punjab
ਸੰਵਿਧਾਨ ਦਿਵਸ 2021: ਰਾਜ ਭਵਨ ਦੇ ਸਟਾਫ਼ ਨੇ ਪ੍ਰਸਤਾਵਨਾ ਵਿੱਚ ਦਿੱਤੇ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦਾ ਲਿਆ ਪ੍ਰਣ
ਭਾਰਤ ਦੇ ਸੰਵਿਧਾਨ ਦੀ ਮਹੱਤਤਾ ਨੂੰ ਹੋਰ ਮਜ਼ਬੂਤੀ ਦੇਣ ਲਈ ਪੰਜਾਬ ਰਾਜ ਭਵਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਸ਼੍ਰੀ ਬਨਵਾਰੀਲਾਲ ਪੁਰੋਹਿਤ ਦੀ ਅਗਵਾਈ ਵਿੱਚ ਪ੍ਰਸਤਾਵਨਾ ਵਿੱਚ ਦਰਸਾਏ ਸਿਧਾਂਤਾਂ ਅਨੁਸਾਰ ਜੀਵਨ ਜਿਊਣ ਦਾ ਪ੍ਰਣ ਲਿਆ।
ਉਨ੍ਹਾਂ ਨੇ ਪ੍ਰਸਤਾਵਨਾ ਪੜ੍ਹੀ ਅਤੇ ਇਸ ਦੀ ਭਾਵਨਾ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ।
ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਨੂੰ ਚੇਤੇ ਕਰਦਿਆਂ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਯੂ.ਟੀ. ਚੰਡੀਗੜ੍ਹ ਨੇ ਕਿਹਾ ਕਿ ਕੁਝ ਦਿਨ ਅਤੇ ਮੌਕੇ ਅਜਿਹੇ ਹੁੰਦੇ ਹਨ ਜੋ ਅਤੀਤ ਨਾਲ ਸਾਡੇ ਰਿਸ਼ਤੇ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਬਿਹਤਰ ਭਵਿੱਖ ਲਈ ਕੰਮ ਕਰਨ ਵਾਸਤੇ ਪ੍ਰੇਰਿਤ ਕਰਦੇ ਹਨ ਅਤੇ ਸੰਵਿਧਾਨ ਦਿਵਸ ਅਜਿਹਾ ਹੀ ਇੱਕ ਇਤਿਹਾਸਕ ਦਿਨ ਹੈ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਆਲਮੀ ਲੋਕਤੰਤਰ ਦੀ ਸਰਬੋਤਮ ਪ੍ਰਾਪਤੀ ਹੈ। ਇਹ ਨਾ ਸਿਰਫ਼ ਸਾਨੂੰ ਅਧਿਕਾਰਾਂ ਬਾਰੇ ਜਾਣੂ ਕਰਵਾਉਂਦਾ ਹੈ, ਸਗੋਂ ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਤੋਂ ਵੀ ਜਾਣੂ ਕਰਵਾਉਂਦਾ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਅੱਜ ਦੇ ਦਿਨ ਨੂੰ ਆਪਣੇ ਕੰਮਾਂ ਤੇ ਚਿੰਤਨ ਕਰਨ ਦੇ ਮੌਕੇ ਵਜੋਂ ਲੈਣਾ ਚਾਹੀਦਾ ਹੈ ਅਤੇ ਇਹ ਵੇਖਣਾ ਚਾਹੀਦਾ ਹੈ ਕਿ ਅਸੀਂ ਇੱਕ ਵਿਅਕਤੀ , ਇੱਕ ਪਰਿਵਾਰ ਅਤੇ ਇੱਕ ਸਮਾਜ ਦੇ ਤੌਰਤੇ ਆਪਣੀਆਂ ਜ਼ਿੰਮੇਵਾਰੀਆਂ, ਜਿਨ੍ਹਾਂ ਦੀ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ, ਪ੍ਰਤੀ ਗੰਭੀਰ ਹਾਂ। ਉਨ੍ਹਾਂ ਕਿਹਾ “ਹਰੇਕ ਕੰਮ ਅਤੇ ਫੈਸਲੇ ਸਮੇਂ ਆਪਣੇ ਆਪ ਨੂੰ ਸਵਾਲ ਕਰੋ ਕਿ ਤੁਸੀਂ ਜੋ ਵੀ ਕਰ ਰਹੇ ਹੋ, ਕੀ ਇਹ ਤੁਹਾਡੇ ਦੇਸ਼ ਨੂੰ ਮਜ਼ਬੂਤ ਕਰਦਾ ਹੈ; ਹਾਂ-ਪੱਖੀ ਜਵਾਬ ਇਸ ਗੱਲ ਦਾ ਸੰਕੇਤ ਹੈ ਕਿ ਅਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਸਹੀ ਰਸਤੇ `ਤੇ ਹਾਂ।“
ਉਨ੍ਹਾਂ ਸਟਾਫ਼ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤੀ ਦੇਣ ਲਈ ਆਪਣੀਆਂ ਜ਼ਿੰਮੇਵਾਰੀਆਂ ਵੱਲ ਧਿਆਨ ਕੇਂਦਰਿਤ ਕਰਨਾ ਸਾਡਾ ਸਰਬੋਤਮ ਯਤਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਆਓ ਅਸੀਂ ਆਪਣੇ ਸੰਵਿਧਾਨ ਦੇ ਆਦਰਸ਼ਾਂ ਨੂੰ ਕਾਇਮ ਰੱਖੀਏ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਆਪਣੀ ਵਚਨਬੱਧਤਾ ਨੂੰ ਮਜ਼ਬੂਤ ਕਰੀਏ।”