punjab
ਜਾਣੋ ਕਿਵੇਂ ਦਿੱਲੀ ਅੰਦੋਲਨ ਤੋਂ ਵਾਪਿਸ ਆ ਰਹੇ ਕਿਸਾਨ ਦੀ ਹੋਈ ਮੌਤ
ਕਿਸਾਨੀ ਅੰਦੋਲਨ ਜਿਸ ਨੂੰ ਚੱਲਦੇ ਸੱਤ ਮਹੀਨੇ ਤੋਂ ਉਪਰ ਹੋ ਗਏ ਹਨ। ਇਸ ਦੌਰਾਨ ਕਈ ਕਿਸਾਨਾਂ ਨੇ ਆਪਣੀ ਜਾਨ ਗੁਆਈ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ’ਚ ਦਿੱਲੀ ਵਿਖੇ ਚੱਲ ਰਹੇ ਦਿੱਲੀ ਅੰਦੋਲਨ ਵਿਚ ਸਰਗਰਮ ਰਹੇ ਪਿੰਡ ਝੰਡੂਕੇ ਦੇ ਮਜ਼ਦੂਰ ਬਿੱਕਰ ਸਿੰਘ ਪੁੱਤਰ ਕਰਨੈਲ ਸਿੰਘ ਦੀ ਦਿੱਲੀ ਤੋਂ ਘਰ ਪਰਤਦਿਆਂ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜਗਜੀਤ ਸਿੰਘ ਜਟਾਣਾ ਨੇ ਦੱਸਿਆ ਕਿ ਬਿੱਕਰ ਸਿੰਘ ਕਿਸਾਨ, ਮਜ਼ਦੂਰ ਅੰਦੋਲਨਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ ਉਸ ਨੇ ਸੰਘਰਸ਼ ਦੌਰਾਨ ਜੇਲ੍ਹਾ ਵੀ ਕੱਟੀਆਂ ਸਨ। ਉਹ ਪਿਛਲੇ ਹਫ਼ਤੇ ਦਿੱਲੀ ਕਿਸਾਨੀ ਅੰਦੋਲਨ ਵਿਚ ਗਿਆ ਸੀ ਅਤੇ ਉਥੇ ਬੀਮਾਰ ਹੋਣ ਕਾਰਣ 8 ਜੁਲਾਈ ਨੂੰ ਵਾਪਸ ਪਿੰਡ ਆ ਗਿਆ। ਬੀਮਾਰੀ ਦੌਰਾਨ ਹੀ ਅੱਜ ਉਸ ਦੀ ਮੌਤ ਹੋ ਗਈ। ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਲਿਆਂਦਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਚਾਰ ਕੁੜੀਆਂ, ਇਕ ਮੁੰਡਾ ਅਤੇ ਪਤਨੀ ਛੱਡ ਗਿਆ ਹੈ, ਜਿਨ੍ਹਾਂ ਵਿਚੋਂ ਦੋ ਕੁੜੀਆਂ ਅਤੇ ਮੁੰਡੇ ਕੁਆਰੇ ਹਨ। ਕਿਸਾਨ ਆਗੂਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ ਕੀਤਾ ਜਾਵੇ ਤੇ ਸਰਕਾਰੀ ਆਰਥਿਕ ਸਹਾਇਤਾ ਦੇਣ ਦੇ ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।