Punjab
ਵਿਸਾਖੀ ਵਾਲੇ ਦਿਨ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ, CM ਮਾਨ ਦਾ ਟਵੀਟ
SRI FATEHGARH SAHIB : ਵਿਸਾਖੀ ਵਾਲੇ ਦਿਨ ਸ਼ਰਧਾਲੂਆਂ ਨਾਲ ਭਿਆਨਕ ਹਾਦਸਾ ਵਾਪਰ ਗਿਆ ਅਤੇ ਜਿਸ ਹਾਦਸੇ ‘ਚ 6 ਸ਼ਰਧਾਲੂਆਂ ਦੀ ਮੌਤ ਵੀ ਹੋ ਗਈ।

ਜਾਣਕਾਰੀ ਮੁਤਾਬਕ ਬੀਤੇ ਦਿਨ ਯਾਨੀ 14 ਅਪ੍ਰੈਲ ਵਿਸਾਖੀ ਵਾਲੇ ਦਿਨ ਸ਼ਰਧਾਲੂ ਆਨੰਦਪੁਰ ਸਾਹਿਬ ਵਿੱਚ ਵਿਸਾਖੀ ਮੇਲੇ ਤੋਂ ਵਾਪਸ ਆ ਰਹੇ ਸਨ। ਇਸ ਦੌਰਾਨ ਪਿੰਡ ਹਿੰਮਤਪੁਰਾ ਨੇੜੇ ਬੱਸ ਵਿੱਚ ਤਕਨੀਕੀ ਨੁਕਸ ਪੈ ਗਿਆ। ਇਸ ਤੋਂ ਬਾਅਦ ਬੱਸ ਬੇਕਾਬੂ ਹੋ ਗਈ ਅਤੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਅਤੇ ਪਲਟ ਗਈ। ਬੱਸ ਵਿੱਚ ਬੈਠੇ ਯਾਤਰੀਆਂ ਦਾ ਕਹਿਣਾ ਹੈ ਕਿ ਬੱਸ ਪਲਟਣ ਤੋਂ ਬਾਅਦ ਉਸ ਵਿਚ ਅਚਾਨਕ ਕਰੰਟ ਆ ਗਿਆ।
ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। 12 ਜ਼ਖਮੀਆਂ ਨੂੰ ਮੋਰਿੰਡਾ ਅਤੇ 9 ਨੂੰ ਫਤਿਹਗੜ੍ਹ ਸਾਹਿਬ ਲਿਜਾਇਆ ਗਿਆ। ਬੱਸ ਨੂੰ ਸਾਈਡ ‘ਤੇ ਲਿਜਾਇਆ ਗਿਆ। ਗੰਭੀਰ ਜ਼ਖਮੀ ਸ਼ਰਧਾਲੂਆਂ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਬੱਸ ਵਿੱਚ ਸਵਾਰ ਸ਼ਰਧਾਲੂ ਬੱਸੀ ਪਠਾਣਾ ਨੇੜੇ ਪਿੰਡ ਮੈਣ ਮਾਜਰੀ ਦੇ ਸਨ।
CM ਮਾਨ ਦਾ ਟਵੀਟ
ਇਸ ਹਾਦਸੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟ ਕੀਤਾ ਹੈ ਉਨ੍ਹਾਂ ਨੇ ਕਿਹਾ, ਸ੍ਰੀ ਅਨੰਦਪੁਰ ਸਾਹਿਬ ਤੋਂ ਦਰਸ਼ਨ ਕਰਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਿੰਡ ਪੈਨ ਮਾਜਰੀ ਨੇੜੇ ਪਲਟਣ ਦੀ ਬੇਹੱਦ ਦੁਖਦਾਈ ਖ਼ਬਰ ਮਿਲੀ। ਇਸ ਭਿਆਨਕ ਹਾਦਸੇ ਵਿੱਚ 6 ਸ਼ਰਧਾਲੂਆਂ ਦੀ ਜਾਨ ਚਲੇ ਜਾਣ ਦਾ ਸੁਣ ਕੇ ਮਨ ਨੂੰ ਬਹੁਤ ਡੂੰਘੀ ਠੇਸ ਪਹੁੰਚੀ ਹੈ। ਪਰਮਾਤਮਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਦੇਵੇ। ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਜ਼ਖ਼ਮੀਆਂ ਦੇ ਇਲਾਜ ਵਿੱਚ ਕੋਈ ਕਮੀ ਨਾ ਆਉਣ ਦਿੱਤੀ ਜਾਵੇ। ਮੁਸ਼ਕਲ ਦੇ ਇਸ ਸਮੇਂ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਉਣ ਵਾਲੇ ਸਥਾਨਕ ਲੋਕਾਂ ਦਾ ਬਹੁਤ ਧੰਨਵਾਦ। ਪੰਜਾਬ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।
ਵਾਹਿਗੁਰੂ ਮਿਹਰ ਕਰੇ।

