punjab
ਨਵਜੋਤ ਸਿੰਘ ਸਿੱਧੂ ਕੈਪਟਨ ਵੱਲੋਂ ਦਿੱਤੇ ਚਾਹ ਦੇ ਸੱਦੇ ‘ਚ ਪਹੁੰਚੇ

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਅਤੇ ਸਿੱਧੂ ਨੂੰ ਪ੍ਰਧਾਨਗੀ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਇਕੱਠਿਆਂ ਨਜ਼ਰ ਆਏ ਹਨ। ਲੰਬੇ ਸਮੇਂ ਬਾਅਦ ਪੰਜਾਬ ਕਾਂਗਰਸ ਦੇ ਦੋਵੇਂ ਆਗੂ ਇਕੋ ਮੰਚ ’ਤੇ ਬੈਠੇ ਦੇਖੇ ਗਏ ਹਨ। ਦਰਅਸਲ ਨਵਜੋਤ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਸਾਰੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚਾਹ ਲਈ ਸੱਦਾ ਦਿੱਤਾ ਗਿਆ ਸੀ। ਇਸ ਦਰਮਿਆਨ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਕੈਪਟਨ ਦੇ ਘਰ ਵਿਖੇ ਪਹੁੰਚੀ ਹੋਈ ਸੀ ਅਤੇ ਨਵਜੋਤ ਸਿੱਧੂ ਨੇ ਵੀ ਕੈਪਟਨ ਵਲੋਂ ਦਿੱਤਾ ਗਿਆ ਚਾਹ ਦਾ ਸੱਦਾ ਕਬੂਲਿਆ।
ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨਾ ਸਿਰਫ ਇਕੱਠਿਆਂ ਬੈਠੇ ਸਗੋਂ ਦੋਵਾਂ ਵਿਚਾਲੇ ਕੁੱਝ ਸੰਵਾਦ ਵੀ ਹੋਇਆ, ਇਹ ਸੰਵਾਦ ਕੀ ਸੀ ਫਿਲਹਾਲ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ ਸਕੀ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵਲੋਂ ਬਕਾਇਦਾ ਟਵੀਟ ਕਰਕੇ ਕੈਪਟਨ-ਸਿੱਧੂ ਮਿਲਣੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖਿਆ ਹੈ ਕਿ ਪੰਜਾਬ ਕਾਂਗਰਸ ਦੀ ਨਵੀਂ ਟੀਮ ਦੀ ਸਥਾਪਨਾ ਤੋਂ ਪਹਿਲਾਂ ਦੇ ਕੁੱਝ ਪਲ। ਇਸ ਦੌਰਾਨ ਕੈਪਟਨ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਬੈਠੇ ਨਜ਼ਰ ਆਏ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਦੋਵਾਂ ਲੀਡਰਾਂ ਵਿਚਾਲੇ ਭਾਵੇਂ ਹੱਥ ਤਾਂ ਮਿਲ ਗਏ ਹਨ ਪਰ ਦਿਲ ਮਿਲੇ ਜਾਂ ਨਹੀਂ ਇਹ ਵੱਡਾ ਸਵਾਲ ਹੈ।