Connect with us

Punjab

ਕਿਵੇਂ ਸ਼ਰ੍ਹੇਆਮ ਲੁੱਟ ਰਹੇ ਨੇ ਵੱਡੇ ਨਿੱਜੀ ਹਸਪਤਾਲ — ਡਾਕਟਰ ਬੀਬੀ ਨੇ ਖੋਲ੍ਹੀ ਪੋਲ! 

Published

on

ਸਾਡੇ ਦੇਸ਼ ਵਿੱਚ ਸਿਹਤ ਸੇਵਾਵਾਂ ਨੂੰ ਕਦੇ ਸੇਵਾ ਮੰਨਿਆ ਜਾਂਦਾ ਸੀ, ਪਰ ਅੱਜ ਇਹ ਵੱਡੇ ਪੱਧਰ ‘ਤੇ ਇਕ ਵਪਾਰ ਬਣ ਚੁੱਕੀਆਂ ਹਨ। ਖ਼ਾਸ ਕਰਕੇ ਵੱਡੇ ਨਿੱਜੀ ਹਸਪਤਾਲਾਂ ਉੱਤੇ ਲਗਾਤਾਰ ਇਹ ਦੋਸ਼ ਲੱਗਦੇ ਰਹੇ ਹਨ ਕਿ ਉਹ ਮਰੀਜ਼ਾਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨੂੰ ਆਰਥਿਕ ਤੌਰ ‘ਤੇ ਨਚੋੜ ਰਹੇ ਹਨ। ਹਾਲ ਹੀ ਵਿੱਚ ਚੰਡੀਗੜ੍ਹ ਦੀ ਡਾਕਟਰ ਪ੍ਰਭਲੀਨ ਕੌਰ ਵੱਲੋਂ ਕੀਤਾ ਗਿਆ ਖੁਲਾਸਾ ਇਸ ਗੱਲ ਨੂੰ ਹੋਰ ਵੀ ਮਜ਼ਬੂਤੀ ਨਾਲ ਸਾਹਮਣੇ ਲਿਆਉਂਦਾ ਹੈ ਕਿ ਇਹ ਸਿਰਫ਼ ਅਫਵਾਹਾਂ ਨਹੀਂ, ਸਗੋਂ ਇੱਕ ਕੌੜਾ ਸੱਚ ਹੈ।

ਡਾਕਟਰ ਪ੍ਰਭਲੀਨ ਕੌਰ ਨੇ ਜਦੋਂ ਇੱਕ ਨਾਮੀ ਨਿੱਜੀ ਹਸਪਤਾਲ ਵਿੱਚ ਨੌਕਰੀ ਸ਼ੁਰੂ ਕੀਤੀ ਤਾਂ ਉਹ ਵੀ ਹੋਰਾਂ ਦੀ ਤਰ੍ਹਾਂ ਇਹ ਸੋਚ ਕੇ ਗਈ ਸੀ ਕਿ ਉਹ ਮਰੀਜ਼ਾਂ ਦੀ ਸੇਵਾ ਕਰੇਗੀ ਅਤੇ ਆਪਣੇ ਪੇਸ਼ੇ ਨਾਲ ਇਨਸਾਫ਼ ਕਰੇਗੀ। ਪਰ ਨੌਕਰੀ ਦੇ ਪਹਿਲੇ ਹੀ ਦਿਨ ਉਸਨੂੰ ਜੋ ਹਦਾਇਤਾਂ ਮਿਲੀਆਂ, ਉਹ ਉਸਦੀਆਂ ਉਮੀਦਾਂ ਤੋਂ ਬਿਲਕੁੱਲ ਉਲਟ ਸਨ। ਉਸਦੇ ਅਨੁਸਾਰ ਹਸਪਤਾਲ ਪ੍ਰਬੰਧਨ ਵੱਲੋਂ ਸਾਫ਼ ਕਿਹਾ ਗਿਆ ਕਿ ਮਰੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਦਿਨ ਦਾਖਲ ਰੱਖਿਆ ਜਾਵੇ, ਲੋੜ ਤੋਂ ਵੱਧ ਟੈਸਟ ਕਰਵਾਏ ਜਾਣ ਅਤੇ ਆਈ ਸੀ ਯੂ ਵਿੱਚ ਵੀ ਬਿਨਾਂ ਵੱਡੀ ਲੋੜ ਦੇ ਰੱਖਿਆ ਜਾਵੇ ਤਾਂ ਜੋ ਹਸਪਤਾਲ ਦੀ ਕਮਾਈ ਵਧ ਸਕੇ। ਇਹ ਸਿਰਫ਼ ਇੱਕ ਨੀਤੀ ਨਹੀਂ, ਸਗੋਂ ਮਰੀਜ਼ ਦੀ ਬਿਮਾਰੀ ਨੂੰ ਕਮਾਈ ਦਾ ਸਾਧਨ ਬਣਾਉਣ ਦੀ ਸੋਚ ਹੈ।

