Connect with us

punjab

ਆਬਕਾਰੀ ਵਿਭਾਗ ਵਲੋਂ ਪਟਿਆਲਾ ਦੀ ਅਣ-ਅਧਿਕਾਰਤ ਥਾਂ ’ਤੇ ਛੁਪਾਈਆਂ ਸ਼ਰਾਬ ਦੀਆਂ 2718 ਪੇਟੀਆਂ ਦੀ ਵੱਡੀ ਖੇਪ ਦਾ ਪਰਦਾਫਾਸ਼

Published

on

Excise Department

ਚੰਡੀਗੜ, ਜਨਵਰੀ: ਆਬਕਾਰੀ ਵਿਭਾਗ ਵਲੋਂ ਪੁਲਿਸ ਅਧਿਕਾਰੀਆਂ ਨਾਲ ਸਾਂਝੇ ਤੌਰ ‘ਤੇ ਕਾਰਵਾਈ ਕਰਦਿਆਂ ਗਰੁੱਪ-18 ਪਟਿਆਲਾ ਸ਼ਹਿਰ ਦੀ ਰਿਟੇਲ ਲਾਇਸੈਂਸ ਧਾਰਕ ਮੰਜੂ ਸਿੰਗਲਾ ਦੇ ਟਿਕਾਣੇ ‘ਤੇ ਛਾਪੇਮਾਰੀ ਕੀਤੀ ਗਈ ਅਤੇ ਤਲਾਸ਼ੀ ਅਭਿਆਨ ਚਲਾਇਆ ਗਿਆ ।

ਅਧਿਕਾਰੀਆਂ ਨੇ ਮਿਲੀ ਸੂਹ ‘ਤੇ ਕਾਰਵਾਈ ਕੀਤੀ ਕਿ ਉਕਤ ਲਾਇਸੰਸ ਧਾਰਕ ਵੱਲੋਂ ਆਪਣੇ ਰਿਹਾਇਸ਼ੀ ਘਰ ਵਿੱਚ ਸ਼ਰਾਬ ਦਾ ਅਣਅਧਿਕਾਰਤ ਸਟਾਕ ਸਟੋਰ ਕੀਤਾ ਗਿਆ ਹੈ ਜੋ ਕਿ ਉਸਦੇ ਲਾਹੌਰੀ ਗੇਟ ਠੇਕੇ ਦੇ ਨੇੜੇ ਸਥਿਤ ਹੈ।

ਇਸ ਸਮੁੱਚੀ ਕਾਰਵਾਈ ਨੂੰ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ, ਐਸ.ਐਸ.ਪੀ ਪਟਿਆਲਾ ਡਾ: ਸੰਦੀਪ ਗਰਗ ਅਤੇ ਜੁਆਇੰਟ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ,ਏ.ਆਈ.ਜੀ. (ਆਬਕਾਰੀ) ਹਰਮੀਤ ਸਿੰਘ ਹੁੰਦਲ ,ਡਿਪਟੀ ਕਮਿਸ਼ਨਰ ਆਬਕਾਰੀ, ਪਟਿਆਲਾ ਜੋਨ ਰਾਜਪਾਲ ਖਹਿਰਾ, ਐਸ.ਪੀ.(ਸਿਟੀ) ਹਰਪਾਲ ਸਿੰਘ, ਡੀ.ਐਸ.ਪੀ. ਸਿਟੀ-1 ਅਸ਼ੋਕ ਕੁਮਾਰ ਸ਼ਰਮਾ ਦੀ ਨਿਗਰਾਨੀ ਹੇਠ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਰੇਂਜ ਇੰਦਰਜੀਤ ਸਿੰਘ ਨਾਗਪਾਲ ਸਮੇਤ ਪਟਿਆਲਾ ਆਬਕਾਰੀ ਦਫਤਰ ਦੀ ਟੀਮ ਵਲੋਂ ਅੰਜਾਮ ਦਿੱਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ ਨੇ ਦੱਸਿਆ ਕਿ ਆਬਕਾਰੀ ਵਿਭਾਗ ਨੇ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਬਿਨਾਂ ਡਿਊਟੀ ਵਾਲੀ ਸ਼ਰਾਬ ਦੀ ਤਸਕਰੀ ਕਰਨ ਅਤੇ ਵੇਚਣ ਵਾਲੇ ਵਿਅਕਤੀਆਂ ‘ਤੇ ਨਕੇਲ ਕੱਸ ਦਿੱਤੀ ਹੈ।

