punjab
ਪੰਜਾਬ ‘ਚ ਗੁੰਮ ਨੇ 3 ਟਿਫਿਨ ਬੰਬ, ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ 70 ਸਲੀਪਰ ਸੈੱਲ, ਪੁਲਿਸ ਪ੍ਰਸ਼ਾਸਨ ਦੀ ਚਿੰਤਾ ਵਧੀ

ਪੰਜਾਬ ਪੁਲਿਸ ਨੇ ਲੋਕਾਂ ਲਈ ਐਡਵਾਇਜ਼ਰੀ ਜਾਰੀ ਕਰਦੇ ਹੋਏ ਸੁਚੇਤ ਰਹਿਣ ਲਈ ਕਿਹਾ ਹੈ। ਐਨਆਈਏ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚ ਲਗਭਗ 70 ਸਲੀਪਰ ਸੈੱਲ ਸਰਗਰਮ ਹਨ। ਪੰਜਾਬ ਦੇ ਜਲੰਧਰ ਅਤੇ ਭਾਰਤ-ਪਾਕਿ ਸਰਹੱਦ ‘ਤੇ ਫੜੇ ਗਏ ਟਿਫਿਨ ਬੰਬ ਵੀ ਪੁਲਿਸ ਲਈ ਬੁਝਾਰਤ ਬਣੇ ਹੋਏ ਹਨ। ਜਲੰਧਰ ਤੋਂ ਫੜੇ ਗਏ ਸਾਬਕਾ ਜਥੇਦਾਰ ਦੇ ਪੁੱਤਰ ਗੁਰਮੁਖ ਸਿੰਘ ਰੋਡੇ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਨੇ ਤਿੰਨ ਟਿਫਿਨ ਬੰਬ ਅੱਗੇ ਕਿਸੇ ਹੋਰ ਨੂੰ ਦਿੱਤੇ ਹਨ, ਜਦਕਿ ਪੁਲਿਸ ਅਜੇ ਤੱਕ ਇਨ੍ਹਾਂ ਨੂੰ ਬਰਾਮਦ ਨਹੀਂ ਕਰ ਸਕੀ ਹੈ। ਇਹ ਪੰਜਾਬ ਵਿਚ ਕੰਮ ਕਰ ਰਹੇ ਸਲੀਪਰ ਸੈੱਲ ਦੇ ਹੱਥ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਲਈ ਫਿਲਹਾਲ ਪੁਲਿਸ ਲੋਕਾਂ ਨੂੰ ਸੁਚੇਤ ਕਰਨ ਦੀ ਸਥਿਤੀ ਵਿੱਚ ਹੈ।
ਐਨਆਈਏ ਦੀ ਟੀਮ ਗੁਰਮੁਖ ਸਿੰਘ ਰੋਡੇ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਐਨਆਈਏ ਨੇ ਪੁੱਛਗਿੱਛ ਦੌਰਾਨ ਮਿਲੇ ਸੁਰਾਗ ਤੋਂ ਬਾਅਦ ਪੰਜਾਬ ਪੁਲਿਸ ਨੂੰ ਕੁਝ ਪਹਿਲੂਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਪੰਜਾਬ ਵਿੱਚ ਲੁਕੇ ਹੋਏ ਸਲੀਪਰ ਸੈੱਲ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਇੱਕ ਐਡਵਾਈਜ਼ਰੀ ਜਾਰੀ ਕੀਤੀ, ਜਿਸ ਵਿੱਚ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ, ਤਾਂ ਪੁਲਿਸ ਨੂੰ ਸੂਚਿਤ ਕਰੋ ਜਾਂ ਤੁਰੰਤ 112 ਅਤੇ 181 ਡਾਇਲ ਕਰੋ। ਬੈਗ, ਟਿਫਨ ਜਾਂ ਪਾਰਸਲ ਵਰਗੀਆਂ ਲਾਵਾਰਿਸ ਵਸਤੂਆਂ ਦੇ ਵੇਖਣ ‘ਤੇ ਪੁਲਿਸ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ ਅਤੇ ਲੋਕਾਂ ਨੂੰ ਅਜਿਹੀ ਸਥਿਤੀ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ।
ਰਿਪੋਰਟ ਅਨੁਸਾਰ ਗੁਰਮੁਖ ਸਿੰਘ ਨੇ ਮੰਨਿਆ ਹੈ ਕਿ ਉਸ ਨੇ ਤਿੰਨ ਟਿਫ਼ਿਨ ਬੰਬ ਦਿੱਤੇ ਸਨ। ਜਿਨ੍ਹਾਂ ਵਿੱਚੋਂ ਦੋ ਟਿਫਿਨ ਬੰਬ ਸੁਭਾਨਪੁਰ ਦੇ ਨੇੜੇ ਪਿੰਡ ਹੰਬੋਵਾਲ ਦੇ ਅੰਡਰਪਾਸ ਅਤੇ ਤੀਜਾ ਮੋਗਾ ਵਿੱਚ ਛੱਡਿਆ ਸੀ। ਹੁਣ ਕਿਸੇ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਕਿ ਅੱਤਵਾਦੀਆਂ ਨੇ ਇਨ੍ਹਾਂ ਤਿੰਨਾਂ ਬੰਬਾਂ ਦੀ ਵਰਤੋਂ ਕਿੱਥੇ ਕਰਨੀ ਹੈ। ਤਿਉਹਾਰਾਂ ਦਾ ਸੀਜ਼ਨ ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ। ਜਨਮ ਅਸ਼ਟਮੀ ਤੋਂ ਬਾਅਦ ਨਵਰਾਤਰੀ, ਦੁਸਹਿਰਾ ਅਤੇ ਫਿਰ ਦੀਵਾਲੀ ਹੈ, ਜਿਸ ਕਾਰਨ ਪੁਲਿਸ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।