ਇਸ ਤਰ੍ਹਾਂ ਦੀ ਸੋਚ ਨਾ ਸਿਰਫ਼ ਡਾਕਟਰੀ ਪੇਸ਼ੇ ਦੀ ਆਤਮਾ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਮਰੀਜ਼ ਅਤੇ ਉਸਦੇ ਪਰਿਵਾਰ ਨੂੰ ਮਨੋਵਿਗਿਆਨਕ ਅਤੇ ਆਰਥਿਕ ਤੌਰ ‘ਤੇ ਤੋੜ ਦਿੰਦੀ ਹੈ। ਜਦੋਂ ਇੱਕ ਪਰਿਵਾਰ ਆਪਣੇ ਪਿਆਰੇ ਦੀ ਜਾਨ ਬਚਾਉਣ ਲਈ ਹਸਪਤਾਲ ਦਾ ਦਰਵਾਜ਼ਾ ਖੜਕਾਉਂਦਾ ਹੈ, ਉਹ ਪੂਰੀ ਤਰ੍ਹਾਂ ਡਾਕਟਰਾਂ ‘ਤੇ ਭਰੋਸਾ ਕਰਦਾ ਹੈ ਪਰ ਜੇ ਉਸ ਭਰੋਸੇ ਨੂੰ ਹੀ ਮੋਟੇ ਬਿੱਲਾਂ ਵਿੱਚ ਤਬਦੀਲ ਕਰ ਦਿੱਤਾ ਜਾਵੇ, ਤਾਂ ਇਹ ਮਨੁੱਖਤਾ ਦੇ ਖਿਲਾਫ਼ ਇੱਕ ਵੱਡਾ ਅਪਰਾਧ ਬਣ ਜਾਂਦਾ ਹੈ।

ਇਸ ਮਾਮਲੇ ਵਿੱਚ ਡਾਕਟਰ ਪ੍ਰਭਲੀਨ ਕੌਰ ਦਾ ਪਹਿਲੇ ਦਿਨ ਹੀ ਅਸਤੀਫਾ ਦੇਣਾ ਇਹ ਦਰਸਾਉਂਦਾ ਹੈ ਕਿ ਅਜੇ ਵੀ ਕੁਝ ਡਾਕਟਰ ਆਪਣੀ ਜ਼ਮੀਰ ਨੂੰ ਜਿੰਦਾ ਰੱਖਦੇ ਹਨ। ਉਹਨਾਂ ਲਈ ਪੈਸਾ ਨਹੀਂ, ਸਗੋਂ ਇਨਸਾਨੀਅਤ ਵੱਡੀ ਹੁੰਦੀ ਹੈ। ਪਰ ਦੁੱਖ ਦੀ ਗੱਲ ਇਹ ਹੈ ਕਿ ਅਜਿਹੇ ਮਾਮਲੇ ਘੱਟ ਹਨ ਅਤੇ ਜ਼ਿਆਦਾਤਰ ਥਾਵਾਂ ‘ਤੇ ਵਪਾਰਕ ਸੋਚ ਹਾਵੀ ਹੈ।

ਅਜਿਹੇ ਕਈ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਜਿੱਥੇ ਮਰੀਜ਼ ਦੀ ਮੌਤ ਤੋਂ ਬਾਅਦ ਵੀ ਉਸਨੂੰ ਵੇਂਟੀਲੇਟਰ ‘ਤੇ ਰੱਖ ਕੇ ਬਿੱਲ ਵਧਾਇਆ ਗਿਆ। ਕਈ ਵਾਰ ਛੋਟੀ ਬੀਮਾਰੀ ਨੂੰ ਵੱਡਾ ਦੱਸ ਕੇ ਮਰੀਜ਼ ਨੂੰ ਡਰਾ ਦਿੱਤਾ ਜਾਂਦਾ ਹੈ, ਤਾਂ ਜੋ ਉਹ ਮਹਿੰਗੇ ਇਲਾਜ ਲਈ ਤਿਆਰ ਹੋ ਜਾਵੇ। ਲੈਬ ਟੈਸਟਾਂ ਦੀ ਬੇਤਹਾਸਾ ਵਰਤੋਂ, ਮਹਿੰਗੀਆਂ ਦਵਾਈਆਂ ਲਿਖਣਾ ਅਤੇ ਪੈਕੇਜ ਸਿਸਟਮ ਦੇ ਨਾਂ ‘ਤੇ ਲੱਖਾਂ ਦੇ ਬਿੱਲ ਬਣਾਉਣਾ ਹੁਣ ਆਮ ਗੱਲ ਬਣ ਗਈ ਹੈ।

