Connect with us

punjab

12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਸਦਕਾ ਸਰਕਾਰੀ ਸਕੂਲ ਅਧਿਆਪਕਾਂ ‘ਚ ਭਰਿਆ ਨਵਾਂ ਜੋਸ਼

Published

on

punjab school education board

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਸ਼ਾਨਦਾਰ ਨਤੀਜਿਆਂ ਨੇ ਰਾਜ ਦੇ ਸਰਕਾਰੀ ਸਕੂਲ ਅਧਿਆਪਕਾਂ ‘ਚ ਨਵਾਂ ਜੋਸ਼ ਭਰ ਦਿੱਤਾ ਹੈ। ਜਿਲ੍ਹਾ ਪਟਿਆਲਾ ਸਮੁੱਚੇ ਰੂਪ ‘ਚ ਰਾਜ ਭਰ ‘ਚੋਂ ਦੂਸਰੇ ਸਥਾਨ ‘ਤੇ ਰਿਹਾ ਹੈ। ਇਸ ਵਾਰ ਜਿਲ੍ਹੇ ਦੇ 19514 ਵਿਦਿਆਰਥੀਆਂ ਨੇ ਸਲਾਨਾ ਪ੍ਰੀਖਿਆ ਦਿੱਤੀ, ਜਿਨ੍ਹਾਂ ‘ਚੋਂ 19335 ਪਾਸ ਹੋਏ।ਇਸ ਤਰ੍ਹਾਂ ਜਿਲ੍ਹੇ ਦਾ ਨਤੀਜਾ 99.08 ਫੀਸਦੀ ਰਿਹਾ। ਇਸ ਨਤੀਜੇ ਸਬੰਧੀ ਜਿਲ੍ਹਾ ਸਿੱਖਿਆ ਅਫਸਰ ਹਰਿੰਦਰ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਰੋਨਾ ਪਾਬੰਦੀਆਂ ਕਾਰਨ ਜਿਆਦਾਤਰ ਸਮਾਂ ਸਕੂਲ ਬੰਦ ਰਹਿਣ ਦੇ ਬਾਵਜੂਦ ਵੀ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਮਿਆਰੀ ਸਿੱਖਿਆ ਪ੍ਰਦਾਨ ‘ਚ ਕੋਈ ਕਸਰ ਨਹੀਂ ਛੱਡੀ। ਇਸੇ ਮਨੋਰਥ ਲਈ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਪ੍ਰਦਾਨ ਕੀਤੇ ਗਏ। ਜਿਨ੍ਹਾਂ ਦਾ ਵਿਦਿਆਰਥੀਆਂ ਨੇ ਖੂਬ ਫਾਇਦਾ ਉਠਾਇਆ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਨੇ ਵਿਭਾਗ ਵੱਲੋਂ ਤਿਆਰ ਕੀਤੀ ਡਿਜੀਟਲ ਵਿੱਦਿਅਕ ਸਮਗਰੀ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਵੱਖ-ਵੱਖ ਐਪਸ ਦੀ ਵਰਤੋਂ ਕੀਤੀ।

ਇਸ ਤੋਂ ਇਲਾਵਾ ਵਿਭਾਗ ਦੀ ਐਜੂਕੇਅਰ ਐਪ ਰਾਹੀਂ ਵਿਭਾਗ ਦੇ ਮਾਹਿਰਾਂ ਨੇ ਮਿਆਰੀ ਵਿੱਦਿਅਕ ਸਮਗਰੀ ਇੱਕ ਬਸਤੇ ਦੇ ਰੂਪ ‘ਚ ਵਿਦਿਆਰਥੀਆਂ ਤੱਕ ਪੁੱਜਦੀ ਕੀਤੀ, ਜਿਸ ਦਾ ਫਾਇਦਾ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਉਠਾਇਆ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵਾਰ ਕੋਵਿਡ-19 ਕਾਰਨ ਸਲਾਨਾ ਪ੍ਰੀਖਿਆਵਾਂ ਨਹੀਂ ਹੋਈਆਂ ਪਰ ਰਾਜ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਲਈ ਹਰ ਸੰਭਵ ਤਰੀਕੇ ਤੇ ਸਾਧਨ ਰਾਹੀਂ ਤਿਆਰੀ ਕਰਵਾਈ ਗਈ ਸੀ। ਉਪ ਜਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਖੋਸਲਾ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਜਮਾਤ ਵਾਲਾ ਮਾਹੌਲ ਦੇਣ ਲਈ ਡੀਡੀ ਪੰਜਾਬੀ ਟੀਵੀ ਚੈਨਲ ਰਾਹੀਂ ਵੀ ਨਿਰੰਤਰ ਜਮਾਤਾਂ ਲਗਾਈਆਂ। ਪਿਛਲੇ ਸੈਸ਼ਨ ਦੌਰਾਨ ਜਦੋਂ ਹੀ ਸਕੂਲ ਕੁਝ ਸਮੇਂ ਲਈ ਖੁੱਲ੍ਹੇ ਤਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਵਾਧੂ ਜਮਾਤਾਂ ਲਗਾ ਕੇ, ਆਪਣੇ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆ ਲਈ ਪੂਰੀ ਤਰ੍ਹਾਂ ਤਿਆਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਸਮੁੱਚੇ ਰੂਪ ‘ਚ ਸਰਕਾਰੀ ਸਕੂਲ ਅਧਿਆਪਕਾਂ ਨੇ ਕਰੋਨਾ ਸੰਕਟ ਦੌਰਾਨ ਪਹਿਲਾ ਨਾਲੋਂ ਵੀ ਵਧੇਰੇ ਮਿਹਨਤ ਕੀਤੀ। ਸ੍ਰੀ ਖੋਸਲਾ ਨੇ ਸਲਾਨਾ ਪ੍ਰੀਖਿਆ ‘ਚ ਸਫਲ ਹੋਏ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਤੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਵਾਰ ਸਲਾਨਾ ਪ੍ਰੀਖਿਆਵਾਂ ਕੋਵਿਡ-19 ਸੰਕਟ ਕਾਰਨ ਨਹੀਂ ਹੋ ਸਕੀਆਂ ਸਨ ਤੇ ਬਾਰਵੀਂ ਜਮਾਤ ਦਾ ਨਤੀਜਾ ਵਿਦਿਆਰਥੀਆਂ ਦੀ ਦਸਵੀਂ, ਗਿਆਰਵੀਂ ਤੇ 12ਵੀਂ ਜਮਾਤ ਦੀ ਸਮੁੱਚੇ ਸਾਲ ਦੀ ਕਾਰਗੁਜ਼ਾਰੀ ਨੂੰ ਅਧਾਰ ਬਣਾਕੇ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਸੀ.) ਦੇ ਪੈਟਰਨ ਅਨੁਸਾਰ ਐਲਾਨਿਆ ਗਿਆ ਹੈ।