵੱਡੇ ਨੇਤਾਵਾਂ ਦੀ ਨਾਰਾਜ਼ਗੀ ਦਾ ਵੀ ਇਸ਼ਾਰਾ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਠ ਸੱਤਰ ਨਵੇਂ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਅਤੇ ਜੇਕਰ 60–70 ਨਵੇਂ ਚਿਹਰਿਆਂ ਨੂੰ ਟਿਕਟਾਂ ਮਿਲਦੀਆਂ ਹਨ ਤਾਂ ਲਗਭਗ ਇੰਨੇ ਹੀ ਆਗੂਆਂ ਦੀਆਂ ਟਿਕਟਾਂ ਕੱਟਣ ਕਾਰਨ ਬਗਾਵਤ ਦੀ ਸੰਭਾਵਨਾ ਬਣੇਗੀ। ਇਸਦੇ ਨਾਲ ਹੀ ਦੋ ਵਾਰ ਹਾਰੇ ਉਮੀਦਵਾਰਾਂ ਅਤੇ ਘੱਟ ਵੋਟਾਂ ਲੈਣ ਵਾਲਿਆਂ ਨੂੰ ਟਿਕਟ ਨਾ ਮਿਲਣ ਦੀ ਸਥਿਤੀ ਵੀ ਅਸੰਤੋਸ਼ ਨੂੰ ਹੋਰ ਵਧਾ ਸਕਦੀ ਹੈ। ਇਹ ਸੰਭਾਵੀ ਬਾਗੀ ਆਗੂ ਕਿਸੇ ਨਵੇਂ ਸਿਆਸੀ ਮੰਚ ਦੀ ਭਾਲ ਕਰ ਸਕਦੇ ਹਨ, ਜਿਸ ਨਾਲ ਚੁਣਾਵੀ ਗਣਿਤ ਬਦਲ ਸਕਦਾ ਹੈ।
ਭਾਵੇਂ ਸਿੱਧੂ ਜੋੜਾ ਨਵੀਂ ਪਾਰਟੀ ਬਣਾਉਣ ਤੋਂ ਇਨਕਾਰ ਕਰਦਾ ਆ ਰਿਹਾ ਹੈ, ਪਰ ਡਾ. ਨਵਜੋਤ ਕੌਰ ਸਿੱਧੂ ਦਾ ਚੋਣ ਲੜਨ ਦਾ ਐਲਾਨ ਅਤੇ ਨਾਰਾਜ਼ ਆਗੂਆਂ ਨਾਲ ਸੰਪਰਕ ਇਹ ਦਰਸਾਉਂਦਾ ਹੈ ਕਿ ਭਵਿੱਖ ਵਿੱਚ ਬਾਗੀਆਂ ਨੂੰ ਇਕੱਠਾ ਕਰਕੇ ਨਵਾਂ ਸਿਆਸੀ ਮੋਰਚਾ ਬਣ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਕਾਂਗਰਸ ਦੇ ਪਰੰਪਰਾਗਤ ਵੋਟ ਬੈਂਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਚੁਣਾਵੀ ਮੁਕਾਬਲੇ ਨੂੰ ਤਿਕੋਣਾ ਜਾਂ ਚੌਕੋਣਾ ਬਣਾ ਸਕਦਾ ਹੈ।
ਕੁੱਲ ਮਿਲਾ ਕੇ ਕਾਂਗਰਸ ਦੇ ਨਵੇਂ ਨਿਯਮ ਪਾਰਟੀ ਦੇ ਅੰਦਰ ਸੰਗਠਨਾਤਮਕ ਸੁਧਾਰ ਅਤੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਦੀ ਕੋਸ਼ਿਸ਼ ਵਜੋਂ ਵੇਖੇ ਜਾ ਸਕਦੇ ਹਨ, ਪਰ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ ਵਿੱਚ ਇਹ ਨਿਯਮ ਅੰਦਰੂਨੀ ਅਸੰਤੋਸ਼ ਅਤੇ ਬਗਾਵਤ ਨੂੰ ਜਨਮ ਦੇ ਕੇ ਪਾਰਟੀ ਲਈ ਚੋਣੀ ਚੁਣੌਤੀਆਂ ਵੀ ਵਧਾ ਸਕਦੇ ਹਨ।
ਕੁਲਵੰਤ ਸਿੰਘ ਗੱਗੜਪੁਰੀ