ਖ਼ਾਸ ਕਰਕੇ ਜਚਗੀ (ਡਿਲਿਵਰੀ) ਦੇ ਮਾਮਲੇ ਵਿੱਚ ਇਹ ਰੁਝਾਨ ਹੋਰ ਵੀ ਚਿੰਤਾਜਨਕ ਹੈ। ਜਿੱਥੇ ਪਹਿਲਾਂ ਨਾਰਮਲ ਡਿਲਿਵਰੀ ਆਮ ਸੀ, ਅੱਜ ਜ਼ਿਆਦਾਤਰ ਕੇਸਾਂ ਵਿੱਚ ਸੀਜ਼ੇਰੀਅਨ (ਓਪਰੇਸ਼ਨ) ਨੂੰ ਤਰਜੀਹ ਦਿੱਤੀ ਜਾਂਦੀ ਹੈ। ਬਹੁਤੀ ਵਾਰ ਇਹ ਮੈਡੀਕਲ ਲੋੜ ਦੀ ਬਜਾਏ ਵਿੱਤੀ ਲਾਭ ਦੇ ਤਹਿਤ ਕੀਤਾ ਜਾਂਦਾ ਹੈ। ਇਸ ਨਾਲ ਨਾ ਸਿਰਫ਼ ਮਾਂ ਦੀ ਸਿਹਤ ‘ਤੇ ਅਸਰ ਪੈਂਦਾ ਹੈ, ਸਗੋਂ ਪਰਿਵਾਰ ‘ਤੇ ਵੀ ਵੱਡਾ ਖਰਚਾ ਆਉਂਦਾ ਹੈ।

ਇਹ ਵੀ ਸੱਚ ਹੈ ਕਿ ਸਾਰੇ ਨਿੱਜੀ ਹਸਪਤਾਲ ਇੱਕੋ ਜਿਹੇ ਨਹੀਂ ਹਨ। ਕਈ ਹਸਪਤਾਲ ਅਤੇ ਡਾਕਟਰ ਅੱਜ ਵੀ ਸੱਚੀ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ ਅਤੇ ਮਰੀਜ਼ ਦੀ ਜਾਨ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੇ ਹਨ। ਪਰ ਕੁੱਝ ਲਾਲਚੀ ਪ੍ਰਬੰਧਕਾਂ ਕਾਰਨ ਪੂਰੇ ਖੇਤਰ ਦੀ ਛਵੀ ਖ਼ਰਾਬ ਹੋ ਰਹੀ ਹੈ।

ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਖੇਤਰ ਵਿੱਚ ਸਖ਼ਤ ਨਿਗਰਾਨੀ ਰੱਖੀ ਜਾਵੇ, ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ ਅਤੇ ਦੋਸ਼ੀ ਹਸਪਤਾਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਮਰੀਜ਼ਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ, ਤਾਂ ਜੋ ਉਹ ਆਪਣੇ ਅਧਿਕਾਰਾਂ ਨੂੰ ਸਮਝ ਸਕਣ ਅਤੇ ਬਿਨਾਂ ਲੋੜ ਦੇ ਇਲਾਜ ਤੋਂ ਬਚ ਸਕਣ।

ਅਖੀਰ ਵਿੱਚ, ਡਾਕਟਰੀ ਪੇਸ਼ਾ ਇੱਕ ਪਵਿੱਤਰ ਸੇਵਾ ਹੈ, ਜਿਸਦਾ ਮਕਸਦ ਜਾਨ ਬਚਾਉਣਾ ਹੈ ਨਾ ਕਿ ਜੇਬਾਂ ਖਾਲੀ ਕਰਨਾ। ਜੇ ਇਹ ਪੇਸ਼ਾ ਸਿਰਫ਼ ਵਪਾਰ ਬਣ ਕੇ ਰਹਿ ਗਿਆ, ਤਾਂ ਲੋਕਾਂ ਦਾ ਭਰੋਸਾ ਟੁੱਟਣਾ ਲਾਜ਼ਮੀ ਹੈ। ਡਾਕਟਰ ਪ੍ਰਭਲੀਨ ਕੌਰ ਵਰਗੀਆਂ ਆਵਾਜ਼ਾਂ ਇਹ ਉਮੀਦ ਜਗਾਉਂਦੀਆਂ ਹਨ ਕਿ ਸੱਚ ਅਜੇ ਵੀ ਜਿੰਦਾ ਹੈ ਅਤੇ ਇਸਨੂੰ ਬੁਲੰਦ ਕਰਨ ਵਾਲੇ ਲੋਕ ਵੀ ਮੌਜੂਦ ਹਨ।

ਕੁਲਵੰਤ ਸਿੰਘ ਗੱਗੜਪੁਰੀ