Connect with us

punjab

ਨੈਸ਼ਨਲ ਅਚੀਵਮੈਂਟ ਸਰਵੇ ਲਈ ਆਰੰਭ ਕੀਤੀਆਂ ਸਿੱਖਿਆ ਵਿਭਾਗ ਨੇ ਤਿਆਰੀਆਂ

Published

on

parho punjab parhao punjab

ਸਿੱਖਿਆ ਦੇ ਖੇਤਰ ‘ਚ ਦੇਸ਼ ਦੇ ਅੱਵਲ ਨੰਬਰ ਸੂਬੇ ਪੰਜਾਬ ਵੱਲੋਂ ਆਪਣੇ ਖਿਤਾਬ ਨੂੰ ਕਾਇਮ ਰੱਖਣ ਲਈ ਕੇਂਦਰ ਸਰਕਾਰ ਵੱਲੋਂ ਨਵੰਬਰ ਮਹੀਨੇ ‘ਚ ਕਰਵਾਏ ਜਾਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇ ਲਈ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ। ਜਿਸ ਤਹਿਤ ਜਿਲ੍ਹਾ ਸਿੱਖਿਆ ਅਫਸਰ ਇੰਜੀ. ਅਮਰਜੀਤ ਸਿੰਘ ਦੀ ਦੇਖ-ਰੇਖ ‘ਚ ਜਿਲ੍ਹੇ ਦੇ 940 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੜਾਅ ਵਾਰ ਸਿਖਲਾਈ ਦੇਣੀ ਆਰੰਭ ਕਰ ਦਿੱਤੀ ਗਈ ਹੈ। ਜਿਲ੍ਹੇ ਦੇ 16 ਸਿੱਖਿਆ ਬਲਾਕਾਂ ਦੇ ਬੀ.ਪੀ.ਈ.ਓਜ਼ ਤੇ ਬਲਾਕ ਮੈਂਟਰਜ਼ ਦੀ ਦੇਖਰੇਖ ‘ਚ ਬਲਾਕ ਰਿਸੋਰਸ ਸੈਂਟਰਾਂ ‘ਚ ਪ੍ਰਾਇਮਰੀ ਸਕੂਲ ਅਧਿਆਪਕਾਂ ਨੂੰ ਬਲਾਕ ਵਾਰ ਸਿਖਲਾਈ ਦੇਣੀ ਅੱਜ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਤਹਿਤ ਬਲਾਕ ਨੋਡਲ ਅਫਸਰਾਂ ਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਮੈਂਬਰਾਂ ਵੱਲੋਂ ਨੈਸ ਦੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਇਸ ਸਿਖਲਾਈ ਦੀ ਸ਼ੁਰੂਆਤ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਰਾਜ ਭਰ ਦੇ 228 ਸਿੱਖਿਆ ਬਲਾਕਾਂ ਦੇ ਅਧਿਆਪਕਾਂ ਨੂੰ ਆਨਲਾਈਨ ਸੰਬੋਧਨ ਕਰਕੇ ਕੀਤੀ।

ਡੀ.ਈ.ਓ ਇੰਜੀ. ਅਮਰਜੀਤ ਸਿੰਘ ਨੇ ਵੱਖ-ਵੱਖ ਥਾਵਾਂ ‘ਤੇ ਸਕੂਲ ਅਧਿਆਪਕਾਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਨਵੰਬਰ ਮਹੀਨੇ ‘ਚ ਹੋਣ ਵਾਲੇ ਨੈਸ ਦੀ ਤਿਆਰੀ ਲਈ ਸਕੂਲ ਸਿੱਖਿਆ ਵਿਭਾਗ ਵੱਲੋਂ ਅਗਸਤ, ਸਤੰਬਰ ਤੇ ਅਕਤੂਬਰ ਮਹੀਨੇ ਦੇ ਪਹਿਲੇ ਹਫਤਿਆਂ ਦੌਰਾਨ ਮਸ਼ਕਾਂ ਕੀਤੀਆਂ ਜਾਣਗੀਆਂ। ਜਿਸ ਤਹਿਤ ਨੈਸ ਦੀ ਤਰਜ਼ ‘ਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ‘ਚ ਤਿੰਨ੍ਹ ਪੜਾਵਾਂ ‘ਚ ਅਭਿਆਸ ਕੀਤਾ ਜਾਵੇਗਾ। ਇਸ ਉਪਰੰਤ ਜਦੋਂ ਵੀ ਨੈਸ ਹੁੰਦਾ ਤਾਂ ਉਸੇ ਦਿਨ ਹੀ ਰਾਜ ਭਰ ਦੇ ਹਰੇਕ ਸਕੂਲ ਤੇ ਵਿਦਿਆਰਥੀਆਂ ‘ਤੇ ਅਧਾਰਤ ਪੰਜਾਬ ਅਚੀਵਮੈਂਟ ਸਰਵੇ ਵੀ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨੈਸ ਤਹਿਤ ਰਾਜ ਦੇ ਚੋਣਵੇਂ ਸਕੂਲਾਂ ‘ਚ ਸਰਵੇਖਣ ਹੋਵੇਗਾ ਜਦਕਿ ਪੈਸ ਰਾਜ ਦੇ ਹਰੇਕ ਸਕੂਲ ਤੇ ਵਿਦਿਆਰਥੀ ਨੂੰ ਆਪਣੇ ਕਲਾਵੇ ‘ਚ ਲਵੇਗਾ। ਇਸੇ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ ਮਨਵਿੰਦਰ ਕੌਰ ਭੁੱਲਰ ਨੇ ਵੀ ਕੁਝ ਕੇਂਦਰਾਂ ਦਾ ਦੌਰਾ ਕੀਤਾ ਤੇ ਸਕੂਲ ਅਧਿਆਪਕਾਂ ਨੂੰ ਨੈਸ਼ਨਲ ਅਚੀਵਮੈਂਟ ਸਰਵੇਖਣ ਸਬੰਧੀ ਵਿਸਥਾਰ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਰਵੇਖਣ ਸਕੂਲਾਂ ਦੀ ਵਿਦਿਅਕ ਗੁਣਵੱਤਾ, ਵਿੱਦਿਅਕ ਗਤੀਵਿਧੀਆਂ ਨਾਲ ਸਬੰਧਤ ਸਮੱਗਰੀ ਤੇ ਸਹੂਲਤਾਂ, ਸਕੂਲ ਪ੍ਰਬੰਧਨ ਤੇ ਸਕੂਲਾਂ ਦੇ ਸਮਾਜ ‘ਚ ਪ੍ਰਭਾਵ ਬਾਰੇ ਸਰਵੇਖਣ ਹੋਵੇਗਾ। ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਜਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਵੀ ਵੱਖ-ਵੱਖ ਥਾਵਾਂ ‘ਤੇ ਆਪਣੇ ਸੰਬੋਧਨ ‘ਚ ਕਿਹਾ ਕਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਮੂਨੇ ਦੀ ਪ੍ਰਸ਼ਨਾਵਲੀ ਜਿਲ੍ਹੇ ਦੇ ਹਰੇਕ ਸਕੂਲ ਤੱਕ ਪੁੱਜਦੀ ਕੀਤੀ ਜਾ ਚੁੱਕੀ ਹੈ। ਜਿਸ ਤਹਿਤ ਹੀ ਨੈਸ ਦੀ ਯੋਜਨਾਬੱਧ ਤਰੀਕੇ ਨਾਲ ਤਿਆਰੀ ਕੀਤੀ ਜਾਵੇਗੀ।