Connect with us

punjab

ਸੌੜੀ ਸਿਆਸਤ ਨੂੰ ਛੱਡ ਕੇ, ਪੰਜਾਬ ‘ਚ ਆਕਸੀਜਨ ਪਲਾਂਟ ਸਥਾਪਤ ਕਰਨ ਲਈ ਆਪਣੀ ਕੇਂਦਰ ਸਰਕਾਰ ‘ਤੇ ਦਬਾਅ ਪਾਓ

Published

on

balbir singh sidhu

ਸੂਬੇ ਵਿਚ ਆਕਸੀਜਨ ਪਲਾਂਟ ਲਗਾਉਣ ਵਿਚ ਬੇਲੋੜੀ ਦੇਰ ਸਬੰਧੀ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਦੋਸ਼ ਲਗਾਉਣ ਦੀ ਬਜਾਏ ਪੰਜਾਬ ਵਿਚ ਜਲਦ ਤੋਂ ਜਲਦ ਆਕਸੀਜਨ ਪਲਾਂਟ ਲਗਾਉਣ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ ਲਈ ਕਿਹਾ ਹੈ। ਪੰਜਾਬ ਵਿੱਚ ਕੋਵਿਡ ਕੇਸਾਂ ਅਤੇ ਇਸ ਦੀ ਮੌਤ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਨਾਲ ਮੈਡੀਕਲ ਐਮਰਜੈਂਸੀ ਵਾਲਾ ਮਹੌਲ ਬਣਿਆ ਹੋਇਆ ਹੈ ਅਤੇ ਆਕਸੀਜਨ ਕੋਟੇ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਸੂਬੇ ਦੀ ਜ਼ਰੂਰਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਫ਼ਰੀਦਕੋਟ ਵਿਖੇ ਸਿਰਫ 1 ਪਲਾਂਟ ਪੀਐਸਏ ਸਥਾਪਤ ਕੀਤਾ ਗਿਆ ਹੈ। ਜਿਸ ਨੂੰ ਮਾਰਚ 2021 ਵਿਚ ਚਾਲੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਯਾਦ ਕਰਾਉਣ ਅਤੇ ਬੇਨਤੀਆਂ ਦੇ ਬਾਵਜੂਦ, ਭਾਰਤ ਸਰਕਾਰ ਵੱਲੋਂ ਅਜੇ ਵੀ ਜੀ.ਐਮ.ਸੀ.ਐਚ. ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਦੋ ਪਲਾਂਟ ਸਥਾਪਤ ਨਹੀਂ ਕੀਤੇ ਗਏ।

ਸ. ਸਿੱਧੂ ਨੇ ਕਿਹਾ ਕਿ 12 ਅਕਤੂਬਰ 2020 ਨੂੰ ਭਾਰਤ ਸਰਕਾਰ ਵੱਲੋਂ ਕਹੇ ਅਨੁਸਾਰ 3 ਮੈਡੀਕਲ ਕਾਲਜਾਂ ਵਿੱਚ ਪੀਐਸਏ ਪਲਾਂਟਾਂ ਸਥਾਪਤ ਕਰਨ ਦੀ ਮੰਗ ਨਿਰਧਾਰਤ ਫਾਰਮੈਟ ’ਤੇ ਭੇਜੀ ਗਈ ਜਿਸ ਤਹਿਤ ਪਹਿਲੇ ਪੜਾਅ ਦੌਰਾਨ ਪਲਾਂਟ 15 ਅਕਤੂਬਰ, 2020 ਤੱਕ ਭਾਰਤ ਸਰਕਾਰ ਵੱਲੋਂ ਸੈਂਟਰਲ ਮੈਡੀਕਲ ਸਰਵਿਸਿਜ਼ ਸੁਸਾਇਟੀ ਰਾਹੀਂ ਸਥਾਪਤ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ 2 ਨਵੰਬਰ, 2020 ਨੂੰ ਕੇਂਦਰ ਸਰਕਾਰ ਨੇ ਦੇਸ਼ ਵਿਚ ਲਗਾਏ ਜਾਣ ਵਾਲੇ 162 ਪੀਐਸਏ ਪਲਾਂਟਾਂ ਦੇ ਸੂਚੀ ਜਾਰੀ ਕੀਤੀ ਜਿਸ ਵਿਚ ਪੰਜਾਬ ‘ਚ ਸਥਾਪਤ ਕੀਤੇ ਜਾਣ ਵਾਲੇ ਇਹ 3 ਪਲਾਂਟ ਸ਼ਾਮਲ ਸਨ।

ਸੂਬਾ ਸਰਕਾਰ ਨੇ 31 ਦਸੰਬਰ, 2020 ਨੂੰ ਸਾਈਟ ਤਿਆਰ ਕਰਨ ਦੇ ਸਰਟੀਫਿਕੇਟ ਜਿਵੇਂ ਕਿ ਸ਼ੈੱਡ, ਪਲੇਟਫਾਰਮ ਅਤੇ ਜੈਨਸੈੱਟ ਆਦਿ ਭਾਰਤ ਸਰਕਾਰ ਨੂੰ ਭੇਜ ਕੇ ਸਾਰੇ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ। ਇਹ ਮੰਦਭਾਗਾ ਹੈ ਕਿ ਪੰਜਾਬ ਵਿੱਚ ਸਿਰਫ਼ ਫਰੀਦਕੋਟ ਵਿਖੇ ਹੁਣ ਤੱਕ ਸਿਰਫ ਇੱਕ ਪਲਾਂਟ ਲਗਾਇਆ ਗਿਆ ਹੈ। ਸ. ਸਿੱਧੂ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਪਲਾਂਟ ਸਥਾਪਤ ਕਰਨ ਸਬੰਧੀ ਭਾਰਤ ਸਰਕਾਰ ਨੇ ਠੇਕੇਦਾਰ ਨੂੰ ਕੰਮ ਦਿੱਤਾ ਸੀ ਪਰ ਉਸ ਨੇ ਇਹ ਕੰਮ ਸ਼ੁਰੂ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਤੇ ਇਹ ਠੇਕਾ 17 ਅਪ੍ਰੈਲ 2021 ਨੂੰ ਇੱਕ ਨਵੇਂ ਵਿਕਰੇਤਾ ਏਅਰ ਆਕਸ ਨੂੰ ਦਿੱਤਾ ਗਿਆ ਹੈ। ਸਾਰੇ 50 ਬੈੱਡਾਂ ਵਾਲੇ ਸਰਕਾਰੀ ਹਸਪਤਾਲਾਂ ਨੂੰ ਪੀਐਸਏ ਪਲਾਂਟ ਨਾਲ ਜੋੜਨ ਸਬੰਧੀ ਕਾਰਜ ਜੰਗੀ ਪੱਧਰ ‘ਤੇ ਹੈ।