ਰਜਤ ਅਗਰਵਾਲ ਨੇ ਅੱਗੇ ਦੱਸਿਆ ਕਿ ਮਿਲੀ ਸੂਹ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਹਰਕਤ ‘ਚ ਆ ਗਈ। ਤਲਾਸ਼ੀ ਦੌਰਾਨ ਇਹ ਪਾਇਆ ਗਿਆ ਕਿ ਤਿੰਨ ਵਿਅਕਤੀ ਲਲਿਤ ਸਿੰਗਲਾ ਪੁੱਤਰ ਗਿਆਨ ਚੰਦ ਸਿੰਗਲਾ, ਕੇਸ਼ਵ ਸਿੰਗਲਾ ਪੁੱਤਰ ਵਰਿੰਦਰ ਕੁਮਾਰ ਵਾਸੀ ਸਰਾਏ ਅਲਬੇਲ ਸਿੰਘ ਲਾਹੌਰੀ ਗੇਟ, ਪਟਿਆਲਾ (ਜੋ ਲਾਇਸੰਸਧਾਰਕ ਦੇ ਪਰਿਵਾਰਕ ਮੈਂਬਰ ਹਨ) ਅਤੇ ਉਨਾਂ ਦਾ ਹਿੱਸੇਦਾਰ ਉਮੇਸ਼ ਸਰਮਾ, ਆਪਣੀਆਂ ਰਿਹਾਇਸ਼ੀ ਥਾਵਾਂ ਅੰਦਰ ਸਥਿਤ ਕੁਝ ਅਣ-ਅਧਿਕਾਰਤ ਥਾਵਾਂ ‘ਤੇ ਸ਼ਰਾਬ ਸਟੋਰ ਕਰਨ ਵਿੱਚ ਸ਼ਾਮਲ ਹਨ।

ਤਲਾਸ਼ੀ ਦੌਰਾਨ ਵੱਖ-ਵੱਖ ਥਾਵਾਂ ‘ਤੇ ਸਟੋਰ ਕੀਤੀ ਗਈ ਸ਼ਰਾਬ ਦੇ 2718 ਪੇਟੀਆਂ ਬਰਾਮਦ ਹੋਈਆਂ ਜੋ ਸਟੋਰ ਕਰਨ ਲਈ ਅਧਿਕਾਰਤ ਨਹੀਂ ਸਨ। ਸ੍ਰੀ ਅਗਰਵਾਲ ਨੇ ਅੱਗੇ ਕਿਹਾ, 2718 ਪੇਟੀਆਂ ਵਿੱਚੋਂ, ਹੋਲੋਗ੍ਰਾਮ ਰਹਿਤ ਬਾਇਓ ਬ੍ਰਾਂਡ ਦੀਆਂ 428 ਬੋਤਲਾਂ , ਬੀਅਰ ਦੀਆਂ 1009 ਪੇਟੀਆਂ ਅਤੇ ਪੀ.ਐਮ.ਐਲ ਦੀਆਂ 493 ਪੇਟੀਆਂ ਬਰਾਮਦ ਕੀਤੀਆਂ ਅਤੇ ਆਈ.ਐਮ.ਐਫ.ਐਲ. ਦੀਆਂ 1180 ਪੇਟੀਆਂ ਬਰਾਮਦ ਹੋਈਆਂ।

ਵਿਭਾਗ ਵੱਲੋਂ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਲਾਹੌਰੀ ਗੇਟ ਵਿੱਚ ਐਫ.ਆਈ.ਆਰ ਨੰਬਰ 16 ਮਿਤੀ 21-01-2022 ਨੂੰ ਦਰਜ ਕਰਵਾ ਦਿੱਤੀ ਗਈ ਹੈ।

ਆਬਕਾਰੀ ਕਮਿਸ਼ਨਰ ਨੇ ਦੁਹਰਾਇਆ ਕਿ ਜਦੋਂ ਤੋਂ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜਰ ਆਦਰਸ਼ ਚੋਣ ਜਾਬਤਾ ਲਾਗੂ ਹੋਇਆ ਹੈ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਭਾਗ ਨੇ ਸ਼ਰਾਬ ਦੀ ਤਸਕਰੀ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਤਰਾਂ ਦੀ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਕਾਰਵਾਈ ਕੀਤੀ ਹੈ।

ਉਨਾਂ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਭਰ ਵਿੱਚ ਸ਼ਰਾਬ ਦੇ ਗੈਰ-ਕਾਨੂੰਨੀ ਉਤਪਾਦਨ, ਡਿਸਟਿਲੇਸ਼ਨ, ਤਸਕਰੀ ਅਤੇ ਸਟੋਰੇਜ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਦੇ ਬਾਬਤ ਵਿਭਾਗ ਦੇ ਸ਼ਿਕਾਇਤ ਸੈੱਲ ਨੰਬਰ 98759-61126 ‘ਤੇ ਸੂਚਨਾ ਦੇਣ ਤਾਂ ਜੋ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ।