Punjab
ਪੰਜਾਬ ਭਰ ‘ਚ ਭਾਰੀ ਮੀਂਹ ਅਤੇ ਗੜ੍ਹੇਮਾਰੀ, ਠੰਡੀਆਂ ਹਵਾਵਾਂ ਨੇ ਵਧਾਈ ਠੰਡ
ਇਕ ਪਾਸੇ ਅੱਜ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਮੌਸਮ ਨੇ ਵੀ ਬੀਤੀ ਰਾਤ ਤੋਂ ਹੀ ਮਿਜ਼ਾਦ ਬਦਲ ਲਿਆ ਸੀ। ਪੰਜਾਬ-ਚੰਡੀਗੜ੍ਹ ਸਮੇਤ ਕਈ ਹੋਰ ਥਾਵਾਂ ‘ਤੇ ਅੱਧੀ ਰਾਤ ਤੋਂ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ। ਕਈ ਥਾਈਂ ਰੁੱਖ ਜੜ੍ਹੋਂ ਉੱਖੜ ਗਏ ਜਿਸ ਨਾਲ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਤੇ ਆਵਾਜਾਈ ਵਿਚ ਵੀ ਅੜਿੱਕਾ ਪਿਆ। ਕਈ ਥਾਈਂ ਬਿਜਲੀ ਦੇ ਖੰਭੇ ਨੁਕਸਾਨੇ ਜਾਣ ਦੀਆਂ ਵੀ ਰਿਪੋਰਟਾਂ ਹਨ ਜਿਸ ਨਾਲ ਬਿਜਲੀ ਸਪਲਾਈ ਪ੍ਰਭਾਵਿਤ ਹੋਈ।
ਅੱਜ ਰਾਤ ਅਤੇ ਕੱਲ੍ਹ ਦੁਪਹਿਰ ਤੱਕ ਮੌਸਮ ਇਸੇ ਤਰ੍ਹਾਂ ਰਹਿ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਅਚਾਨਕ ਮੌਸਮ ਬਦਲਣ ਕਾਰਨ ਤਾਪਮਾਨ ਵਿੱਚ ਵੀ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਸਕਦਾ ਹੈ। ਕਿਸਾਨਾਂ ਅਤੇ ਆਮ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਗੜ੍ਹੇਮਾਰੀ ਅਤੇ ਤੇਜ਼ ਹਵਾਵਾਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਮੀਂਹ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਈ। ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ 3.2 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਨੁਸਾਰ ਸ਼ੁੱਕਰਵਾਰ, 23 ਜਨਵਰੀ ਨੂੰ ਦਿਨ ਭਰ ਮੌਸਮ ਖਰਾਬ ਰਹੇਗਾ। ਦਿਨ ਭਰ ਰੁਕ-ਰੁਕ ਕੇ ਮੀਂਹ ਪਵੇਗਾ। ਮੀਂਹ ਦੀ ਸੰਭਾਵਨਾ 78% ਹੈ। ਜਲੰਧਰ ਦੇ ਨਾਲ ਲੱਗਦੇ ਅੰਮ੍ਰਿਤਸਰ ਅਤੇ ਲੁਧਿਆਣਾ ਨੂੰ ਵੀ ਪੱਛਮੀ ਗੜਬੜੀ ਕਾਰਨ ਅਗਲੇ ਦੋ ਦਿਨਾਂ ਲਈ ਮੀਂਹ, ਗਰਜ-ਤੂਫ਼ਾਨ ਅਤੇ ਗੜੇਮਾਰੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
